Dailyhunt
ਵਿਰੋਧੀ ਪਾਰਟੀਆਂ ਹਵਾਈ ਕਿਲ੍ਹੇ ਬਣਾ ਰਹੀਆਂ : ਮਾਨ

ਵਿਰੋਧੀ ਪਾਰਟੀਆਂ ਹਵਾਈ ਕਿਲ੍ਹੇ ਬਣਾ ਰਹੀਆਂ : ਮਾਨ

ਫਾਜ਼ਿਲਕਾ (ਨਿਸ਼ਾ ਸ਼ਰਮਾ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਕਿਹਾ ਕਿ ਸੂਬੇ ਦੇ ਲੋਕਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦਾ ਮੁਕੰਮਲ ਸਫਾਇਆ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਦਹਾਕਿਆਂ ਦੀ 'ਲੁੱਟ, ਝੂਠ ਅਤੇ ਵਿਸ਼ਵਾਸਘਾਤ' ਨੂੰ ਨਿਰਣਾਇਕ ਤੌਰ 'ਤੇ ਦਰਕਿਨਾਰ ਕੀਤਾ ਜਾਵੇਗਾ, ਕਿਉਂਕਿ ਸੂਬਾ ਹੁਣ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਇਮਾਨਦਾਰ ਸ਼ਾਸਨ ਅਤੇ ਲੋਕ-ਪੱਖੀ ਵਿਕਾਸ ਵੱਲ ਮਜ਼ਬੂਤੀ ਨਾਲ ਵਧ ਰਿਹਾ ਹੈ।ਇੱਥੇ 283.99 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਉਪਰੰਤ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਰਵਾਇਤੀ ਪਾਰਟੀਆਂ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਹੈ, ਜਿਨ੍ਹਾਂ ਵਾਰ-ਵਾਰ 'ਪੰਜਾਬ ਨਾਲ ਵਿਸ਼ਵਾਸਘਾਤ ਕੀਤਾ' ਹੈ।

ਉਨ੍ਹਾ ਕਿਹਾ ਕਿ 'ਆਪ' ਸਰਕਾਰ ਵੱਲੋਂ ਸਿੱਖਿਆ, ਸਿਹਤ ਸੰਭਾਲ, ਨੌਕਰੀਆਂ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਤ ਵਿਆਪਕ ਕਦਮ ਚੱਕੇ ਜਾ ਰਹੇ ਹਨ ਅਤੇ ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਲੋਕਾਂ ਦਾ ਇੱਕ-ਇੱਕ ਪੈਸਾ ਸਿਆਸੀ ਪਰਵਾਰਾਂ ਦੇ ਨਿੱਜੀ ਹਿੱਤਾਂ ਦੀ ਬਜਾਇ ਲੋਕਾਂ ਦੀ ਭਲਾਈ 'ਤੇ ਹੀ ਖਰਚ ਕੀਤਾ ਜਾਵੇ।ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਖੋਖਲੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਦੀਆਂ ਰਹਿੰਦੀਆਂ ਹਨ, ਪਰ ਪੰਜਾਬੀ ਹੁਣ ਉਨ੍ਹਾਂ ਦੇ 'ਸ਼ੱਕੀ ਕਿਰਦਾਰ' ਤੋਂ ਪੂਰੀ ਤਰ੍ਹਾਂ ਜਾਣੂ ਹਨ ਅਤੇ ਇੱਕ ਵਾਰ ਫਿਰ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ। ਉਨ੍ਹਾ ਕਿਹਾ—ਪੰਜਾਬ ਦੇ ਲੋਕ 2027 ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀਆਂ ਨੂੰ ਸਿਆਸਤ ਤੋਂ ਪੂਰੀ ਤਰ੍ਹਾਂ ਬਾਹਰ ਸੁੱਟ ਦੇਣਗੇ। ਇਹ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਵਾ ਵਿੱਚ ਕਿਲ੍ਹੇ ਬਣਾ ਰਹੀਆਂ ਹਨ, ਪਰ ਪੰਜਾਬੀ ਹੁਣ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ, ਕਿਉਂਕਿ ਉਹ ਉਨ੍ਹਾਂ ਦੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ। ਉਨ੍ਹਾ ਕਿਹਾ, 'ਇਹ ਪਾਰਟੀਆਂ ਸੂਬੇ ਨੂੰ ਲੁੱਟਣ ਲਈ ਆਪਣੀ ਵਾਰੀ ਦੀ ਉਡੀਕ ਕਰਦੀਆਂ ਸਨ। ਸੁਖਬੀਰ ਬਾਦਲ ਜਨਤਾ ਵਿੱਚ ਆਪਣਾ ਅਧਾਰ ਗੁਆ ਚੁੱਕਾ ਹੈ ਅਤੇ ਭਾੜੇ ਦੇ ਵਰਕਰਾਂ ਨਾਲ ਰੈਲੀਆਂ ਵਿੱਚ ਭੀੜ ਦਿਖਾ ਰਹੇ ਹਨ। ਹਰ ਰੈਲੀ ਵਿੱਚ ਉਹੀ ਲੋਕ ਦਿਖਾਈ ਦੇ ਰਹੇ ਹਨ। ਉਹ ਸਰਕਾਰ ਦੇ ਬੇਮਿਸਾਲ ਕੰਮਾਂ ਕਾਰਨ ਆਪਣਾ ਮਾਨਸਿਕ ਸੰਤਲਨ ਗੁਆ ਚੁੱਕੇ ਹਨ, ਜਿਸ ਕਾਰਨ ਉਹ ਡਾਇਨਾਸੋਰਾਂ ਦੀ ਵਾਪਸੀ ਵਰਗੇ ਤਰਕਹੀਣ ਬਿਆਨ ਦੇ ਰਹੇ ਹਨ।'
ਉਨ੍ਹਾ ਕਿਹਾ, 'ਫਾਜ਼ਿਲਕਾ ਵਿੱਚ ਬੁਨਿਆਦੀ ਢਾਂਚੇ, ਸਿੰਚਾਈ, ਸੰਪਰਕ ਅਤੇ ਜਨਤਕ ਸੇਵਾਵਾਂ ਨੂੰ ਹੁਲਾਰਾ ਦੇਣ ਲਈ 283.99 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿੱਚ ਪੇਂਡੂ ਲਿੰਕ ਸੜਕਾਂ, ਸੜਕਾਂ ਨੂੰ ਚੌੜਾ ਅਤੇ ਅੱਪਗ੍ਰੇਡ ਕਰਨਾ, ਪੁਲਾਂ ਦਾ ਨਵੀਨੀਕਰਨ ਅਤੇ ਅਨਾਜ ਮੰਡੀਆਂ ਦਾ ਵਿਕਾਸ ਸ਼ਾਮਲ ਹੈ। ਇਸ ਸਰਹੱਦੀ ਜ਼ਿਲ੍ਹੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਜਲਦ ਹੀ ਇੱਕ ਨਵਾਂ ਮੈਡੀਕਲ ਕਾਲਜ ਵੀ ਖੋਲ੍ਹਿਆ ਜਾ ਰਿਹਾ ਹੈ।'

Dailyhunt
Disclaimer: This content has not been generated, created or edited by Dailyhunt. Publisher: Daily Nawan Zamana