ਗੜ੍ਹਸ਼ੰਕਰ (ਸ਼ੋਰੀ)— ਆਰ. ਐੱਸ. ਐੱਸ. ਦੇ ਪੰਜਾਬ ਤੋਂ ਮੁਖੀ ਪ੍ਰਮੋਦ ਕੁਮਾਰ ਵੱਲੋਂ ਦਿੱਤੇ ਇਕ ਬਿਆਨ ਚ ਅੱਜ ਅਯੋਧਿਆ 'ਚ ਸ੍ਰੀ ਰਾਮ ਚੰਦਰ ਜੀ ਦੇ ਮੰਦਿਰ ਦੇ ਪੁਨਰ ਨਿਰਮਾਣ ਲਈ ਰੱਖੇ ਜਾ ਰਹੇ ਨੀਂਹ ਪੱਥਰ ਲਈ ਵਧਾਈ ਦਿੰਦੇ ਕਿਹਾ ਕਿ ਇਹ ਮੰਦਰ ਆਸਥਾ ਦਾ ਮੰਦਿਰ ਹੈ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੋ ਰਿਹਾ ਹੈ। ਉਨ੍ਹਾਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਅੱਜ ਆਪਣੇ ਘਰਾਂ 'ਚ ਦੀਪਮਾਲਾ ਕਰਕੇ ਇਸ ਚਿਰਾਂ ਤੋਂ ਅਧੂਰੀ ਪਈ ਮੰਗ ਨੂੰ ਪੂਰਾ ਹੋਣ ਦੀ ਖ਼ੁਸ਼ੀ ਦਾ ਜ਼ਰੂਰ ਆਨੰਦ ਮਾਨਣ। ਆਰ. ਐੱਸ. ਐੱਸ. ਪੰਜਾਬ ਤੋਂ ਮੁਖੀ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਜੀਵਨ ਕਾਲ 'ਚ ਇਹ ਸਦੀਆਂ ਤੋਂ ਅਧੂਰੀ ਮੰਗ ਪੂਰੀ ਹੋਣ ਜਾ ਰਹੀ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਕਾਰਨ ਬੇਸ਼ੱਕ ਅੱਜ ਅਸੀਂ ਸਰੀਰਕ ਤੌਰ 'ਤੇ ਅਯੋਧਿਆ 'ਚ ਹਾਜ਼ਰੀ ਨਹੀਂ ਲਗਾ ਰਹੇ ਪਰ ਸਾਡਾ ਮਨ ਅਯੁੱਧਿਆ 'ਚ ਪਹੁੰਚ ਚੁੱਕਾ ਹੈ ਅਤੇ ਉਮੀਦ ਹੈ ਕੀ ਕੋਰੋਨਾ ਵਾਇਰਸ ਦੇ ਖਤਮ ਹੋਣ 'ਤੇ ਸਮੂਹ ਸੰਗਤ ਅਯੁੱਧਿਆ 'ਚ ਮੱਥਾ ਟੇਕਣ ਲਈ ਜ਼ਰੂਰ ਪਹੁੰਚ ਸਕੇਗੀ।