Dailyhunt
Jalandhar : ਬਾਥਰੂਮ ਹੇਠ ਦੱਬੀ ਮਿਲੀ 5 ਮਹੀਨੇ ਤੋਂ ਲਾਪਤਾ ਸ਼ਖਸ ਦੀ ਲਾਸ਼ ! ਦੋਸਤ ਹੀ ਨਿਕਲਿਆ ਕਾਤਲ, ਪੁਲਿਸ ਨੇ ਕੀਤੇ ਵੱਡੇ ਖੁਲਾਸੇ

Jalandhar : ਬਾਥਰੂਮ ਹੇਠ ਦੱਬੀ ਮਿਲੀ 5 ਮਹੀਨੇ ਤੋਂ ਲਾਪਤਾ ਸ਼ਖਸ ਦੀ ਲਾਸ਼ ! ਦੋਸਤ ਹੀ ਨਿਕਲਿਆ ਕਾਤਲ, ਪੁਲਿਸ ਨੇ ਕੀਤੇ ਵੱਡੇ ਖੁਲਾਸੇ

PTC News 1 week ago

Blind Murder Case : ਜਲੰਧਰ ਦਿਹਾਤੀ ਪੁਲਿਸ (Jalandhar News) ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾ ਲਿਆ ਹੈ। ਜਾਂਚ ਅਧਿਕਾਰੀ ਵਿਨੀਤ ਅਹਿਲਾਵਤ ਅਤੇ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਸਬ ਇੰਸਪੈਕਟਰ ਦਿਲਬਾਗ ਸਿੰਘ, ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅਧੁਨਿਕ ਅਤੇ ਟੈਕਨੀਕਲ ਤਰੀਕਿਆਂ ਨਾਲ ਮੁਲਜ਼ਮ ਗੁਰਦੇਵ ਸਿੰਘ ਵਾਸੀ ਪਿੰਡ ਪਛਾੜੀਆ (ਜਲੰਧਰ) ਹਾਲ ਵਾਸੀ ਪਿੰਡ ਗਾਂਧਰਾ (ਨਕੋਦਰ) ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।

20 ਸਾਲ ਤੋਂ ਇਕੱਠੇ ਕੰਮ ਕਰਦੇ ਸਨ ਅਮਰਜੀਤ ਸਿੰਘ ਤੇ ਗੁਰਦੇਵ ਸਿੰਘ

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਨਕੋਦਰ ਨੇ ਦੱਸਿਆ ਕਿ ਮਿਤੀ 01.04.2026 ਨੂੰ ਅਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੱਤੀ ਅਕਲਪੁਰ ਮਲਸੀਆਂ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਵੱਲੋਂ ਦਰਖ਼ਾਸਤ ਦਿੱਤੀ ਗਈ ਕਿ ਉਸਦਾ ਚਾਚਾ ਅਮਰਜੀਤ ਸਿੰਘ ਪੁੱਤਰ ਅਜਮੇਰ ਸਿੰਘ, ਉਮਰ ਕਰੀਬ 45 ਸਾਲ, ਜੋ ਲਗਭਗ 20 ਸਾਲ ਤੋਂ ਗੁਰਦੇਵ ਸਿੰਘ ਨਾਲ ਕੰਮ ਕਰਦਾ ਸੀ, ਨਵੰਬਰ 2025 ਤੋਂ ਘਰ ਨਹੀਂ ਆਇਆ। ਸ਼ੱਕ ਦੇ ਆਧਾਰ 'ਤੇ ਗੁਰਦੇਵ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 63 ਮਿਤੀ 01.04.2026 ਅਧੀਨ ਧਾਰਾ 103, 238 BNS ਥਾਣਾ ਸਦਰ ਨਕੋਦਰ ਵਿਖੇ ਦਰਜ ਕੀਤਾ ਗਿਆ।

ਬਾਥਰੂਮ ਨੇੜੇ ਬੋਰੀ 'ਚ ਪਾ ਕੇ ਦੱਬਿਆ

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ 13.11.2025 ਨੂੰ ਅਮਰਜੀਤ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਆਪਣੇ ਘਰ ਵਿੱਚ ਬਾਥਰੂਮ ਨੇੜੇ ਲਗਭਗ 5-6 ਫੁੱਟ ਡੂੰਘਾ ਖੱਡਾ ਖੋਦ ਕੇ ਬੋਰੇ ਵਿੱਚ ਪਾ ਕੇ ਦੱਬ ਦਿੱਤਾ ਸੀ।

ਅੱਜ ਡਿਊਟੀ ਮੈਜਿਸਟ੍ਰੇਟ ਪਵਨਦੀਪ ਸਿੰਘ ਦੀ ਹਾਜ਼ਰੀ ਵਿੱਚ ਪੁਲਿਸ ਪਾਰਟੀ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਪਿੰਡ ਗਾਂਧਰਾ ਵਿਖੇ ਉਸਦੇ ਘਰ ਤੋਂ ਬਾਥਰੂਮ ਨੇੜੇ ਖੁਦਾਈ ਕਰਕੇ ਮ੍ਰਿਤਕ ਅਮਰਜੀਤ ਸਿੰਘ ਦੀ ਦੱਬੀ ਹੋਈ ਲਾਸ਼ ਬਰਾਮਦ ਕੀਤੀ। ਇਸ ਮੌਕੇ ਪਿੰਡ ਗਾਂਧਰਾ ਅਤੇ ਮਲਸੀਆਂ ਪੱਤੀ ਅਕਲਪੁਰ ਦੀਆਂ ਪੰਚਾਇਤਾਂ ਵੀ ਮੌਜੂਦ ਸਨ।

ਲਾਸ਼ ਦਾ ਪੋਸਟਮਾਰਟਮ ਡਾਕਟਰੀ ਟੀਮ ਦੇ ਬੋਰਡ ਰਾਹੀਂ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਦੇ ਡੀਐਨਏ ਸੈਂਪਲ ਵੀ ਲਏ ਜਾਣਗੇ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ।

Dailyhunt
Disclaimer: This content has not been generated, created or edited by Dailyhunt. Publisher: PTC News Punjabi