Monday, 20 Jan, 12.25 am ਨਵਾਂ ਜ਼ਮਾਨਾ

ਰਾਸ਼ਟਰੀ
ਨੈੱਟ 'ਤੇ ਗੰਦੀਆਂ ਫਿਲਮਾਂ ਦੇਖਣ ਦੀ ਟਿੱਪਣੀ ਕਰਨ ਵਾਲੇ ਨੀਤੀ ਆਯੋਗ ਦੇ ਮੈਂਬਰ ਨੇ ਕਸ਼ਮੀਰੀਆਂ ਤੋਂ ਮੁਆਫ਼ੀ ਮੰਗੀ

ਗਾਂਧੀਨਗਰ : ਨੀਤੀ ਆਯੋਗ ਦੇ ਮੈਂਬਰ ਵੀ ਕੇ ਸਾਰਸਵਤ ਨੇ ਕਸ਼ਮੀਰ ਵਿਚ ਇੰਟਰਨੈੱਟ 'ਤੇ ਪਾਬੰਦੀ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕ ਉਥੇ ਇੰਟਰਨੈੱਟ 'ਤੇ ਗੰਦੀਆਂ ਫਿਲਮਾਂ ਦੇਖਣ ਦੇ ਇਲਾਵਾ ਲੋਕ ਕੁਝ ਨਹੀਂ ਕਰਦੇ। ਇਥੇ ਇਕ ਕਾਨਵੋਕੇਸ਼ਨ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਸਾਰਸਵਤ ਨੇ ਕਿਹਾ, 'ਕਸ਼ਮੀਰ ਵਿਚ ਇੰਟਰਨੈੱਟ ਬੰਦ ਹੈ, ਪਰ ਗੁਜਰਾਤ ਵਿਚ ਤਾਂ ਚੱਲ ਰਿਹਾ ਹੈ। ਕਸ਼ਮੀਰ ਵਿਚ ਇੰਟਨਰੈੱਟ ਬੰਦ ਕਰਨ ਪਿੱਛੇ ਕੁਝ ਕਾਰਨ ਹਨ। ਉਥੇ ਕੁਝ ਅਜਿਹੇ ਤੱਤ ਹਨ, ਜਿਹੜੇ ਅਮਨ-ਕਾਨੂੰਨ ਬਹਾਲ ਕਰਨ ਦੇ ਸਾਡੇ ਜਤਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।' ਉਨ੍ਹਾ ਇਹ ਵੀ ਕਿਹਾ, 'ਸਾਡੇ ਜਿਹੜੇ ਸਿਆਸਤਦਾਨ ਕਸ਼ਮੀਰ ਜਾਣਾ ਚਾਹੁੰਦੇ ਹਨ, ਉਹ ਦਿੱਲੀ ਦੀ ਤਰ੍ਹਾਂ ਕਸ਼ਮੀਰ ਵਿਚ ਵੀ ਮੁਜ਼ਾਹਰੇ ਕਰਾਉਣੇ ਚਾਹੁੰਦੇ ਹਨ। ਸੋਸ਼ਲ ਮੀਡੀਆ ਇਸ ਨੂੰ ਹੋਰ ਭੜਕਾਉਂਦਾ ਹੈ।' ਕਸ਼ਮੀਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਸਾਰਵਸਤ ਦੇ ਇਹ ਕਹਿਣ ਕਿ ਇੰਟਰਨੈੱਟ ਬੰਦ ਹੋਣ ਨਾਲ ਵਪਾਰ 'ਤੇ ਖਾਸ ਅਸਰ ਨਹੀਂ ਪਿਆ ਤੇ ਇਸ ਨੂੰ ਗੰਦੀਆਂ ਫਿਲਮਾਂ ਦੇਖਣ ਲਈ ਵਰਤਿਆ ਜਾਂਦਾ ਹੈ, ਦੀ ਨਿੰਦਾ ਕਰਦਿਆਂ ਉਨ੍ਹਾ ਨੂੰ ਹਟਾਉਣ ਦੀ ਮੰਗ ਕੀਤੀ ਹੈ। ਚੈਂਬਰ ਦੇ ਪ੍ਰਧਾਨ ਸ਼ੇਖ ਆਸ਼ਿਕ ਨੇ ਕਿਹਾ, 'ਅਸੀਂ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕਰਦੇ ਹਾਂ। ਉਹ ਕਸ਼ਮੀਰ ਦੇ ਲੋਕਾਂ ਬਾਰੇ ਜ਼ਹਿਰ ਫੈਲਾ ਰਹੇ ਹਨ।

ਇਸ ਤਰ੍ਹਾਂ ਦੀਆਂ ਬੇਹੂਦਾ ਗੱਲਾਂ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।' ਉਨ੍ਹਾ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਇੰਟਰਨੈੱਟ ਬੰਦ ਹੋਣ ਕਾਰਨ ਵਾਦੀ ਨੂੰ ਵਪਾਰ ਵਿਚ ਨੁਕਸਾਨ ਹੋ ਰਿਹਾ ਹੈ। ਪਿਛਲੇ ਕਰੀਬ ਛੇ ਮਹੀਨਿਆਂ ਵਿਚ 18 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।
ਭੰਡੀ ਹੋਣ ਤੋਂ ਬਾਅਦ ਸਾਰਸਵਤ ਨੇ ਐਤਵਾਰ ਕਸ਼ਮੀਰੀਆਂ ਤੋਂ ਇਹ ਕਹਿ ਕੇ ਮੁਆਫੀ ਮੰਗ ਲਈ ਕਿ ਉਨ੍ਹਾ ਦੀ ਟਿੱਪਣੀ ਨੂੰ ਸਹੀ ਸੰਦਰਭ ਵਿਚ ਨਹੀਂ ਪ੍ਰਸਾਰਤ ਕੀਤਾ ਗਿਆ। ਉਹ ਇੰਟਰਨੈੱਟ ਤੱਕ ਕਸ਼ਮੀਰੀਆਂ ਦੀ ਪਹੁੰਚ ਦੇ ਵਿਰੁੱਧ ਨਹੀਂ ਹਨ।
Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top