ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ ਆਰ ਸੀ) ਨੂੰ ਭਾਰਤ ਦੇ 'ਅੰਦਰੂਨੀ ਮਾਮਲੇ' ਦੱਸਦਿਆਂ ਇਹ ਵੀ ਕਿਹਾ ਹੈ ਕਿ ਸੀ ਏ ਏ ਬੇਲੋੜਾ ਹੈ। ਸੀ ਏ ਏ ਮੁਤਾਬਕ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਵਿਚ ਸਤਾਏ ਗਏ ਉਨ੍ਹਾਂ ਹਿੰਦੂਆਂ, ਸਿੱਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਈਸਾਈਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਣੀ ਹੈ, ਜਿਹੜੇ 31 ਦਸੰਬਰ 2014 ਤੱਕ ਭਾਰਤ ਵਿਚ ਆਏ ਸਨ। ਇਸ ਵਿਵਾਦਗ੍ਰਸਤ ਕਾਨੂੰਨ ਖਿਲਾਫ ਸਾਰੇ ਭਾਰਤ ਵਿਚ ਪ੍ਰੋਟੈੱਸਟ ਹੋ ਰਹੇ ਹਨ। 'ਗਲਫ਼ ਨਿਊਜ਼' ਨੂੰ ਦਿੱਤੀ ਇੰਟਰਵਿਊ ਦੌਰਾਨ ਸ਼ੇਖ ਹਸੀਨਾ ਨੇ ਕਿਹਾ, 'ਸਾਨੂੰ ਇਹ ਸਮਝ ਨਹੀਂ ਆਇਆ ਕਿ (ਭਾਰਤ ਸਰਕਾਰ) ਇਸ ਤਰ੍ਹਾਂ ਕਿਉਂ ਕੀਤਾ ਗਿਆ, ਇਹ ਜ਼ਰੂਰੀ ਨਹੀਂ ਸੀ।'