Friday, 18 Oct, 10.25 am ਨਵਾਂ ਜ਼ਮਾਨਾ

ਰਾਸ਼ਟਰੀ
ਯੋਗੀ ਰਾਜ 'ਚ ਬੇਟੇ ਸਾਹਮਣੇ ਪਿਓ ਨੂੰ ਚੌਕੀ 'ਚ ਅੰਨ੍ਹਾ ਤਸ਼ੱਦਦ ਕਰਕੇ ਮਾਰ'ਤਾ

ਹਾਪੁੜ : '10 ਤੋਂ ਵੱਧ ਪੁਲਸਮੈਨ ਮੇਰੇ ਪਿਤਾ ਨੂੰ ਮਾਰ ਰਹੇ ਸਨ। ਉਨ੍ਹਾਂ ਉਸ ਨੂੰ ਕਰੰਟ ਲਾਇਆ ਤੇ ਪੇਚਕਸ ਵੀ ਖੋਭੇ। ਉਹ ਸ਼ਰਾਬ ਵੀ ਪੀ ਰਹੇ ਸਨ ਤੇ ਦਰਦ ਨਾਲ ਕਰਾਹ ਰਹੇ ਮੇਰੇ ਪਿਤਾ ਨੂੰ ਪਾਣੀ ਵੀ ਨਹੀਂ ਦਿੱਤਾ। ਮੈਨੂੰ ਚਿਪਸ ਦਾ ਪੈਕੇਟ ਦੇ ਕੇ ਤੇ ਪਿਸਤੌਲ ਦਿਖਾ ਕੇ ਚੁੱਪ ਰਹਿਣ ਦਾ ਹੁਕਮ ਦਿੱਤਾ।' 35 ਸਾਲ ਦੇ ਸਕਿਓਰਿਟੀ ਗਾਰਡ ਪ੍ਰਦੀਪ ਤੋਮਰ, ਜਿਸ ਨੂੰ 13 ਅਕਤੂਬਰ ਨੂੰ ਹਾਪੁੜ ਦੀ ਇਕ ਚੌਕੀ ਵਿਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਦੇ 10 ਸਾਲ ਦੇ ਬੇਟੇ ਨੇ ਇਹ ਗੱਲ ਪਰਵਾਰ ਨੂੰ ਦੱਸੀ ਤੇ ਇਹੀ ਸਭ ਕੁਝ ਸਥਾਨਕ ਪੱਤਰਕਾਰਾਂ ਅੱਗੇ ਦੁਹਰਾਇਆ।
ਫਿਲਖੁਆ ਥਾਣੇ ਦੇ ਐੱਸ ਅੱੈਚ ਓ ਸਣੇ ਤਿੰਨ ਪੁਲਸਮੈਨਾਂ ਨੂੰ ਇਸ ਮਾਮਲੇ ਵਿਚ ਮੁਅੱਤਲ ਕੀਤਾ ਗਿਆ ਹੈ। ਤੋਮਰ ਦੇ ਪਰਵਾਰ ਨੇ ਕਿਹਾ ਕਿ ਪੁੱਛਗਿੱਛ ਲਈ ਸੱਦ ਕੇ ਉਸ ਨੂੰ ਪੰਜ ਘੰਟੇ ਤਸੀਹੇ ਦਿੱਤੇ ਗਏ। ਪਰਵਾਰ ਨੇ ਦੋਸ਼ੀਆਂ 'ਤੇ ਕਤਲ ਦੀ ਧਾਰਾ ਲਾਉਣ ਦੀ ਮੰਗ ਕੀਤੀ ਹੈ। ਪਰਵਾਰ ਮੁਤਾਬਕ ਤੋਮਰ ਨੂੰ ਇਕ ਕਤਲ ਕੇਸ ਵਿਚ ਪੁੱਛਗਿੱਛ ਲਈ ਚਿਜਾਰਸੀ ਚੌਕੀ ਵਿਚ ਸੱਦਿਆ ਗਿਆ। ਉਸ ਨੂੰ ਕਿਹਾ ਗਿਆ ਕਿ ਉਸ ਦਾ ਭਰਾ ਕਤਲ ਕੇਸ ਵਿਚ ਸ਼ਾਮਲ ਹੈ। 10 ਸਾਲ ਦਾ ਬੇਟਾ ਵੀ ਤੋਮਰ ਦੇ ਨਾਲ ਚੌਕੀ ਗਿਆ, ਜਿੱਥੇ ਉਸ ਨੇ ਪਿਤਾ 'ਤੇ ਹੁੰਦਾ ਤਸ਼ੱਦਦ ਦੇਖਿਆ। ਤੋਮਰ ਦੀ ਹਾਲਤ ਵਿਗੜਨ 'ਤੇ ਪੁਲਸ ਵਾਲੇ ਉਸ ਨੂੰ ਪਹਿਲਾਂ ਹਾਪੁੜ ਦੇ ਹਸਪਤਾਲ ਲੈ ਕੇ ਗਏ ਤੇ ਫਿਰ ਮੇਰਠ ਦੇ ਹਸਪਤਾਲ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਤੋਮਰ ਦੇ ਰਿਸ਼ਤੇਦਾਰ ਤੇ ਸਥਾਨਕ ਲੋਕ ਉਸ ਦੇ ਸਰੀਰ ਦੇ ਜ਼ਖਮਾਂ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ।
ਐਡੀਸ਼ਨਲ ਡਾਇਰੈਕਟਰ ਜਨਰਲ (ਮੇਰਠ ਜ਼ੋਨ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਪਰਵਾਰ ਦੇ ਦੋਸ਼ਾਂ ਦੇ ਅਧਾਰ 'ਤੇ ਅੱੈਸ ਐੱਚ ਓ ਪਿਲਖੁਆ ਯੋਗੇਸ਼ ਬਾਲੀਆਨ, ਸਬ-ਇੰਸਪੈਕਟਰ ਅਜਬ ਸਿੰਘ ਤੇ ਕਾਂਸਟੇਬਲ ਮਨੀਸ਼ ਕੁਮਾਰ ਮੁਅੱਤਲ ਕਰ ਦਿੱਤੇ ਗਏ ਹਨ ਅਤੇ ਡਾਕਟਰਾਂ ਦੇ ਪੈਨਲ ਤੋਂ ਪੋਸਟ-ਮਾਰਟਮ ਕਰਵਾਇਆ ਗਿਆ ਹੈ। ਹਾਪੁੜ ਪੁਲਸ ਦਾ ਕਹਿਣਾ ਹੈ ਕਿ ਗਾਜ਼ੀਆਬਾਦ ਵਿਚ ਇਕ ਪ੍ਰਾਈਵੇਟ ਫੈਕਟਰੀ ਵਿਚ ਸਕਿਓਰਿਟੀ ਗਾਰਡ ਵਜੋਂ ਕੰਮ ਕਰਦੇ ਤੋਮਰ ਨੂੰ ਇਕ ਕਤਲ ਵਿਚ ਉਸ ਦੀ ਸ਼ਮੂਲੀਅਤ ਦੇ ਸ਼ੱਕ ਵਿਚ ਫੜਿਆ ਗਿਆ ਸੀ।
ਹਾਪੁੜ ਦੇ ਏ ਐੱਸ ਪੀ ਸਰਵੇਸ਼ ਮਿਸ਼ਰਾ ਨੇ ਕਿਹਾ, '30 ਅਗਸਤ ਨੂੰ ਇਕ ਮਹਿਲਾ ਦੀ ਸੜੀ ਹੋਈ ਲਾਸ਼ ਮਿਲੀ ਸੀ। ਉਸ ਦੀ ਪਛਾਣ ਨੋਇਡਾ ਦੀ ਪ੍ਰੀਤੀ ਵਜੋਂ ਹੋਈ । ਉਹ ਤੋਮਰ ਦੀ ਰਿਸ਼ਤੇਦਾਰ ਸੀ। ਉਸ ਨੂੰ ਤੋਮਰ ਦੇ ਇਕ ਹੋਰ ਰਿਸ਼ਤੇਦਾਰ ਅਰੁਣ ਨੇ ਕਥਿਤ ਤੌਰ 'ਤੇ ਕਤਲ ਕੀਤਾ। ਤੋਮਰ ਕਤਲ ਵਿਚ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਸੀ, ਪਰ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਸੀ।'

Dailyhunt
Disclaimer: This story is auto-aggregated by a computer program and has not been created or edited by Dailyhunt. Publisher: Daily Nawan Zamana
Top