ਕਿਤਾਬੇਂ ਝਾਕਤੀ ਹੈਂ ਬੰਦ ਅਲਮਾਰੀ ਕੇ ਸ਼ੀਸ਼ੋਂ ਸੇਬੜੀ ਹਸਰਤ ਸੇ ਤਕਤੀ ਹੈਂ
ਮਹੀਨੋਂ ਅਬ ਮੁਲਾਕਾਤੇਂ ਨਹੀਂ ਹੋਤੀ
ਗੁਲਜ਼ਾਰ ਇੱਕ ਅਜਿਹਾ ਨਾਮ ਹੈ ਜਿਸ ਨੂੰ ਸੁਣਦਿਆਂ ਹੀ ਜ਼ਿਹਨ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਆਉਣ ਲੱਗਦੀ ਹੈ। ਅਸੀਂ ਜਦੋਂ ਵੀ ਭਾਰਤੀ ਸਿਨੇਮਾ, ਉਰਦੂ ਸ਼ਾਇਰੀ ਜਾਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਦਾ ਨਾਮ ਸਾਰੀਆਂ ਸਰਹੱਦਾਂ ਤੋੜ ਕੇ ਸਿੱਧਾ ਰੂਹ ਵਿੱਚ ਉਤਰ ਜਾਂਦਾ ਹੈ।
ਸਫ਼ੈਦ ਲਿਬਾਸ ਪਹਿਨਣ ਵਾਲੇ ਗੁਲਜ਼ਾਰ ਸਾਹਿਬ ਸਿਰਫ਼ ਇੱਕ ਇਨਸਾਨ ਹੀ ਨਹੀਂ, ਸਗੋਂ ਚੱਲਦਾ-ਫਿਰਦਾ ਇਤਿਹਾਸ ਹਨ। ਉਨ੍ਹਾਂ ਦੀ ਕਲਮ ਵਿੱਚੋਂ ਨਿਕਲਿਆ ਹਰ ਸ਼ਬਦ ਇੱਕ ਅਹਿਸਾਸ ਹੈ, ਜੋ ਕਦੇ ਵੰਡ ਦਾ ਦਰਦ ਬਣ ਕੇ ਚੀਕਦਾ ਹੈ ਅਤੇ ਕਦੇ ਮਹਿਬੂਬ ਦੀਆਂ ਅੱਖਾਂ ਵਿੱਚ ਉਤਰ ਕੇ ਗ਼ਜ਼ਲ ਬਣ ਜਾਂਦਾ ਹੈ।
ਗੁਲਜ਼ਾਰ ਦਾ ਜਨਮ 18 ਅਗਸਤ 1934 ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਦੇ ਇੱਕ ਛੋਟੇ ਜਿਹੇ ਕਸਬੇ 'ਦੀਨਾਂ' ਵਿੱਚ ਹੋਇਆ। ਉਨ੍ਹਾਂ ਦਾ ਅਸਲ ਨਾਮ ਸੰਪੂਰਨ ਸਿੰਘ ਹੈ। ਉਨ੍ਹਾਂ ਨੂੰ ਪੜ੍ਹਨ ਦੀ ਚੇਟਕ ਬਚਪਨ ਤੋਂ ਹੀ ਸੀ। ਗੁਲਜ਼ਾਰ ਕਿਤਾਬਾਂ ਕਿਰਾਏ 'ਤੇ ਲੈ ਕੇ ਪੜ੍ਹਦੇ, ਪੜ੍ਹਨ ਦੀ ਇਸ ਰੁਚੀ ਨੇ ਹੀ ਅੱਗੇ ਜਾ ਕੇ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਿਆ। ਗੁਲਜ਼ਾਰ ਦੀਨਾਂ ਦੀਆਂ ਗਲੀਆਂ ਵਿੱਚ ਖੇਡ ਕੇ ਜਵਾਨ ਹੋਇਆ। ਉਨ੍ਹਾਂ ਦੀ ਨਜ਼ਰ ਕੁਦਰਤ ਦੇ ਰੰਗਾਂ ਅਤੇ ਲੋਕ ਕਹਾਣੀਆਂ 'ਤੇ ਹੁੰਦੀ, ਪਰ 1947 ਦੀ ਭਾਰਤ-ਪਾਕਿਸਤਾਨ ਵੰਡ ਨੇ ਉਨ੍ਹਾਂ ਦੇ ਬਚਪਨ ਨੂੰ ਇੱਕ ਵੱਡਾ ਜ਼ਖ਼ਮ ਦਿੱਤਾ। ਉਹ ਖ਼ੂਨ ਖਰਾਬਾ ਦੇਖਣਾ, ਆਪਣਾ ਘਰ-ਬਾਰ ਛੱਡਣਾ ਅਤੇ ਇੱਕ ਅਣਜਾਣੇ ਡਰ ਵਿੱਚ ਸਰਹੱਦ ਪਾਰ ਕਰ ਕੇ ਭਾਰਤ ਆਉਣਾ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਪੰਨਾ ਹੈ, ਜਿਸ ਨੂੰ ਉਹ ਅੱਜ ਵੀ ਆਪਣੀ ਸ਼ਾਇਰੀ ਵਿੱਚ ਅਕਸਰ ਯਾਦ ਕਰਦੇ ਹਨ। ਇਸ ਦੇ ਚੱਲਦੇ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਗਿਆ। ਇੱਥੇ ਹੀ ਗੁਲਜ਼ਾਰ ਨੇ ਤਾਲੀਮ ਹਾਸਲ ਕੀਤੀ। ਪੰਜਾਬੀ ਪਿਛੋਕੜ ਵਾਲੇ ਗੁਲਜ਼ਾਰ ਨੇ ਇੱਥੇ ਹੀ ਹਿੰਦੀ, ਅੰਗਰੇਜ਼ੀ ਤੇ ਉਰਦੂ ਵੀ ਪੜ੍ਹਿਆ। ਬਕੌਲ 'ਗੁਲਜ਼ਾਰ ਜਦੋਂ ਮੌਲਵੀ ਸਾਹਿਬ ਕੁਝ ਬੈਂਤ ਯਾਦ ਕਰਨ ਲਈ ਦਿੰਦੇ ਤਾਂ ਯਾਦ ਕਰਦੇ-ਕਰਦੇ ਸ਼ਾਇਰੀ ਅੰਦਰ ਰਹਿਣ ਲੱਗ ਪਈ, ਅੰਤਾਕਸ਼ਰੀ ਖੇਡਦੇ ਤਾਂ ਫਿਰ ਸ਼ਾਇਰੀ ਹੁੰਦੀ।'' ਇਸ ਤਰ੍ਹਾਂ ਉਹ ਕਦੋਂ ਕਵਿਤਾ ਕਹਿਣ ਲੱਗ ਪਵੇ, ਇਹ ਉਨ੍ਹਾਂ ਨੂੰ ਵੀ ਨਹੀਂ ਪਤਾ ਚੱਲਿਆ।
ਨੌਜਵਾਨ ਗੁਲਜ਼ਾਰ ਵੀ ਹੋਰ ਨੌਜਵਾਨਾਂ ਵਾਂਗ ਸਾਹਿਤ ਦੇ ਖੇਤਰ ਵਿੱਚ ਕੁਝ ਅਲੱਗ ਕਰਨਾ ਚਾਹੁੰਦੇ ਸਨ। ਫਿਰ ਇੱਕ ਦਿਨ ਉਹ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਆਪਣੇ ਵੱਡੇ ਭਰਾ ਕੋਲ ਮੁੰਬਈ ਚਲੇ ਗਏ। ਬਿਲਾਸਿਸ ਰੋਡ ਮੁੰਬਈ ਦੇ ਮੋਟਰ ਗੈਰੇਜ ਵਿੱਚ ਜਾ ਕੇ ਉਹ ਕੰਮ ਕਰਨ ਲੱਗੇ। ਜਿੱਥੇ ਉਹ ਰੰਗਾਂ ਨਾਲ ਖੇਡਦੇ ਹੋਏ ਆਪਣੀਆਂ ਭਾਵਨਾਵਾਂ ਨੂੰ ਜਵਾਨ ਹੁੰਦਿਆਂ ਦੇਖਦੇ। ਹੌਲੀ-ਹੌਲੀ ਉਨ੍ਹਾਂ ਸਾਹਿਤਕ ਖੇਤਰ ਵਿੱਚ ਵਿਚਰਨਾ ਸ਼ੁਰੂ ਕੀਤਾ। ਉਨ੍ਹਾਂ ਦਿਨਾਂ ਵਿੱਚ ਪ੍ਰੋਗਰੈਸਿਵ ਰਾਈਟਰ ਐਸੋਸੀਏਸ਼ਨ ਵਿੱਚ ਉਸ ਜ਼ਮਾਨੇ ਦੇ ਅਜ਼ੀਮ ਸਾਹਿਤਕਾਰ ਹਾਜ਼ਰੀ ਭਰਦੇ ਸਨ। ਜਿਨ੍ਹਾਂ ਨੂੰ ਗੁਲਜ਼ਾਰ ਪੜ੍ਹਦੇ ਸਨ, ਉਹ ਉਨ੍ਹਾਂ ਨੂੰ ਆਪਣੇ ਸਾਹਮਣੇ ਦੇਖ ਖੁਸ਼ ਹੁੰਦੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਕ੍ਰਿਸ਼ਨ ਚੰਦ, ਰਜਿੰਦਰ ਸਿੰਘ ਬੇਦੀ ਅਤੇ ਸਰਦਾਰ ਜਾਫ਼ਰੀ ਜਿਹੇ ਦਿੱਗਜ਼ ਅਕਸਰ ਮਿਲਦੇ। ਇਸੇ ਤਰ੍ਹਾਂ ਉਹ ਇਪਟਾ, ਬੰਬੇ ਯੂਥ ਕੁਆਇਰ, ਪੰਜਾਬੀ ਸਾਹਿਤ ਸਭਾ ਵਿੱਚ ਵੀ ਜਾਂਦੇ ਸਨ। ਹੋਰ ਵੀ ਵੱਖ-ਵੱਖ ਸਮਿਆਂ 'ਤੇ ਫਿਲਮ ਨਗਰੀ ਨਾਲ ਜੁੜੇ ਲੋਕ ਉਨ੍ਹਾਂ ਨੂੰ ਅਕਸਰ ਮਿਲ ਜਾਂਦੇ ਸਨ, ਜਿਨ੍ਹਾਂ ਵਿੱਚ ਸ਼ੈਲੇਂਦਰ, ਸਲਿਲ ਚੌਧਰੀ ਜਿਹੇ ਨਾਮ ਸ਼ਾਮਲ ਸਨ। ਸ਼ੈਲੇਂਦਰ ਨੇ ਹੀ ਗੁਲਜ਼ਾਰ ਨੂੰ ਫਿਲਮਾਂ ਵਿੱਚ ਗੀਤ ਲਿਖਣ ਲਈ ਪ੍ਰੇਰਿਤ ਕੀਤਾ। ਸਾਹਿਤ ਗੁਲਜ਼ਾਰ ਦਾ ਜਨੂੰਨ ਰਿਹਾ ਹੈ। ਉਨ੍ਹਾਂ ਦੀ ਸਾਹਿਤ ਤੋਂ ਫਿਲਮਾਂ ਤੱਕ ਦੀ ਯਾਤਰਾ ਪਿੱਛੇ ਬਿਮਲ ਰਾਏ, ਰਿਸ਼ੀਕੇਸ਼ ਮੁਖਰਜੀ ਵਰਗੇ ਫਿਲਮਸਾਜ਼ਾਂ ਦਾ ਪ੍ਰਭਾਵ ਵੀ ਰਿਹਾ ਹੈ। ਉਨ੍ਹਾਂ ਦੀਆਂ ਫਿਲਮਾਂ ਵਿੱਚ ਸਾਹਿਤ ਫਿਲਮਾਂ ਦਾ ਹਿੱਸਾ ਰਿਹਾ ਹੈ। ਗੁਲਜ਼ਾਰ ਅੰਦਰ ਪੁੰਗਰਦੇ ਸਾਹਿਤਕ ਬੀਜ ਨੂੰ ਵੀ ਇਹੋ ਜਿਹੀ ਜਰਖੇਜ਼ ਜ਼ਮੀਨ ਦੀ ਤਲਾਸ਼ ਸੀ। ਇਸੇ ਮਿੱਟੀ ਨੇ ਗੁਲਜ਼ਾਰ ਨੂੰ ਬੂਟੇ ਤੋਂ ਰੁੱਖ ਬਣਨ ਤੱਕ ਸਹੀ ਮਾਹੌਲ ਦਿੱਤਾ।
ਜਦੋਂ ਸ਼ੈਲੇਂਦਰ ਦੀ ਕਿਸੇ ਗੱਲ ਨੂੰ ਲੈ ਕੇ ਆਰ.ਡੀ. (ਰਾਹੁਲ ਦੇਵ ਬਰਮਨ) ਨਾਲ ਥੋੜ੍ਹੀ ਨਾਰਾਜ਼ਗੀ ਹੋਈ ਤਾਂ ਸ਼ੈਲੇਂਦਰ ਨੇ ਹੀ ਗੁਲਜ਼ਾਰ ਨੂੰ ਗੀਤ ਲਿਖਣ ਲਈ ਆਰ.ਡੀ. ਦੇ ਕੋਲ ਭੇਜਿਆ ਸੀ। ਇਹ ਗੱਲ ਉਦੋਂ ਦੀ ਹੈ ਜਦੋਂ ਸਤਿਆਜੀਤ ਰੇਅ 'ਬੰਧਨੀ' ਫਿਲਮ ਬਣਾ ਰਹੇ ਸਨ। ਉਸ ਸਮੇਂ ਉਨ੍ਹਾਂ ਦੀ ਫਿਲਮ ਦਾ ਸੰਗੀਤ ਆਰ.ਡੀ. ਦੇ ਰਿਹਾ ਸੀ। ਗੀਤ ਲਿਖਣ ਦਾ ਕੰਮ ਸ਼ੈਲੇਂਦਰ ਕੋਲ ਸੀ, ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿੱਚ ਨਾਰਾਜ਼ਗੀ ਹੋ ਗਈ। ਜਿਸ ਕਰਕੇ ਸ਼ੈਲੇਂਦਰ ਆਰ.ਡੀ. ਨਾਲ ਕੰਮ ਨਹੀਂ ਕਰਨਾ ਚਾਹੁੰਦੇ ਸਨ। ਦੇਬੂ ਸੇਨ, ਜੋ ਬੰਗਾਲੀ ਸ਼ਾਇਰ ਸਨ। ਉਨ੍ਹਾਂ ਨੇ ਗੁਲਜ਼ਾਰ ਨੂੰ ਸਤਿਆਜੀਤ ਰੇਅ ਨਾਲ ਮਿਲਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਖ਼ੈਰ ਸੰਖੇਪ ਜਿਹੀ ਗੱਲਬਾਤ ਤੋਂ ਬਾਅਦ ਗੁਲਜ਼ਾਰ ਨੇ ਕਹਾਣੀ ਦੀ ਮੰਗ ਅਨੁਸਾਰ ਗੀਤ ਲਿਖ ਦਿੱਤਾ;
ਮੋਰਾ ਗੋਰਾ ਅੰਗ ਲਈ ਲੇ
ਮੋਹੇ ਸ਼ਾਮ ਰੰਗ ਦਈ ਦੇ
ਛੁਪ ਜਾਊਂਗੀ ਰਾਤ ਹੀ ਮੇਂ
ਮੋਹੇ ਪੀ ਕਾ ਸੰਗ ਦਈ ਦੇ
