ਨਵੀਂ ਦਿੱਲੀ : ਸ਼ਾਹੀਨ ਬਾਗ ਉਦਾਲੇ ਐਤਵਾਰ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ। ਇਥੇ ਬੀਬੀਆਂ ਨਾਗਰਿਕਤਾ ਕਾਨੂੰਨਾਂ ਖਿਲਾਫ ਢਾਈ ਮਹੀਨਿਆਂ ਤੋਂ ਪ੍ਰੋਟੈੱਸਟ ਕਰ ਰਹੀਆਂ ਹਨ। ਸੁਰੱਖਿਆ ਬਲਾਂ ਦੀ ਤਾਇਨਾਤੀ ਹਿੰਦੂ ਸੈਨਾ ਵੱਲੋਂ ਇਕ ਮਾਰਚ ਨੂੰ ਸ਼ਾਹੀਨ ਬਾਗ ਸਾਫ ਕਰਨ ਦੀ ਦਿੱਤੀ ਧਮਕੀ ਦੇ ਬਾਅਦ ਕੀਤੀ ਗਈ ਹੈ, ਹਾਲਾਂਕਿ ਪੁਲਸ ਦੇ ਦਖਲ ਨਾਲ ਹਿੰਦੂ ਸੈਨਾ ਨੇ ਆਪਣਾ ਪ੍ਰੋਗਰਾਮ ਸ਼ਨੀਵਾਰ ਵਾਪਸ ਲੈ ਲਿਆ ਸੀ। ਸ਼ਾਹੀਨ ਬਾਗ ਵਿਚ ਮੌਜੂਦ ਜਾਇੰਟ ਪੁਲਸ ਕਮਿਸ਼ਨਰ ਡੀ ਸੀ ਸ੍ਰੀਵਾਸਤਵ ਨੇ ਕਿਹਾ ਕਿ ਪੁਲਸ ਦੀ ਭਾਰੀ ਤਾਇਨਾਤੀ ਇਹਤਿਆਤ ਵਜੋਂ ਕੀਤੀ ਗਈ ਹੈ। ਉਨ੍ਹਾ ਦਾ ਉਦੇਸ਼ ਅਮਨ-ਕਾਨੂੰਨ ਕਾਇਮ ਰੱਖਣਾ ਅਤੇ ਮਾੜੀ ਘਟਨਾ ਹੋਣ ਤੋਂ ਰੋਕਣਾ ਹੈ। ਦਿੱਲੀ ਵਿਚ ਹਿੰਸਾ ਦੌਰਾਨ ਕਈ ਜਾਨਾਂ ਜਾਣ ਤੇ ਕਈਆਂ ਦੇ ਫੱਟੜ ਹੋਣ ਤੋਂ ਬਾਅਦ ਪੁਲਸ ਦੀ ਕਾਫੀ ਬਦਨਾਮੀ ਹੋਈ ਹੈ।