Dailyhunt Logo
  • Light mode
    Follow system
    Dark mode
    • Play Story
    • App Story
ਜਲੰਧਰ ਪੁਲਿਸ ਨੇ ਮੁਲਜ਼ਮ ਦਾ ਕੀਤਾ ਐਨਕਾਉਂਟਰ, ਗੋਲੀ ਲੱਗਣ ਨਾਲ ਜ਼ਖ਼ਮੀ

ਜਲੰਧਰ ਪੁਲਿਸ ਨੇ ਮੁਲਜ਼ਮ ਦਾ ਕੀਤਾ ਐਨਕਾਉਂਟਰ, ਗੋਲੀ ਲੱਗਣ ਨਾਲ ਜ਼ਖ਼ਮੀ

ਲੰਧਰ, 07 ਜੁਲਾਈ (ਹਿੰ.ਸ.)| ਜਲੰਧਰ ਪੁਲਿਸ ਨੇ ਗੜ੍ਹਾ ਰੋਡ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਦਾ ਐਨਕਾਊਂਟਰ ਕੀਤਾ ਹੈ। ਪੁਲਿਸ ਮੁਤਾਬਕ ਇਹ ਮੁਕਾਬਲਾ ਕਰੀਬ ਡੇਢ ਵਜੇ ਜਲੰਧਰ ਕੈਂਟ ਦੇ ਜਮਸ਼ੇਰ ਖਾਸ ਇਲਾਕੇ ਵਿੱਚ ਹੋਇਆ, ਜਿਸ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜਣ ਦੀ ਤਿਆਰੀ ਕੀਤੀ ਹੈ।

ਪੁਲਿਸ ਅਨੁਸਾਰ, ਗੜ੍ਹਾ ਰੋਡ 'ਤੇ ਇੱਕ ਘਰ ਵਿੱਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਮੁਲਜ਼ਮ ਸ਼ਿਆਮਦਾਸ ਉਰਫ਼ ਸ਼ਿਆਮ ਲਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਗਈ ਸੀ। ਜਦੋਂ ਪੁਲਿਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਚਾਨਕ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਆਤਮ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗ ਗਈ।

ਪੁਲਿਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੜ੍ਹਾ ਰੋਡ 'ਤੇ ਫਾਇਰਿੰਗ ਕਰਨ ਵਾਲਾ ਮੁਲਜ਼ਮ ਜਲੰਧਰ ਕੈਂਟ ਦੇ ਜਮਸ਼ੇਰ ਖਾਸ ਇਲਾਕੇ ਵਿੱਚ ਘੁੰਮ ਰਿਹਾ ਹੈ। ਪੁਲਿਸ ਨੇ ਜਦੋਂ ਉਸ ਨੂੰ ਘੇਰ ਕੇ ਸਰੈਂਡਰ ਕਰਨ ਲਈ ਕਿਹਾ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲਿਸ ਕਰਮਚਾਰੀ ਵਾਲ-ਵਾਲ ਬਚੇ।

ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਸੀ ਕਿ ਉਸ ਨੇ ਹਥਿਆਰ ਇੱਕ ਥਾਂ ਲੁਕਾ ਕੇ ਰੱਖਿਆ ਹੋਇਆ ਹੈ। ਜਦੋਂ ਪੁਲਿਸ ਟੀਮ ਉਸ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਤਾਂ ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੌਕਾ ਮਿਲਦੇ ਹੀ ਉਸ ਨੇ ਅਸਲ ਥਾਂ ਤੋਂ ਹਥਿਆਰ ਕੱਢ ਲਿਆ ਅਤੇ ਪੁਲਿਸ ਪਾਰਟੀ 'ਤੇ ਦੋ ਫਾਇਰ ਕਰ ਦਿੱਤੇ।

ਪੁਲਿਸ ਅਨੁਸਾਰ, ਏਐਸਆਈ ਨੇ ਤੁਰੰਤ ਮੋਰਚਾ ਸੰਭਾਲਦਿਆਂ ਸਰਕਾਰੀ ਰਿਵਾਲਵਰ ਨਾਲ ਜਵਾਬੀ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਗੋਲੀ ਮੁਲਜ਼ਮ ਦੇ ਪੈਰ ਵਿੱਚ ਲੱਗੀ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਸ਼ਿਆਮਦਾਸ ਮੂਲ ਰੂਪ ਵਿੱਚ ਬਿਹਾਰ ਦੇ ਦਰਭੰਗਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਗੜ੍ਹਾ ਇਲਾਕੇ ਵਿੱਚ ਰਹਿ ਰਿਹਾ ਸੀ। ਪੁਲਿਸ ਨੇ ਉਸ ਨੂੰ 4 ਜੁਲਾਈ ਨੂੰ ਐਨਡੀਪੀਐਸ ਐਕਟ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਗੜ੍ਹਾ ਥਾਣਾ ਖੇਤਰ ਵਿੱਚ ਦਰਜ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਇੱਕ ਪੁਰਾਣੇ ਮਾਮਲੇ ਵਿੱਚ ਵੀ ਫਰਾਰ ਚੱਲ ਰਿਹਾ ਸੀ। ਦੋਸ਼ ਹੈ ਕਿ ਉਸ ਨੇ ਆਪਣੇ ਸਾਥੀ ਸਾਹਿਲ ਨਾਲ ਮਿਲ ਕੇ ਆਪਣੇ ਹੀ ਰਿਸ਼ਤੇਦਾਰ ਅਮਰਜੀਤ 'ਤੇ ਜਾਨਲੇਵਾ ਫਾਇਰਿੰਗ ਕੀਤੀ ਸੀ।

ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਸ਼ਿਆਮਦਾਸ ਦਾ ਨੈੱਟਵਰਕ ਅੰਤਰਰਾਜੀ ਪੱਧਰ 'ਤੇ ਫੈਲਿਆ ਹੋਇਆ ਹੈ। ਦੋਸ਼ ਹੈ ਕਿ ਉਹ ਬਿਹਾਰ ਤੋਂ ਵੱਡੀ ਮਾਤਰਾ ਵਿੱਚ ਗਾਂਜਾ ਲਿਆ ਕੇ ਵੱਖ-ਵੱਖ ਥਾਵਾਂ 'ਤੇ ਸਪਲਾਈ ਕਰਦਾ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਉਸ ਨੇ ਗੈਰ-ਕਾਨੂੰਨੀ ਹਥਿਆਰ ਕਿੱਥੋਂ ਅਤੇ ਕਿਸ ਤੋਂ ਹਾਸਲ ਕੀਤੇ ਸਨ। ਇਸ ਸਬੰਧੀ ਬਿਹਾਰ ਪੁਲਿਸ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।

ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੌਕੇ 'ਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਹਥਿਆਰਾਂ ਅਤੇ ਗੋਲੀਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਪੁਲਿਸ ਪਾਰਟੀ 'ਤੇ ਹਮਲਾ ਕਰਨ ਸਬੰਧੀ ਹੋਰ ਧਾਰਾਵਾਂ ਤਹਿਤ ਵੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH

Dailyhunt
Disclaimer: This content has not been generated, created or edited by Dailyhunt. Publisher: Hindusthan Samachar Punjabi