ਇਹ ਗੀਤ ਗੁਲਜ਼ਾਰ ਨੇ 'ਬੰਧਨੀ' ਫਿਲਮ ਲਈ 1968 ਵਿੱਚ ਲਿਖਿਆ। ਇਹ ਉਨ੍ਹਾਂ ਦਾ ਪਹਿਲਾ ਫਿਲਮੀ ਗੀਤ ਸੀ। ਇਸ ਵਿੱਚ ਰਾਧਾ ਦੇ ਕ੍ਰਿਸ਼ਨ ਪ੍ਰਤੀ ਪ੍ਰੇਮ ਨੂੰ ਬਹੁਤ ਹੀ ਨਜ਼ਾਕਤ ਨਾਲ ਪੇਸ਼ ਕੀਤਾ ਗਿਆ ਸੀ। ਇਸ ਗੀਤ ਨੇ ਫਿਲਮੀ ਦੁਨੀਆ ਵਿੱਚ ਉਨ੍ਹਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ। 'ਬਿਮਲ ਦਾ' ਦੀ ਸਾਦਗੀ ਤੇ ਕਹਾਣੀ ਕਹਿਣ ਦੇ ਅੰਦਾਜ਼ ਨੇ ਗੁਲਜ਼ਾਰ ਨੂੰ ਬਹੁਤ ਪ੍ਰਭਾਵਿਤ ਕੀਤਾ। ਆਪਣੇ ਤੋਂ ਪਹਿਲੀ ਪੀੜ੍ਹੀ ਦੇ ਗੀਤਕਾਰਾਂ ਵਿੱਚ ਗੁਲਜ਼ਾਰ ਰਜਿੰਦਰ ਕ੍ਰਿਸ਼ਨ, ਕੇਦਾਰ ਸ਼ਰਮਾ, ਡੀ.ਐੱਮ. ਮਦਹੋਕ, ਸ਼ੈਲੇਂਦਰ ਤੇ ਸਾਹਿਰ ਲੁਧਿਆਣਵੀ ਦੇ ਵੀ ਦੀਵਾਨੇ ਸਨ। ਉਹ ਲਗਾਤਾਰ ਗੀਤ ਲਿਖ ਰਹੇ ਸਨ, ਪਰ ਉਹ ਸਿਰਫ਼ ਗੀਤਕਾਰ ਹੀ ਬਣੇ ਰਹਿਣਾ ਨਹੀਂ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ 'ਬਿਮਲ ਦਾ' ਦੇ ਨਾਲ ਸਹਾਇਕ ਨਿਰਦੇਸ਼ਨ ਵਜੋਂ ਵੀ ਕੰਮ ਕੀਤਾ ਅਤੇ ਫਿਲਮ ਨਿਰਮਾਣ ਦੀਆਂ ਬਾਰੀਕੀਆਂ ਸਿੱਖੀਆਂ। ਉਨ੍ਹਾਂ ਦੀਆਂ ਫਿਲਮਾਂ ਵਿੱਚ ਜੋ ਸਾਦਗੀ ਅਤੇ ਹਕੀਕਤ ਨਜ਼ਰ ਆਉਂਦੀ ਹੈ, ਉਹ 'ਬਿਮਲ ਦਾ' ਦੀ ਹੀ ਦੇਣ ਹੈ।
ਸਾਲ 1971 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਮੇਰੇ ਅਪਨੇ' ਨਿਰਦੇਸ਼ਤ ਕੀਤੀ। ਇਹ ਫਿਲਮ ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਰਾਜਨੀਤਕ ਭਟਕਣਾ 'ਤੇ ਆਧਾਰਿਤ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਫਿਲਮ ਵਿੱਚ ਸੰਜੀਵ ਕੁਮਾਰ ਤੇ ਜਯਾ ਭਾਦੁੜੀ (ਹੁਣ ਜਯਾ ਬਚਨ) ਨੇ ਕਮਾਲ ਦਾ ਕੰਮ ਕੀਤਾ। ਸੰਜੀਵ ਕੁਮਾਰ ਨੂੰ ਇਸ ਫਿਲਮ ਦੀ ਸ਼ਾਨਦਾਰ ਅਦਾਕਾਰੀ ਲਈ 'ਸਰਵੋਤਮ ਅਦਾਕਾਰ' ਦਾ ਨੈਸ਼ਨਲ ਐਵਾਰਡ ਵੀ ਮਿਲਿਆ। ਫਿਰ ਆਈ 'ਆਂਧੀ'; ਇਸ ਫਿਲਮ ਵਿੱਚ ਸੰਜੀਵ ਕੁਮਾਰ ਤੇ ਸੁਚਿੱਤਰਾ ਸੇਨ ਨੇ ਕੰਮ ਕੀਤਾ। ਇਸ ਵਿੱਚ ਰਾਜਨੀਤੀ ਅਤੇ ਰਿਸ਼ਤਿਆਂ ਦਾ ਟਕਰਾਅ ਦਿਖਿਆ। ਇਸ ਫਿਲਮ ਦੇ ਗੀਤ ਵੀ ਗੁਲਜ਼ਾਰ ਦੀ ਕਲਮ ਵਿੱਚੋਂ ਨਿਕਲੇ। ਫਿਰ ਆਈ ਫਿਲਮ 'ਮੌਸਮ' ਇਸ ਵਿੱਚ ਫਿਰ ਸੰਜੀਵ ਕੁਮਾਰ ਨਜ਼ਰ ਆਏ। ਇਸ ਵਾਰ ਉਨ੍ਹਾਂ ਦੀ ਹੀਰੋਇਨ ਸੀ ਸ਼ਰਮੀਲਾ ਟੈਗੋਰ। ਇਸ ਵਿੱਚ ਉਨ੍ਹਾਂ ਫਿਰ ਰਿਸ਼ਤਿਆਂ ਦੀਆਂ ਅੰਦਰਲੀਆਂ ਪਰਤਾਂ ਖੋਲ੍ਹੀਆਂ ਤੇ 'ਇਜ਼ਾਜਤ' ਵਰਗੀਆਂ ਫਿਲਮਾਂ ਨੇ ਭਾਰਤੀ ਸਿਨੇਮਾ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ। ਇਨ੍ਹਾਂ ਫਿਲਮਾਂ ਦੇ ਬਾਅਦ 90 ਦੇ ਦਹਾਕੇ ਵਿੱਚ ਉਨ੍ਹਾਂ ਦੀਆਂ ਫਿਲਮਾਂ ਆਈਆਂ 'ਮਾਚਿਸ' ਤੇ 'ਹੂ ਤੂ ਤੂ'। ਪੰਜਾਬ ਦੇ ਸੰਤਾਪ 'ਤੇ ਉਨ੍ਹਾਂ ਨੇ ਫਿਲਮ 'ਮਾਚਿਸ' ਬਣਾਈ। ਇਸ ਫਿਲਮ ਦਾ ਨਾਮ 'ਮਾਚਿਸ' ਇਸ ਲਈ ਰੱਖਿਆ ਗਿਆ ਸੀ ਕਿਉਂਕਿ ਗੁਲਜ਼ਾਰ ਦਾ ਮਨ ਸੀ ਕਿ ਜਦੋਂ ਨਿਰਦੋਸ਼ ਨੌਜਵਾਨਾਂ 'ਤੇ ਜ਼ੁਲਮ ਹੁੰਦਾ ਹੈ ਤਾਂ ਉਹ ਤੀਲੀਆਂ (ਮਾਚਿਸ) ਵਾਂਗ ਭੜਕ ਉੱਠਦੇ ਹਨ। ਇਸ ਫਿਲਮ ਨੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸੰਸਾ ਖੱਟੀ। ਇਸ ਫਿਲਮ ਦਾ ਗੀਤ 'ਚੱਪਾ ਚੱਪਾ ਚਰਖਾ ਚਲੇ' ਅੱਜ ਵੀ ਹਰ ਪੰਜਾਬੀ ਦੀ ਪਹਿਲੀ ਪਸੰਦ ਹੈ।
ਗੁਲਜ਼ਾਰ ਨੇ ਭਾਵੇਂ ਕਾਫ਼ੀ ਸਮਾਂ ਪਹਿਲਾਂ ਫਿਲਮਾਂ ਡਾਇਰੈਕਟ ਕਰਨੀਆਂ ਬੰਦ ਕਰ ਦਿੱਤੀਆਂ ਸਨ, ਪਰ ਗੀਤਕਾਰੀ ਦਾ ਸਫ਼ਰ ਹਾਲੇ ਵੀ ਜਾਰੀ ਹੈ। ਗੁਲਜ਼ਾਰ ਅਤੇ ਆਰ.ਡੀ. ਬਰਮਨ ਦੀ ਦੋਸਤੀ ਮਿਊਜ਼ਿਕ ਇੰਡਸਟਰੀ ਵਿੱਚ ਮਿਸਾਲ ਹੈ। ਪੰਚਮ (ਆਰ.ਡੀ. ਬਰਮਨ) ਹਮੇਸ਼ਾਂ ਕਿਹਾ ਕਰਦੇ ਸਨ ਕਿ ਗੁਲਜ਼ਾਰ ਅਜਿਹੇ ਗੀਤ ਲਿਖਦੇ ਹਨ, ਜਿਨ੍ਹਾਂ ਦੀ ਕੋਈ ਲੈਅ ਨਹੀਂ ਹੁੰਦੀ। ਇੱਕ ਵਾਰ ਗੁਲਜ਼ਾਰ 'ਪੰਚਮ' ਕੋਲ ਗੀਤ 'ਮੇਰਾ ਕੁਛ ਸਾਮਾਨ ਤੁਮਾਰੇ ਪਾਸ ਪੜਾ ਹੈ' ਲੈ ਕੇ ਗਏ ਤਾਂ ਉਹ ਪੜ੍ਹ ਕੇ ਕਹਿਣ ਲੱਗੇ ''ਯਾਰ ਮੀਟਰ-ਵੀਟਰ ਕਾ ਤੁਮਹੇ ਪਤਾ ਨਹੀਂ ਕੁਝ ਭੀ ਲਿਖ ਕੇ ਲੈ ਆਤੇ ਹੋ, ਕੱਲ ਕੋ ਤੁਮ ਕੋਈ ਅਖ਼ਬਾਰ ਉਠਾ ਲਾਉਗੇ ਔਰ ਬੋਲੋਗੇ ਕਿ ਇਸ ਕੀ ਧੁਨ ਬਨਾ ਦੋ।'' ਕੋਲ ਹੀ ਬੈਠੀ ਆਸ਼ਾ ਜੀ ਨੇ ਜਦੋਂ ਇਹ ਲਾਈਨ ਸੁਣੀ ਤੇ ਉਨ੍ਹਾਂ ਨੂੰ ਗੁਣ-ਗੁਣਾਇਆ ਤਾਂ 'ਪੰਚਮ' ਨੇ ਹੈਰਾਨ ਹੋ ਕੇ ਕਿਹਾ 'ਜ਼ਰਾ ਗਾਓ ਇਸੇ', ਜਦੋਂ ਆਸ਼ਾ ਭੌਸਲੇ ਨੇ ਇਸ ਨੂੰ ਦੁਬਾਰਾ ਗਾਇਆ 'ਮੇਰਾ ਕੁਛ ਸਾਮਾਨ ਤੁਮਾਰੇ ਪਾਸ ਪੜਾ ਹੈ' ਤਾਂ ਇਹ ਗੀਤ 'ਇਜ਼ਾਜਤ' ਫਿਲਮ ਦਾ ਸ਼ਿੰਗਾਰ ਬਣਿਆ।
ਉਨ੍ਹਾਂ ਦੇ ਗੀਤ ਧੁਨ ਬਣਨ ਦੇ ਬਾਅਦ ਜਾਦੂਈ ਲੱਗਦੇ ਹਨ। ਗੁਲਜ਼ਾਰ ਜਦੋਂ ਆਪਣੇ ਖ਼ਿਆਲਾਂ ਦੇ ਪਰ ਖੋਲ੍ਹ ਕੇ ਪਰਵਾਜ਼ ਭਰਦੇ ਹਨ ਤਾਂ ਸੁਣਨ ਵਾਲਾ ਸੋਚਦਾ ਹੀ ਰਹਿ ਜਾਂਦਾ ਹੈ;
*ਹਵਾਓ ਪੇ ਲਿਖ ਦੋ ਹਵਾਓ ਕੇ ਨਾਮ (ਦੋ ਦੂਨੀ ਚਾਰ, 1968)
*ਮੁਸਾਫਿਰ ਹੂੰ ਯਾਰੋ (ਪਰਿਚਯ, 1972)
*ਤੇਰੇ ਬਿਨਾਂ ਜ਼ਿੰਦਗੀ ਸੇ ਕੋਈ (ਆਂਧੀ, 1975)
*ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ (ਮਾਸੂਮ, 1983)
ਗੁਲਜ਼ਾਰ ਦੇ ਪ੍ਰਯੋਗਵਾਦੀ ਅਤੇ ਨਵੇਂ ਦੌਰ ਦੇ ਹਿੱਟ ਗੀਤਾਂ ਵਿੱਚ ਸ਼ਾਮਲ ਹਨ;
*ਚੱਪਾ ਚੱਪਾ ਚਰਖਾ ਚਲੇ (ਮਾਚਿਸ, 1996)
*ਛਈਆਂ-ਛਈਆਂ (ਦਿਲ ਸੇ, 1998)
*ਕਜਰਾਰੇ ਕਜਰਾਰੇ (ਬੰਟੀ ਔਰ ਬਬਲੀ)
* ਨਮਕ ਇਸ਼ਕ ਦਾ (ਓਮਕਾਰਾ, 2006)
*ਜੈ ਹੋ (ਸਲੱਮਡੌਗ ਮਿਲੇਨੀਅਰ)
*ਦਿਲ ਤੋ ਬੱਚਾ ਹੈ ਜੀ (ਇਸ਼ਕੀਆ)
ਗੁਲਜ਼ਾਰ ਨੇ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਦਿਆਂ ਕੁਝ ਅਜਿਹੇ ਗੀਤ ਲਿਖੇ ਜੋ ਹਰ ਬਚਪਨ ਦਾ ਹਿੱਸਾ ਹਨ;
*ਲੱਕੜੀ ਕੀ ਕਾਠੀ (ਮਾਸੂਮ)
*ਜੰਗਲ-ਜੰਗਲ ਬਾਤ ਚਲੀ ਹੈ, ਚੱਡੀ ਪਹਿਨ ਕੇ ਫੂਲ ਖਿਲਾ ਹੈ (ਦਿ ਜੰਗਲ ਬੁੱਕ)
ਇਹ ਗੀਤ ਲਿਖ ਕੇ ਉਨ੍ਹਾਂ ਨੇ 'ਮੋਗਲੀ' ਦੇ ਕਿਰਦਾਰ ਨੂੰ ਅਮਰ ਕਰ ਦਿੱਤਾ। ਉਨ੍ਹਾਂ ਦੇ ਗੀਤ ਬਹੁਤ ਹੀ ਸਰਲ ਭਾਸ਼ਾ ਵਿੱਚ ਹੁੰਦੇ ਹਨ, ਪਰ ਉਨ੍ਹਾਂ ਦੇ ਅਰਥ ਬਹੁਤ ਡੂੰਘੇ ਹੁੰਦੇ ਹਨ। ਉਹ ਅਕਸਰ ਕਹਿੰਦੇ ਹਨ ਕਿ ਜੋ ਗੱਲ ਸ਼ਬਦ ਨਹੀਂ ਕਹਿ ਸਕਦੇ ਉਹ ਖਾਮੋਸ਼ੀ ਕਹਿ ਜਾਂਦੀ ਹੈ।
ਗੁਲਜ਼ਾਰ ਨੇ ਦੂਰਦਰਸ਼ਨ ਲਈ ਲੜੀਵਾਰ 'ਮਿਰਜ਼ਾ ਗਾਲਿਬ' ਵੀ ਬਣਾਇਆ। ਉਹ ਖ਼ੁਦ ਗਾਲਿਬ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਨੇ ਇਸ ