Saturday, 16 Nov, 12.25 am ਨਵਾਂ ਜ਼ਮਾਨਾ

ਰਾਸ਼ਟਰੀ
ਤਿੰਨ ਪਾਰਟੀ ਸਰਕਾਰ ਪੂਰੇ ਪੰਜ ਸਾਲ ਚੱਲੇਗੀ, ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਵੇਗਾ : ਪਵਾਰ

ਮੁੰਬਈ : ਅੱੈਨ ਸੀ ਪੀ ਪ੍ਰਧਾਨ ਸ਼ਰਦ ਪਵਾਰ ਨੇ ਸ਼ੁੱਕਰਵਾਰ ਕਿਹਾ ਕਿ ਸ਼ਿਵ ਸੈਨਾ-ਐੱਨ ਸੀ ਪੀ-ਕਾਂਗਰਸ ਮਿਲ ਕੇ ਮਹਾਰਾਸ਼ਟਰ ਵਿਚ ਸਰਕਾਰ ਬਣਾਉਣਗੇ ਤੇ ਇਹ ਪੂਰੇ ਪੰਜ ਸਾਲ ਚੱਲੇਗੀ। ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਵੇਗਾ। ਤਿੰਨਾਂ ਪਾਰਟੀਆਂ ਵਿਚਾਲੇ ਗੱਲਬਾਤ ਚਲਾ ਰਹੇ ਪਵਾਰ ਨੇ ਸੂਬੇ ਵਿਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਨੂੰ ਰੱਦ ਕੀਤਾ। ਸੂਬੇ ਵਿਚ ਇਸ ਵੇਲੇ ਰਾਸ਼ਟਰਪਤੀ ਰਾਜ ਹੈ।
ਪਵਾਰ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਕਿ ਐੱਨ ਸੀ ਪੀ ਭਾਜਪਾ ਨਾਲ ਵੀ ਗੱਲ ਚਲਾ ਰਹੀ ਹੈ। ਉਨ੍ਹਾ ਕਿਹਾ ਕਿ ਪਾਰਟੀ ਸਿਰਫ ਸ਼ਿਵ ਸੈਨਾ, ਕਾਂਗਰਸ ਤੇ ਆਪਣੇ ਇਤਿਹਾਦੀਆਂ ਨਾਲ ਗੱਲ ਕਰ ਰਹੀ ਹੈ, ਹੋਰ ਕਿਸੇ ਨਾਲ ਨਹੀਂ। ਉਨ੍ਹਾ ਕਿਹਾ ਕਿ ਸਰਕਾਰ ਘੱਟੋ-ਘੱਟ ਸਾਂਝੇ ਪ੍ਰੋਗਰਾਮ 'ਤੇ ਅਧਾਰਤ ਹੋਵੇਗੀ। ਦੇਵੇਂਦਰ ਫੜਨਵੀਸ ਵੱਲੋਂ ਇਹ ਕਹਿਣ ਕਿ ਸਰਕਾਰ ਨੇ ਛੇ ਮਹੀਨੇ ਨਹੀਂ ਕੱਢਣੇ, ਪਵਾਰ ਨੇ ਕਿਹਾ ਕਿ ਉਹ ਦੇਵੇਂਦਰ ਜੀ ਨੂੰ ਕੁਝ ਸਾਲਾਂ ਤੋਂ ਜਾਣਦੇ ਹਨ, ਪਰ ਇਹ ਨਹੀਂ ਪਤਾ ਸੀ ਕਿ ਉਹ ਜੋਤਿਸ਼ ਦੇ ਵਿਦਿਆਰਥੀ ਵੀ ਹਨ।
ਪਵਾਰ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਤਿੰਨਾਂ ਪਾਰਟੀਆਂ ਦੇ ਆਗੂਆਂ ਨੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਖਰੜੇ ਨੂੰ ਅੰਤਮ ਰੂਪ ਦੇ ਦਿੱਤਾ। ਇਸ ਵਿਚ ਖਾਸ ਗੱਲ ਇਹ ਹੈ ਕਿ ਐੱਨ ਸੀ ਪੀ ਤੇ ਕਾਂਗਰਸ ਨੂੰ ਸ਼ਿਵ ਸੈਨਾ ਆਗੂ ਦੇ ਮੁੱਖ ਮੰਤਰੀ ਬਣਨ 'ਤੇ ਕੋਈ ਇਤਰਾਜ਼ ਨਹੀਂ। ਐੱਨ ਸੀ ਪੀ ਦੇ ਆਗੂ ਨਵਾਬ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਹਿੱਸਾ ਹੋਵੇਗੀ ਕਿ ਨਹੀਂ, ਇਸ ਦਾ ਫੈਸਲਾ ਛੇਤੀ ਹੋ ਜਾਵੇਗਾ। ਮਲਿਕ ਨੇ ਕਿਹਾ ਕਿ ਤਿੰਨਾਂ ਪਾਰਟੀਆਂ ਨੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਤੋਂ ਸ਼ਨੀਵਾਰ ਨੂੰ ਮੁਲਾਕਾਤ ਦਾ ਸਮਾਂ ਮੰਗਿਆ ਸੀ ਤੇ ਗਵਰਨਰ ਨੇ ਸਹਿਮਤੀ ਦੇ ਦਿੱਤੀ ਹੈ। ਆਗੂ ਕਰੀਬ ਤਿੰਨ ਵਜੇ ਉਨ੍ਹਾ ਨੂੰ ਮਿਲਣਗੇ। ਸਾਂਝੇ ਪ੍ਰੋਗਰਾਮ 'ਤੇ ਚਰਚਾ ਦੌਰਾਨ ਮਹਾਰਾਸ਼ਟਰ ਵਿਚ ਮੁਸਲਮਾਨਾਂ ਨੂੰ ਪੰਜ ਫੀਸਦੀ ਰਿਜ਼ਰਵੇਸ਼ਨ ਦੇਣ ਤੇ ਸ਼ਿਵ ਸੈਨਾ ਵੱਲੋਂ ਸਾਵਰਕਰ ਨੂੰ ਭਾਰਤ ਰਤਨ ਦੇਣ ਦੀਆਂ ਮੰਗਾਂ ਪਾਸੇ ਕਰਨ 'ਤੇ ਸਹਿਮਤੀ ਬਣੀ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top