Dailyhunt Logo
  • Light mode
    Follow system
    Dark mode
    • Play Story
    • App Story
ਪ੍ਰਗਟਾਵੇ ਦਾ ਹੱਕ

ਪ੍ਰਗਟਾਵੇ ਦਾ ਹੱਕ

ਕੇਰਲਾ ਹਾਈ ਕੋਰਟ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਕਾਰਨਾਂ ਨਾਲ ਅਸਹਿਮਤ ਹੋ ਸਕਦੀਆਂ ਹਨ, ਪਰ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਨੂੰ ਅਜਿਹੀਆਂ ਸਜ਼ਾਵਾਂ ਦੇ ਕੇ ਨਹੀਂ ਦਬਾਇਆ ਜਾਣਾ ਚਾਹੀਦਾ, ਜੋ ਉਨ੍ਹਾਂ ਦੇ ਅਕਾਦਮਿਕ ਕਰੀਅਰ ਨੂੰ ਖਤਰੇ ਵਿੱਚ ਪਾ ਸਕਦੀਆਂ ਹਨ | ਬੋਲਣ ਦੀ ਆਜ਼ਾਦੀ ਦੇ ਵੋਲਟੇਅਰੀਅਨ ਸਿਧਾਂਤ ਦਾ ਹਵਾਲਾ ਦਿੰਦੇ ਹੋਏ ਜਸਟਿਸ ਪੀ ਵੀ ਕੁਨੀਕਿ੍ਸ਼ਨਨ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਰਾਏ ਨਾਲ ਅਸਹਿਮਤੀ ਨੂੰ ਪ੍ਰਗਟ ਕਰਨ ਦੇ ਅਧਿਕਾਰ ਤੋਂ ਵੱਖਰਾ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾ ਇਹ ਗੱਲ ਸ੍ਰੀ ਸ਼ੰਕਰਾਚਾਰੀਆ ਸੰਸਕਿ੍ਤ ਯੂਨੀਵਰਸਿਟੀ ਕਲਾਡੀ ਦੇ 16 ਵਿਦਿਆਰਥੀਆਂ ਵੱਲੋਂ ਦਾਇਰ ਇੱਕ ਰਿੱਟ ਪਟੀਸ਼ਨ ਦਾ ਨਿਬੇੜਾ ਕਰਦਿਆਂ ਕਹੀ, ਜਿਸ ਵਿੱਚ ਕੈਂਪਸ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਦੀ ਮੁਅੱਤਲੀ ਨੂੰ ਚੁਣੌਤੀ ਦਿੱਤੀ ਗਈ ਸੀ | ਫਾਜ਼ਲ ਜੱਜ ਨੇ ਫਰਾਂਸੀਸੀ ਵਿਦਵਾਨ ਵੋਲਟੇਅਰ ਦੇ ਇਸ ਸਿਧਾਂਤ, 'ਤੁਸੀਂ ਜੋ ਕਹਿੰਦੇ ਹੋ, ਮੈਂ ਉਸ ਨੂੰ ਪਸੰਦ ਨਹੀਂ ਕਰਦਾ, ਪਰ ਮੈਂ ਇਸ ਨੂੰ ਕਹਿਣ ਦੇ ਤੁਹਾਡੇ ਹੱਕ ਦੀ ਮਰਦੇ ਦਮ ਤੱਕ ਰੱਖਿਆ ਕਰਾਂਗਾ', ਦੇ ਹਵਾਲੇ ਨਾਲ ਕਿਹਾ, 'ਤੁਸੀਂ ਕਿਸੇ ਦਲੀਲ ਨੂੰ ਰੱਦ ਕਰ ਸਕਦੇ ਹੋ, ਉਸ ਦੀ ਸਖਤ ਆਲੋਚਨਾ ਕਰ ਸਕਦੇ ਹੋ ਜਾਂ ਇਸ ਨੂੰ ਇਤਰਾਜ਼ਯੋਗ ਸਮਝ ਸਕਦੇ ਹੋ, ਜਦੋਂ ਤੁਸੀਂ ਇਸ ਨੂੰ ਕਹਿਣ ਵਾਲੇ ਦੇ ਦਮਨ ਜਾਂ ਅੱਤਿਆਚਾਰ ਦਾ ਵਿਰੋਧ ਕਰਦੇ ਹੋ |' ਵਿਦਿਆਰਥੀ ਯੂਨੀਵਰਸਿਟੀ ਕੈਂਪਸ ਵਿੱਚ ਵਾਈਸ-ਚਾਂਸਲਰ ਨਾਲ ਮੁਲਾਕਾਤ ਕਰਨ ਅਤੇ ਸੰਸਥਾ ਦੇ ਕੰਮਕਾਜ ਬਾਰੇ ਸ਼ਿਕਾਇਤਾਂ ਉਠਾਉਣ ਦਾ ਮੌਕਾ ਦੇਣ ਦੀ ਮੰਗ ਕਰ ਰਹੇ ਸਨ | ਉਨ੍ਹਾਂ ਦੀਆਂ ਮੰਗਾਂ ਵਿੱਚ 27 ਖਾਲੀ ਲੈਕਚਰਾਰ ਅਸਾਮੀਆਂ ਨੂੰ ਭਰਨਾ, ਬੁਨਿਆਦੀ ਢਾਂਚਾ ਪ੍ਰਦਾਨ ਕਰਨਾ, ਪਿ੍ੰਟ ਕੀਤੇ ਸਰਟੀਫਿਕੇਟ ਜਾਰੀ ਕਰਨਾ ਅਤੇ ਫੈਲੋਸ਼ਿਪ ਫੰਡ ਵੰਡਣਾ ਸ਼ਾਮਲ ਸੀ | ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਪੁਲਸ ਵਿਚਕਾਰ ਕਥਿਤ ਤੌਰ 'ਤੇ ਟਕਰਾਅ ਹੋ ਗਿਆ, ਜਿਸ ਕਾਰਨ ਅਪਰਾਧਕ ਮਾਮਲੇ ਦਰਜ ਹੋਏ | ਯੂਨੀਵਰਸਿਟੀ ਨੇ ਬਾਅਦ ਵਿੱਚ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ | ਅਦਾਲਤ ਨੇ ਕਿਹਾ ਕਿ ਜੇ ਕੋਈ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਜਾਂਦਾ ਹੈ ਤਾਂ ਯੂਨੀਵਰਸਿਟੀ ਕਾਰਵਾਈ ਕਰਨ ਦੀ ਹੱਕਦਾਰ ਹੈ, ਪਰ ਅਧਿਕਾਰੀਆਂ ਨੂੰ ਵਿਦਿਆਰਥੀਆਂ ਵੱਲੋਂ ਲਾਏ ਗਏ ਨਾਅਰਿਆਂ ਜਾਂ ਵਿਚਾਰਾਂ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਨਹੀਂ ਹੋਣਾ ਚਾਹੀਦਾ | ਅਦਾਲਤ ਨੇ ਮੰਨਿਆ ਕਿ ਵਿਦਿਆਰਥੀਆਂ ਨੇ ਗਲਤੀਆਂ ਕੀਤੀਆਂ ਹੋ ਸਕਦੀਆਂ ਹਨ, ਪਰ ਆਖਰਕਾਰ ਉਹ ਨੌਜਵਾਨ ਅਤੇ ਵਿਦਿਆਰਥੀ ਹਨ ਅਤੇ ਉਨ੍ਹਾਂ ਦੇ ਭਵਿੱਖ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ | ਜਸਟਿਸ ਕੁੰਨੀਕਿ੍ਸ਼ਨਨ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਜਵਾਬ ਸਜ਼ਾ ਦੀ ਬਜਾਏ ਸੰਜਮ, ਸਮਝ ਅਤੇ ਮੁਆਫੀ ਨਾਲ ਦੇਣ ਦੀ ਮਹੱਤਤਾ ਨੂੰ ਦਰਸਾਉਂਦਿਆਂ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਈ ਐੱਮ ਐੱਸ ਨੰਬੂਦਰੀਪਾਦ ਨਾਲ ਸੰਬੰਧਤ ਮਾਮਲੇ ਦਾ ਜ਼ਿਕਰ ਕੀਤਾ | ਫਾਜ਼ਲ ਜੱਜ ਮੁਤਾਬਕ ਕੇਰਲਾ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਤਿਰੂਵੰਚੂਰ ਰਾਧਾਕਿ੍ਸ਼ਨਨ ਨੇ ਆਪਣੇ ਵਿਦਿਆਰਥੀ ਜੀਵਨ ਦੇ ਦਿਨਾਂ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਟਾਯਮ ਵਿੱਚ ਵਿਰੋਧ ਪ੍ਰਦਰਸ਼ਨ ਇੰਨਾ ਹਿੰਸਕ ਹੋ ਗਿਆ ਕਿ ਅਧਿਕਾਰੀਆਂ ਨੂੰ ਮੁੱਖ ਮੰਤਰੀ ਨੂੰ ਬਚਾਉਣ ਲਈ ਅਹਾਤੇ ਦੀ ਕੰਧ ਤੋੜਨੀ ਪਈ | ਹਾਲਾਂਕਿ ਪੁਲਸ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ, ਈ ਐੱਮ ਐੱਸ ਨੇ ਪੁਲਸ ਨੂੰ ਉਨ੍ਹਾਂ ਵਿਰੁੱਧ ਕੋਈ ਕੇਸ ਨਾ ਕਰਨ ਦੀ ਹਦਾਇਤ ਕੀਤੀ | ਅਗਲੇ ਦਿਨ ਮੁੱਖ ਮੰਤਰੀ ਦੇ ਦਖਲ ਨਾਲ ਉਨ੍ਹਾਂ ਦੀ ਸਮੱਸਿਆ ਹੱਲ ਹੋ ਗਈ | ਫਾਜ਼ਲ ਜੱਜ ਨੇ ਕਿਹਾ ਕਿ ਮੁਆਫੀ ਕਮਜ਼ੋਰੀ ਦੀ ਨਿਸ਼ਾਨੀ ਨਹੀਂ, ਸਗੋਂ ਮਨੁੱਖੀ ਮਾਣ-ਸਨਮਾਨ ਦਾ ਸਤਿਕਾਰ ਹੈ | ਵੋਲਟੇਅਰ ਦਾ ਸਿਧਾਂਤ ਗੰਭੀਰ ਤੋਂ ਗੰਭੀਰ ਮਸਲੇ ਆਰਾਮ ਨਾਲ ਹੱਲ ਕਰ ਸਕਦਾ ਹੈ, ਪਰ ਬਦਕਿਸਮਤੀ ਇਹ ਹੈ ਕਿ ਅੱਜਕੱਲ੍ਹ ਇਸ ਸਿਧਾਂਤ ਨੂੰ ਲਾਗੂ ਕਰਵਾਉਣ ਵਾਲੇ ਜੱਜਾਂ ਦੀ ਗਿਣਤੀ ਘਟਦੀ ਜਾ ਰਹੀ ਹੈ |

Dailyhunt
Disclaimer: This content has not been generated, created or edited by Dailyhunt. Publisher: Daily Nawan Zamana