ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ ਕੋਟਾ-ਉਦੈਪੁਰ ਰਾਸ਼ਟਰੀ ਰਾਜਮਾਰਗ 'ਤੇ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਮਹਾਰਾਸ਼ਟਰ ਵਾਪਸ ਪਰਤ ਰਹੇ ਪਰਿਵਾਰ ਦੀ ਖੜ੍ਹੇ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ, ਇੱਕੋ ਪਰਿਵਾਰ ਦੇ ਨੌਂ ਜੀਆਂ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ ਦੀ ਦੁਖਦਾਈ ਮੌਤ ਹੋ ਗਈ।ਜਦਕਿ ਟਰੱਕ ਡਰਾਈਵਰ ਸਮੇਤ ਅੱਠ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਘਟਨਾ ਦੀ ਖ਼ਬਰ ਮਿਲਦਿਆਂ ਹੀ, ਸਿਟੀ ਐਸ.ਪੀ. ਤੇਜਸਵਨੀ ਗੌਤਮ ਮੌਕੇ 'ਤੇ ਪਹੁੰਚੇ, ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ ਅਤੇ ਜ਼ਖ਼ਮੀਆਂ ਨੂੰ ਨਿਊ ਮੈਡੀਕਲ ਕਾਲਜ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਇਹ ਘਟਨਾ ਨਾਟਾ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸ਼ੰਭੂਪੁਰਾ ਪਿੰਡ ਨੇੜੇ ਵਾਪਰੀ।ਐਸ.ਪੀ. ਤੇਜਸਵਨੀ ਗੌਤਮ ਨੇ ਦੱਸਿਆ ਕਿ 'ਕਰੂਜ਼ਰ' ਗੱਡੀ ਵਿੱਚ ਸਵਾਰ ਸਾਰੇ ਲੋਕ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ ਅਤੇ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕਰੂਜ਼ਰ ਦੇ ਡਰਾਈਵਰ ਨੂੰ ਝਪਕੀ ਆ ਗਈ ਸੀ। ਪੀੜਤ ਪਰਿਵਾਰ ਦੇ ਇੱਕ ਮੈਂਬਰ, ਪ੍ਰਦੀਪ ਨੇ ਦੱਸਿਆ ਕਿ 36 ਰਿਸ਼ਤੇਦਾਰਾਂ ਦਾ ਇੱਕ ਸਮੂਹ ਤਿੰਨ ਵੱਖ-ਵੱਖ ਗੱਡੀਆਂ ਵਿੱਚ ਮਹਾਰਾਸ਼ਟਰ ਵਾਪਸ ਜਾ ਰਿਹਾ ਸੀ; ਇਹ ਗੱਡੀਆਂ ਇੱਕ ਕਾਫ਼ਲੇ ਵਜੋਂ ਚੱਲ ਰਹੀਆਂ ਸਨ, ਉਦੋਂ ਹੀ ਸਭ ਤੋਂ ਅੱਗੇ ਚੱਲ ਰਹੀ ਗੱਡੀ ਯਾਨੀ ਕਰੂਜ਼ਰ ਹਾਦਸੇ ਦਾ ਸ਼ਿਕਾਰ ਹੋ ਗਈ।

