Saturday, 18 Jan, 11.26 pm ਨਵਾਂ ਜ਼ਮਾਨਾ

ਰਾਸ਼ਟਰੀ
ਸ਼ਾਹੀਨ ਬਾਗ 'ਚ ਲੱਗੇ 'ਨੋ ਕੈਸ਼, ਨੋ ਪੇ ਟੀ ਐੱਮ' ਦੇ ਪੋਸਟਰ

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਖਿਲਾਫ਼ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸ਼ਾਹੀਨ ਬਾਗ 'ਚ ਚੱਲ ਰਹੇ ਪ੍ਰਦਰਸ਼ਨ ਦੌਰਾਨ 'ਨੋ ਕੈਸ਼, ਨੋ ਪੇ ਟੀ ਐੱਮ' ਦੇ ਪੋਸਟਰ ਲੱਗੇ ਦਿਖਾਈ ਦਿੱਤੇ। ਇਹ ਪੋਸਟਰ ਉਸ ਦੋਸ਼ ਦੇ ਜਵਾਬ 'ਚ ਲਾਏ ਗਏ ਹਨ, ਜਿਸ 'ਚ ਕਿਹਾ ਗਿਆ ਹੈ ਕਿ ਇੱਥੇ ਆਉਣ ਲਈ ਹਰ ਔਰਤ ਨੂੰ 500 ਰੁਪਏ ਦਿੱਤੇ ਜਾ ਰਹੇ ਹਨ। ਇਸ ਦੋਸ਼ ਨਾਲ ਸੰਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋਇਆ ਹੈ। ਵਾਇਰਲ ਵੀਡੀਓ 'ਚ ਕਿਹਾ ਗਿਆ ਹੈ ਕਿ ਹਰੇਕ ਔਰਤ ਨੂੰ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ 500 ਰੁਪਏ ਦਿੱਤੇ ਜਾ ਰਹੇ ਹਨ। ਇਸ ਵੀਡੀਓ ਦੇ ਜਵਾਬ 'ਚ ਹੁਣ ਸ਼ਾਹੀਨ ਬਾਗ 'ਚ ਥਾਂ-ਥਾਂ 'ਨੋ ਕੈਸ਼, ਨੋ ਪੇ ਟੀ ਐੱਮ' ਦੇ ਪੋਸਟਰ ਲਾਏ ਗਏ ਹਨ। ਪ੍ਰਦਰਸ਼ਨਕਾਰੀਆਂ ਅਨੁਸਾਰ ਇਹ ਪੋਸਟਰ ਇਹ ਦੱਸਣ ਲਈ ਲਾਏ ਗਏ ਹਨ ਕਿ ਨਾ ਇੱਥੇ ਕੋਈ ਪੈਸਾ ਲੈ ਰਿਹਾ ਹੈ ਅਤੇ ਨਾ ਕੋਈ ਪੈਸਾ ਦੇ ਰਿਹਾ ਹੈ। ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੀ ਮੁਮਤਾਜ ਦੱਸਦੀ ਹੈ, 'ਬੈਂਕ ਅਕਾਊਂਟ ਟਰਾਂਸਫਰ, ਆਨ ਲਾਈਨ ਟਰਾਂਸਫਰ ਅਤੇ ਕੈਸ਼ ਇਹ ਤਿੰਨੇ ਤਰੀਕੇ ਨਾਲ ਇੱਥੇ ਪੈਸੇ ਦੇਣਾ ਜਾਂ ਲੈਣਾ ਪਾਬੰਦੀਸ਼ੁਦਾ ਹੈ। ਇਸ ਪੋਸਟਰ 'ਚ ਤਿੰਨੇ ਹੀ ਪ੍ਰਕਾਰ ਨਾਲ ਪੈਸਾ ਲੈਣ ਦੀ ਮਨਾਹੀ ਦਿਖਾਈ ਗਈ ਹੈ। ਇਸ ਤੋਂ ਇਲਾਵਾ ਵਾਰ-ਵਾਰ ਸ਼ਾਹੀਨ ਬਾਗ ਦੇ ਮੰਚ ਤੋਂ ਵੀ ਪ੍ਰਦਰਸ਼ਨਕਾਰੀਆਂ ਨੂੰ ਚੌਕਸ ਕੀਤਾ ਜਾ ਰਿਹਾ ਹੈ।
ਪ੍ਰਬੰਧ ਸੰਭਾਲ ਰਹੀ ਆਰਫ਼ਾ ਨੇ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ 'ਚ ਸ਼ਾਹੀਨ ਬਾਗ ਦੀਆਂ ਔਰਤਾਂ ਨੂੰ ਲੈ ਕੇ ਅਫ਼ਵਾਹਾਂ ਫੈਲਾ ਰਹੇ ਹਨ, ਉਨ੍ਹਾਂ ਲੋਕਾਂ 'ਤੇ ਤਨਜ਼ ਅਤੇ ਇੱਕ ਪ੍ਰਕਾਰ ਦਾ ਵਿਅੰਗ ਹੈ। ਸ਼ਨੀਵਾਰ ਸਵੇਰੇ ਸ਼ਾਹੀਨ ਬਾਗ ਦੀ ਸੜਕ 'ਤੇ ਧਰਨਾ ਦੇਣ ਪਹੁੰਚੀ 63 ਸਾਲਾ ਅਸ਼ਰਫ਼ੀ ਨੇ ਕਿਹਾ, 'ਅਸੀਂ ਇੱਥੇ 500 ਰੁਪਏ ਲੈਣ ਨਹੀਂ ਆਏ, ਬਲਕਿ ਅਸੀਂ ਤਾਂ ਆਪਣੇ ਉਨ੍ਹਾਂ 500 ਸਾਲਾਂ ਨੂੰ ਬਚਾਉਣ ਆਏ ਹਾਂ, ਜੋ ਹਿੰਦੋਸਤਾਨ ਦੀ ਮਿੱਟੀ 'ਚ ਦਫ਼ਨ ਹਨ।' ਅਸ਼ਰਫ਼ੀ ਮੁਤਾਬਕ ਉਨ੍ਹਾ ਨੂੰ ਡਰ ਹੈ ਕਿ ਉਨ੍ਹਾ ਜੇ ਹੁਣ ਆਵਾਜ਼ ਨਾ ਉਠਾਈ ਤਾਂ ਆਉਣ ਵਾਲੇ ਕੱਲ੍ਹ 'ਚ ਉਨ੍ਹਾ ਦੇ ਬੱਚੇ ਮੁਸੀਬਤ 'ਚ ਪੈ ਸਕਦੇ ਹਨ।
Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top