Dailyhunt
ਪ੍ਰਪੱਕ ਕਮਿਊਨਿਸਟ ਪਾਰਟੀ ਹੀ ਲੋਕ ਸੰਘਰਸ਼ਾਂ ਦੀ ਕਰ ਸਕਦੀ ਹੈ ਸੁਚੱਜੀ ਅਗਵਾਈ : ਅਰਸ਼ੀ

ਪ੍ਰਪੱਕ ਕਮਿਊਨਿਸਟ ਪਾਰਟੀ ਹੀ ਲੋਕ ਸੰਘਰਸ਼ਾਂ ਦੀ ਕਰ ਸਕਦੀ ਹੈ ਸੁਚੱਜੀ ਅਗਵਾਈ : ਅਰਸ਼ੀ

ਮਾਨਸਾ (ਆਤਮਾ ਸਿੰਘ ਪਮਾਰ) ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਦੀ ਅਗਵਾਈ ਹੇਠ ਅਤੇ ਵੇਦ ਪ੍ਰਕਾਸ਼ ਬੁਢਲਾਡਾ ਅਤੇ ਰੂਪ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕੌਂਸਲ ਦੀ ਬੁਲਾਈ ਗਈ। ਮੀਟਿੰਗ ਵਿੱਚ ਸੌ ਦੇ ਕਰੀਬ ਸਾਥੀ ਸ਼ਾਮਲ ਹੋਏ। ਮਹਾਨ ਕ੍ਰਾਂਤੀਕਾਰੀ, ਦਾਰਸ਼ਨਿਕ ਕਾਮਰੇਡ ਲੈਨਿਨ ਅਤੇ ਕਾਰਲ ਮਾਰਕਸ ਦੇ ਜਨਮ ਦਿਹਾੜੇ ਨੂੰ ਸਮਰਪਤ ਪੰਦਰਵਾੜਾ ਮਨਾਇਆ ਗਿਆ।ਇਸ ਮੌਕੇ ਸੀ ਪੀ ਆਈ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮਿਊਨਿਸਟ ਲਹਿਰ ਨੂੰ ਇਸ ਦੇ ਜਨਮ ਤੋਂ ਹੀ ਭੱਦੀ ਕਿਸਮ ਦਾ ਘਟੀਆ ਪ੍ਰਚਾਰ, ਤਸ਼ੱਦਦ ਅਤੇ ਹਰ ਜਬਰ ਦਾ ਸਾਹਮਣਾ ਕਰਨਾ ਪਿਆ, ਪ੍ਰੰਤੂ ਇਸ ਦੇ ਬਾਵਜੂਦ ਕਮਿਊਨਿਸਟ ਅੰਦੋਲਨ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ।

ਭਾਵੇਂ ਦਰਜਨਾਂ ਦੇਸ਼ਾਂ 'ਚ ਗੈਰ-ਕਾਨੂੰਨੀ ਪ੍ਰਸਥਿਤੀਆਂ ਦਾ ਸਾਹਮਣਾ ਵੀ ਕਿਉਂ ਨਾ ਕਰਨਾ ਪਿਆ ਹੋਵੇ।ਭਾਰਤ 'ਚ ਵੀ ਉਹ ਲੋਕ ਗ਼ਲਤਫ਼ਹਿਮੀ ਦਾ ਸ਼ਿਕਾਰ ਹਨ, ਜੋ ਤਰੀਕਾਂ ਅਤੇ ਸਮਾਂ ਤਹਿ ਕਰਕੇ ਕਮਿਊਨਿਸਟ ਲਹਿਰ ਨੂੰ ਕੁਚਲਣ ਦੇ ਸੁਪਨੇ ਲੈ ਰਹੇ ਹਨ, ਕਿਉਂਕਿ ਭਾਰਤ ਦੇ ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਦਰਮਿਆਨੇ ਵਰਗ ਦੀ ਉਮੀਦ ਸਿਰਫ਼ ਕਮਿਊਨਿਸਟ ਲਹਿਰ ਹੀ ਹੈ, ਜੋ ਦੇਸ਼ ਨੂੰ ਡੂੰਘੇ ਆਰਥਿਕ ਸੰਕਟ 'ਚੋਂ ਕੱਢ ਕੇ ਇਨਸਾਫ਼ਪਸੰਦ ਸਮਾਜ ਸਿਰਜਣ ਦਾ ਦਮ ਭਰਦੀ ਹੈ। ਇਸ ਮੌਕੇ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਮਾਨ ਸਰਕਾਰ ਵੱਲੋਂ ਤੇਰਾਂ ਸਾਲਾਂ ਬਾਅਦ ਉਜਰਤਾਂ 'ਚ ਕੇਵਲ ਪੰਦਰਾਂ ਪ੍ਰਤੀਸ਼ਤ ਵਾਧੇ ਨੂੰ ਊਠ ਦੇ ਮੂੰਹ 'ਚ ਜ਼ੀਰੇ ਵਾਲ਼ੀ ਗੱਲ ਦੱਸਦਿਆਂ ਨਿਖੇਧੀ ਵੀ ਕੀਤੀ ਗਈ।
ਜ਼ਿਲ੍ਹਾ ਕਮੇਟੀ ਵੱਲੋਂ 15 ਮਈ ਨੂੰ ਐੱਸ ਕੇ ਐੱਮ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਜਾਣ ਵਾਲੀ ਰੈਲੀ ਅਤੇ 19 ਮਈ ਨੂੰ ਪੰਜਾਬ ਏਟਕ ਵੱਲੋਂ ਕਿਰਤ ਦਫ਼ਤਰ ਮੁਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਦੀ ਹਮਾਇਤ ਕਰਦਿਆਂ ਸਾਥੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ। ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਪੰਜਾਬ ਦੇ ਜਨਤਕ ਮੁੱਦਿਆਂ ਨੂੰ ਲੈ ਕੇ 24 ਮਈ ਨੂੰ ਮਾਨਸਾ ਵਿਖੇ ਵਿਸ਼ਾਲ ਕਨਵੈਨਸ਼ਨ ਤੇ ਮੁਜ਼ਾਹਰਾ ਕੀਤਾ ਜਾਵੇਗਾ, ਜਿਸ ਨੂੰ ਸੂਬਾਈ ਅਤੇ ਜ਼ਿਲ੍ਹਾ ਲੀਡਰਸ਼ਿਪ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰੇਗੀ। ਮੀਟਿੰਗ ਦੌਰਾਨ ਸੀਤਾ ਰਾਮ ਗੋਬਿੰਦਪੁਰਾ, ਰਤਨ ਭੋਲਾ, ਮਲਕੀਤ ਮੰਦਰਾਂ, ਸੁਖਰਾਜ ਜੋਗਾ, ਰਾਜ ਕੁਮਾਰ ਸ਼ਰਮਾ, ਜੱਸੀ ਰਾਏਕੇ, ਕਿਰਨਾ ਰਾਣੀ, ਰਾਵਿੰਦਰ ਕੌਰ, ਹਰਮੀਤ ਸਿੰਘ ਬੋੜਾਵਾਲ, ਬਲਵੰਤ ਫ਼ੱਕਰ, ਮਨਪ੍ਰੀਤ ਫਰੀਦ ਕੇ ਗੋਰਾ ਟਾਹਲੀਆਂ, ਸੁਖਦੇਵ ਪੰਧੇਰ, ਮਲਕੀਤ ਬਖਸ਼ੀਵਾਲਾ, ਚਿਮਨ ਲਾਲ ਕਾਕਾ, ਬੂਟਾ ਸਿੰਘ ਬਰਨਾਲਾ, ਕਪੂਰ ਸਿੰਘ ਕੋਟ ਲੱਲੂ, ਭੁਪਿੰਦਰ ਗੁਰਨੇ, ਦਰਸ਼ਨ ਮਾਨਸ਼ਾਹੀਆ, ਪੱਪੀ ਮੂਲਾ ਸਿੰਘ ਵਾਲਾ, ਗੁਰਦਿਆਲ ਦਲੇਲ ਸਿੰਘ ਵਾਲਾ, ਗੁਰਦੇਵ ਸਿੰਘ, ਸੁਰਜੀਤ ਸਿੰਘ ਭੀਖੀ, ਅਮਰੀਕ ਮੰਦਰਾਂ ਅਤੇ ਲਾਭ ਸਿੰਘ ਮੰਢਾਲੀ ਆਦਿ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana