ਨਵੀਂ ਦਿੱਲੀ : ਚੋਣਾਂ ਦੌਰਾਨ ਸ਼ਾਹੀਨ ਬਾਗ ਬਾਰੇ ਬਹੁਤ ਕੁਝ ਕਿਹਾ ਗਿਆ। ਨਤੀਜੇ ਵਾਲੇ ਦਿਨ ਸ਼ਾਹੀਨ ਬਾਗ ਨੇ ਆਪਣਾ ਸੁਨੇਹਾ ਦੇਣ ਲਈ 'ਖਾਮੋਸ਼ੀ' ਨੂੰ ਚੁਣਿਆ। ਲੋਕ ਪ੍ਰੋਟੈੱਸਟ ਵਾਲੀ ਥਾਂ ਵੱਲ ਜਾਂਦੀ ਸੜਕ 'ਤੇ ਤਖਤੀਆਂ ਲੈ ਕੇ ਖੜ੍ਹੇ ਸੀ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ : ਅੱਜ ਮੌਨ ਪ੍ਰੋਟੈੱਸਟ ਹੈ। ਅਸੀਂ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਦੇ। ਟੀ ਵੀ ਅਮਲੇ ਨੇ ਕੈਮਰੇ ਸੈੱਟ ਕਰਨੇ ਸ਼ੁਰੂ ਕੀਤੇ ਤਾਂ ਪ੍ਰੋਟੈੱਸਟਰਾਂ ਨੇ ਉਨ੍ਹਾਂ ਕੋਲ ਜਾ ਕੇ ਤਖਤੀਆਂ ਵੱਲ ਇਸ਼ਾਰਾ ਕਰਦਿਆਂ ਕੁਝ ਵੀ ਕਹਿਣ ਦੀ ਥਾਂ ਨਾਂਹ ਵਿਚ ਸਿਰ ਹਿਲਾ ਦਿੱਤੇ। ਅੰਦਰ ਕਤਾਰ ਵਿਚ ਬੈਠੀਆਂ ਬੀਬੀਆਂ ਨੇ ਵੀ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ : ਅੱਜ ਮੌਨ ਪ੍ਰੋਟੈੱਸਟ ਹੈ। ਅਸੀਂ ਪੁਲਸੀਆ ਜ਼ੁਲਮ ਦੇ ਖਿਲਾਫ ਹਾਂ। ਅਸੀਂ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਦੇ।