Dailyhunt
ਟਰੰਪ ਦੀ ਈਰਾਨ ਨੂੰ ਪੱਥਰ ਯੁੱਗ 'ਚ ਪਹੁੰਚਾ ਦੇਣ ਦੀ ਧਮਕੀ

ਟਰੰਪ ਦੀ ਈਰਾਨ ਨੂੰ ਪੱਥਰ ਯੁੱਗ 'ਚ ਪਹੁੰਚਾ ਦੇਣ ਦੀ ਧਮਕੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅਗਲੇ ਤਿੰਨ ਹਫਤਿਆਂ ਵਿੱਚ ਸ਼ਾਂਤੀ ਸਮਝੌਤਾ ਨਾ ਹੋਇਆ, ਤਾਂ ਈਰਾਨ ਵਿਰੁੱਧ ਅਪ੍ਰੇਸ਼ਨ 'ਐਪਿਕ ਫਿਊਰੀ' ਤਹਿਤ ਭਿਆਨਕ ਹਮਲੇ ਕੀਤੇ ਜਾਣਗੇ। ਜੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਕੌਮ ਨੂੰ ਸੰਬੋਧਨ ਕਰਦਿਆਂ ਟਰੰਪ ਕਿਹਾ ਕਿ ਅਮਰੀਕਾ ਈਰਾਨ ਨੂੰ 'ਪੱਥਰ ਯੁੱਗ' ਵਿੱਚ ਪਹੁੰਚਾ ਦੇਵੇਗਾ ਅਤੇ ਉਸ ਦੇ ਸਾਰੇ ਬਿਜਲੀ ਪਲਾਂਟਾਂ ਨੂੰ ਨਿਸ਼ਾਨਾ ਬਣਾਏਗਾ।

ਹਾਰਮੁਜ਼ ਜਲਡਮਰੂ ਦੀ ਨਾਕਾਬੰਦੀ 'ਤੇ ਟਰੰਪ ਨੇ ਤੇਲ ਦੀ ਲੋੜ ਵਾਲੇ ਦੇਸ਼ਾਂ ਨੂੰ ਕਿਹਾ ਕਿ ਉਹ ਖੁਦ ਜਾ ਕੇ ਇਸ ਰਸਤੇ ਨੂੰ ਖੋਲ੍ਹਣ, ਕਿਉਂਕਿ ਅਮਰੀਕਾ ਲਈ ਇਸ ਨੂੰ ਖੋਲ੍ਹਣਾ ਫਿਲਹਾਲ ਮੁੱਖ ਫੌਜੀ ਉਦੇਸ਼ ਨਹੀਂ ਹੈ। ਉਨ੍ਹਾ ਅਮਰੀਕਾ ਕੋਲ ਵਾਧੂ ਤੇਲ ਹੋਣ ਦਾ ਦਾਅਵਾ ਕਰਦਿਆਂ ਦੂਜੇ ਦੇਸ਼ਾਂ ਨੂੰ ਉਸ ਕੋਲੋਂ ਤੇਲ ਖਰੀਦਣ ਦੀ ਸਲਾਹ ਦਿੱਤੀ। ਟਰੰਪ ਨੇ ਦਾਅਵਾ ਕੀਤਾ ਕਿ ਈਰਾਨੀ ਲੀਡਰਸ਼ਿਪ ਅਤੇ ਰੈਵੋਲਿਊਸ਼ਨਰੀ ਗਾਰਡ ਦਾ ਕੰਟਰੋਲ ਲਗਭਗ ਖਤਮ ਹੋ ਚੁੱਕਾ ਹੈ। ਉਨ੍ਹਾ ਦੋਸ਼ ਲਾਇਆ ਕਿ ਈਰਾਨ ਲਗਾਤਾਰ ਪ੍ਰਮਾਣੂ ਹਥਿਆਰਾਂ ਅਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਇਹ ਫੌਜੀ ਕਾਰਵਾਈ ਜ਼ਰੂਰੀ ਹੋ ਗਈ ਹੈ। ਗੈਸ ਦੀਆਂ ਵਧਦੀਆਂ ਕੀਮਤਾਂ ਲਈ ਉਨ੍ਹਾ ਈਰਾਨ ਵੱਲੋਂ ਤੇਲ ਟੈਂਕਰਾਂ 'ਤੇ ਕੀਤੇ ਹਮਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ ਉਨ੍ਹਾ ਸਪੱਸ਼ਟ ਕੀਤਾ ਕਿ ਅਮਰੀਕਾ ਨੇ ਅਜੇ ਤੱਕ ਈਰਾਨ ਦੇ ਤੇਲ ਖੇਤਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ, ਤਾਂ ਜੋ ਉਨ੍ਹਾਂ ਨੂੰ ਮੁੜ ਉਭਰਨ ਦਾ ਇੱਕ ਮੌਕਾ ਮਿਲ ਸਕੇ।
ਕੌਮ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਟਰੰਪ ਨੇ ਕਿਹਾ ਹੈ ਕਿ ਉਹ ਨਿਸਚਿਤ ਨਹੀਂ ਹਨ ਕਿ ਅਮਰੀਕਾ ਦੇ ਲੋਕਾਂ ਕੋਲ ਈਰਾਨ ਜੰਗ ਨੂੰ ਜਾਰੀ ਰੱਖਣ ਲਈ ਸਬਰ ਹੈ। ਵ੍ਹਾਈਟ ਹਾਊਸ ਵਿੱਚ ਈਸਟਰ ਦੇ ਦੁਪਹਿਰ ਦੇ ਖਾਣੇ ਦੌਰਾਨ ਉਨ੍ਹਾ ਦੀਆਂ ਨਿੱਜੀ ਟਿੱਪਣੀਆਂ ਉਸ ਘਰੇਲੂ ਦਬਾਅ ਨੂੰ ਦਰਸਾਉਂਦੀਆਂ ਜਾਪਦੀਆਂ ਹਨ, ਜੋ ਰਾਸ਼ਟਰਪਤੀ ਜੰਗ ਨੂੰ ਖਤਮ ਕਰਨ ਲਈ ਮਹਿਸੂਸ ਕਰ ਰਹੇ ਹਨ। ਉਨ੍ਹਾ ਕਿਹਾ ਕਿ ਅਮਰੀਕਾ ਬਹੁਤ ਆਸਾਨੀ ਨਾਲ ਈਰਾਨ ਦਾ ਤੇਲ ਖੋਹ ਸਕਦਾ ਹੈ, ਪਰ ਉਨ੍ਹਾ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅਜਿਹੀ ਕੋਸ਼ਿਸ਼ ਲਈ ਅਮਰੀਕੀ ਲੋਕਾਂ ਵਿੱਚ ਸਬਰ ਨਹੀਂ ਜਾਪਦਾ। ਉਨ੍ਹਾ ਕਿਹਾ, 'ਲੋਕ ਇਸ ਜੰਗ ਨੂੰ ਖਤਮ ਹੁੰਦਾ ਦੇਖਣਾ ਚਾਹੁੰਦੇ ਹਨ। ਮੈਂ ਈਰਾਨ ਦਾ ਤੇਲ ਲੈਣਾ ਪਸੰਦ ਕਰਾਂਗਾ, ਪਰ ਦੇਸ਼ ਦੇ ਲੋਕ ਕੁਝ ਇਸ ਤਰ੍ਹਾਂ ਕਹਿੰਦੇ ਹਨ, ਬਸ ਜਿੱਤੋ। ਤੁਸੀਂ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਰਹੇ ਹੋ। ਬਸ ਜਿੱਤੋ ਅਤੇ ਘਰ ਆ ਜਾਓ। ਮੈਂ ਇਸ ਨਾਲ ਵੀ ਸਹਿਮਤ ਹਾਂ।'
ਉਧਰ, ਈਰਾਨ ਨੇ ਟਰੰਪ ਦੀ ਪੱਥਰ ਯੁੱਗ ਵਿੱਚ ਪਹੁੰਚਾਉਣ ਦੀ ਧਮਕੀ ਦੇ ਜਵਾਬ ਵਿੱਚ ਕਿਹਾ ਕਿ ਅਮਰੀਕਾ ਨੇ ਹੀ ਪੱਥਰ ਯੁੱਗ ਦੇ ਅਪਰਾਧ ਆਧੁਨਿਕ ਯੁਗ ਵਿੱਚ ਲਿਆਂਦੇ ਹਨ। ਭਾਰਤ ਵਿੱਚ ਈਰਾਨੀ ਦੂਤਘਰ ਨੇ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਦੀ ਬੰਬਾਰੀ ਨਾਲ ਈਰਾਨ ਪੱਥਰ ਯੁੱਗ ਵਿੱਚ ਨਹੀਂ ਜਾਵੇਗਾ। ਉਸ ਨੇ ਕਿਹਾ ਕਿ ਈਰਾਨ ਸੱਤ ਹਜ਼ਾਰ ਸਾਲ ਪੁਰਾਣੀ ਸਭਿਅਤਾ ਵਾਲਾ ਦੇਸ਼ ਹੈ। ਇਤਿਹਾਸ ਈਰਾਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਹ ਅਮਰੀਕਾ ਹੀ ਹੈ, ਜਿਸ ਨੇ ਬੱਚੇ ਮਾਰ ਕੇ ਤੇ ਮਨੁੱਖਤਾ ਖਿਲਾਫ ਅਪਰਾਧ ਕਰਕੇ ਪੱਥਰ ਯੁੱਗ ਨੂੰ ਆਧੁਨਿਕ ਯੁੱਗ ਵਿੱਚ ਲਿਆਂਦਾ ਹੈ।
ਈਰਾਨੀ ਰੈਵੋਲਿਊਸ਼ਨਰੀ ਗਾਰਡ ਕੋਰਪਸ (ਆਈ ਆਰ ਜੀ ਸੀ) ਦੇ ਕਮਾਂਡਰ ਬ੍ਰਿਗੇਡੀਅਰ ਜਨਰਲ ਸਈਅਦ ਮਜੀਦ ਮੂਸਾਵੀ ਨੇ ਕਿਹਾ ਕਿ ਟਰੰਪ ਆਪਣੇ ਫੌਜੀਆਂ ਨੂੰ ਕਬਰਾਂ ਵੱਲ ਧੱਕ ਕੇ ਪੱਥਰ ਯੁੱਗ ਵੱਲ ਜਾ ਰਿਹਾ ਹੈ।
ਹਾਲੀਵੁੱਡ ਦੀਆਂ ਫਿਲਮਾਂ ਨੇ ਟਰੰਪ ਦੇ ਦਿਮਾਗ ਵਿੱਚ ਏਨਾ ਜ਼ਹਿਰ ਭਰ ਦਿੱਤਾ ਹੈ ਕਿ ਢਾਈ ਸੌ ਸਾਲ ਦੇ ਇਤਿਹਾਸ ਵਾਲੇ ਦੇਸ਼ ਦੇ ਮੁਖੀ ਵਜੋਂ ਛੇ ਹਜ਼ਾਰ ਸਾਲ ਪੁਰਾਣੀ ਸੱਭਿਅਤਾ ਨੂੰ ਧਮਕਾ ਰਿਹਾ ਹੈ।

Dailyhunt
Disclaimer: This content has not been generated, created or edited by Dailyhunt. Publisher: Daily Nawan Zamana