Dailyhunt

Abu Dhabi ਵਿੱਚ ਮਿਜ਼ਾਈਲ ਦਾ ਮਲਬਾ ਡਿੱਗਣ ਕਾਰਨ ਪੰਜ ਭਾਰਤੀ ਜ਼ਖ਼ਮੀ

US-Iran Conflict: ਅਬੂ ਧਾਬੀ ਦੇ ਮੀਡੀਆ ਦਫ਼ਤਰ ਨੇ ਅੱਜ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ (UAE) ਦੇ ਅਬੂ ਧਾਬੀ ਵਿੱਚ ਰੋਕੀਆਂ ਗਈਆਂ ਮਿਜ਼ਾਈਲਾਂ ਅਤੇ ਡਰੋਨਾਂ ਦਾ ਮਲਬਾ ਡਿੱਗਣ ਕਾਰਨ ਪੰਜ ਭਾਰਤੀਆਂ ਸਣੇ 12 ਜ਼ਖ਼ਮੀ ਹੋ ਗਏ ਹਨ। ਇਹ ਮਲਬਾ ਅਬੂ ਧਾਬੀ ਦੇ ਅਜਬਾਨ ਇਲਾਕੇ ਵਿੱਚ ਡਿੱਗਿਆ ਹੈ।

ਅਬੂ ਧਾਬੀ ਮੀਡੀਆ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕੁੱਲ ਸੱਤ ਨੇਪਾਲ ਦੇ ਵਾਸੀ ਵੀ ਜ਼ਖ਼ਮੀ ਹੋਏ ਹਨ।

ਇਨ੍ਹਾਂ ਵਿੱਚੋਂ ਛੇ ਨੇਪਾਲੀ ਨਾਗਰਿਕਾਂ ਅਤੇ ਪੰਜ ਭਾਰਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ ਇੱਕ ਨੇਪਾਲੀ ਨਾਗਰਿਕ ਗੰਭੀਰ ਜ਼ਖ਼ਮੀ ਹੋਇਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਸਿਰਫ਼ ਸਰਕਾਰੀ ਸਰੋਤਾਂ ਤੋਂ ਮਿਲੀ ਜਾਣਕਾਰੀ ‘ਤੇ ਹੀ ਭਰੋਸਾ ਕਰਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਖ਼ਬਰ ਮਿਲੀ ਸੀ ਕਿ ਹਵਾਈ ਰੱਖਿਆ ਪ੍ਰਣਾਲੀ (Air Defence System) ਵੱਲੋਂ ਮਿਜ਼ਾਈਲਾਂ ਨੂੰ ਰੋਕਣ ਤੋਂ ਬਾਅਦ ਉਨ੍ਹਾਂ ਦਾ ਮਲਬਾ ਹਬਸ਼ਾਨ ਖੇਤਰ 'ਤੇ ਵੀ ਡਿੱਗਿਆ ਸੀ। ਇਸ ਕਾਰਨ ਉੱਥੇ ਅੱਗ ਲੱਗ ਗਈ ਸੀ ਜਿਸ ਕਰਕੇ ਕੰਮ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਹਾਲਾਂਕਿ, ਇਸ ਖਾਸ ਥਾਂ 'ਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ।

ਦੂਜੇ ਪਾਸੇ ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਦੀ ਸ਼ਹੀਦ ਬਹੇਸ਼ਤੀ ਯੂਨੀਵਰਸਿਟੀ ਅਤੇ ਮੇਹਰਾਬਾਦ ਹਵਾਈ ਅੱਡੇ ਦੇ ਇਲਾਕਿਆਂ ‘ਤੇ ਹਮਲੇ ਕੀਤੇ ਹਨ। ਜਵਾਬ ਵਿੱਚ ਇਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੁਵੈਤ, ਬਹਿਰੀਨ ਅਤੇ ਜਾਰਡਨ ਵਿੱਚ ਅਮਰੀਕਾ ਨਾਲ ਸਬੰਧਤ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।

ਇਸ ਜੰਗ ਦੇ ਦੂਜੇ ਮਹੀਨੇ ਵਿੱਚ ਦਾਖਲ ਹੋਣ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਰਮੁਜ਼ ਜਲ ਮਾਰਗ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਥੋੜ੍ਹੇ ਹੋਰ ਸਮੇਂ ਵਿੱਚ ਉਹ ਇਸ ਜਲ ਮਾਰਗ ਨੂੰ ਆਸਾਨੀ ਨਾਲ ਖੋਲ੍ਹ ਸਕਦੇ ਹਨ ਅਤੇ ਉੱਥੋਂ ਦੇ ਤੇਲ ਤੋਂ ਵੱਡੀ ਕਮਾਈ ਕਰ ਸਕਦੇ ਹਨ, ਜੋ ਕਿ ਪੂਰੀ ਦੁਨੀਆ ਲਈ ਫਾਇਦੇਮੰਦ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਟਰੰਪ ਨਿਤ ਦਿਨ ਵੱਖ ਵੱਖ ਬਿਆਨ ਜਾਰੀ ਕਰ ਰਹੇ ਹਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune