Dailyhunt Logo
  • Light mode
    Follow system
    Dark mode
    • Play Story
    • App Story

'ਆਜਕਲ ਤੇਰੇ ਮੇਰੇ ਪਿਆਰ ਕੇ ਚਰਚੇ' ਵਰਗੇ ਅਮਰ ਗੀਤਾਂ ਨੂੰ ਆਵਾਜ਼ ਦੇਣ ਵਾਲੀ ਸੁਰਾਂ ਦੀ ਮੱਲਿਕਾ ਸੁਮਨ ਕਲਿਆਣਪੁਰ ਦਾ ਦੇਹਾਂਤ

ਭਾਰਤੀ ਸੰਗੀਤ ਜਗਤ ਦੀ ਦਿੱਗਜ ਅਤੇ ਸੁਰੀਲੀ ਗਾਇਕਾ ਸੁਮਨ ਕਲਿਆਣਪੁਰ ਦਾ ਐਤਵਾਰ ਸ਼ਾਮ ਨੂੰ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਉਨ੍ਹਾਂ ਨੇ ਮੁੰਬਈ ਦੇ ਲੋਖੰਡਵਾਲਾ ਸਥਿਤ ਆਪਣੀ ਰਿਹਾਇਸ਼ 'ਤੇ ਆਖ਼ਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਬੌਲੀਵੁੱਡ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਗਾਇਕਾ ਦੀ ਨਜ਼ਦੀਕੀ ਦੋਸਤ ਅਤੇ ਉਨ੍ਹਾਂ ਦੀ ਮਰਾਠੀ ਜੀਵਨੀ 'ਸੁਮਨ ਸੁਗੰਧ' ਦੀ ਲੇਖਿਕਾ ਮੰਗਲਾ ਖਾਡਿਲਕਰ ਨੇ ਦੱਸਿਆ, " ਸੁਮਨ ਜੀ ਦਾ ਐਤਵਾਰ ਰਾਤ ਲਗਭਗ 8 ਵਜੇ ਬੁਢਾਪੇ ਕਾਰਨ ਸ਼ਾਂਤੀਪੂਰਵਕ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ ਉਹ ਲਗਾਤਾਰ ਆਪਣੇ ਹੀ ਗਾਏ ਹੋਏ ਪੁਰਾਣੇ ਗੀਤ ਸੁਣ ਰਹੇ ਸਨ।" ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ (ਸੋਮਵਾਰ) ਸਵੇਰੇ 11:30 ਤੋਂ 12 ਵਜੇ ਦੇ ਵਿਚਕਾਰ ਪਵਨ ਹੰਸ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਧੀ ਚਾਰੂ ਨੂੰ ਛੱਡ ਗਏ ਹਨ।

ਲਤਾ ਮੰਗੇਸ਼ਕਰ ਦੇ ਦੌਰ ਵਿੱਚ ਬਣਾਈ ਵਿਲੱਖਣ ਪਛਾਣ

ਸੁਮਨ ਕਲਿਆਣਪੁਰ ਨੇ 1960 ਅਤੇ 1970 ਦੇ ਦਹਾਕੇ ਵਿੱਚ ਆਪਣੀ ਮਖ਼ਮਲੀ ਆਵਾਜ਼ ਦੇ ਦਮ 'ਤੇ ਇੰਡਸਟਰੀ ਵਿੱਚ ਉੱਚਾ ਮੁਕਾਮ ਹਾਸਲ ਕੀਤਾ ਸੀ। ਉਸ ਦੌਰ ਵਿੱਚ ਜਦੋਂ ਲਤਾ ਮੰਗੇਸ਼ਕਰ ਦੀ ਤੂਤੀ ਬੋਲਦੀ ਸੀ, ਸੁਮਨ ਜੀ ਨੇ ਆਪਣੀ ਗਾਇਕੀ ਨਾਲ ਇੱਕ ਵੱਖਰੀ ਜਗ੍ਹਾ ਬਣਾਈ। ਉਨ੍ਹਾਂ ਦੇ ਗਾਏ ਗੀਤ ਜਿਵੇਂ 'ਆਜਕਲ ਤੇਰੇ ਮੇਰੇ ਪਿਆਰ ਕੇ ਚਰਚੇ', 'ਨਾ ਨਾ ਕਰਤੇ ਪਿਆਰ ਤੁਮੀ ਸੇ' ਅਤੇ 'ਤੁਮਨੇ ਪੁਕਾਰਾ ਔਰ ਹਮ ਚਲੇ ਆਏ' ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।

ਹਿੰਦੀ ਤੋਂ ਇਲਾਵਾ ਉਨ੍ਹਾਂ ਨੇ ਮਰਾਠੀ, ਅਸਾਮੀ, ਕੰਨੜ, ਬੰਗਾਲੀ ਅਤੇ ਉੜੀਆ ਸਣੇ ਕਈ ਖੇਤਰੀ ਭਾਸ਼ਾਵਾਂ ਵਿੱਚ ਗੀਤ ਰਿਕਾਰਡ ਕੀਤੇ। ਫ਼ਿਲਮੀ ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਭਜਨ, ਗ਼ਜ਼ਲਾਂ ਅਤੇ ਠੁਮਰੀਆਂ ਨੂੰ ਵੀ ਆਪਣੀ ਆਵਾਜ਼ ਦਿੱਤੀ।

ਲਤਾ ਜੀ ਨਾਲ ਤੁਲਨਾ 'ਤੇ ਹਮੇਸ਼ਾ ਆਖੀ ਇਹ ਗੱਲ

ਸੁਮਨ ਕਲਿਆਣਪੁਰ ਦੀ ਆਵਾਜ਼ ਦੀ ਤੁਲਨਾ ਅਕਸਰ ਸਵਰ ਕੋਕਿਲਾ ਲਤਾ ਮੰਗੇਸ਼ਕਰ ਨਾਲ ਕੀਤੀ ਜਾਂਦੀ ਸੀ, ਪਰ ਉਨ੍ਹਾਂ ਨੇ ਹਮੇਸ਼ਾ ਇਸ ਤੁਲਨਾ ਨੂੰ ਖਾਰਜ ਕੀਤਾ। ਸਾਲ 2022 ਵਿੱਚ ਦਿੱਤੇ ਇੱਕ ਇੰਟਰਵਿਊ ਦੌਰਾਨ ਸੁਮਨ ਜੀ ਨੇ ਲਤਾ ਜੀ ਨੂੰ ਆਪਣੀ ਪਿਆਰੀ ਦੋਸਤ ਦੱਸਦਿਆਂ ਕਿਹਾ ਸੀ, " ਹਰ ਕੋਈ ਉਨ੍ਹਾਂ ਦੇ ਗੀਤਾਂ ਨੂੰ ਪਿਆਰ ਕਰਦਾ ਹੈ ਅਤੇ ਉਹ ਹਮੇਸ਼ਾ ਅਮਰ ਰਹਿਣਗੇ। ਅਸੀਂ ਫ਼ਿਲਮ 'ਚਾਂਦ' ਲਈ ਇੱਕ ਦੁਗਾਣਾ (Duet) ਵੀ ਰਿਕਾਰਡ ਕੀਤਾ ਸੀ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦੀ ਸੀ, ਤਾਂ ਇੱਕ ਕਰੀਬੀ ਦੋਸਤ ਵਰਗਾ ਅਹਿਸਾਸ ਹੁੰਦਾ ਸੀ।"

Dailyhunt
Disclaimer: This content has not been generated, created or edited by Dailyhunt. Publisher: Punjabi Tribune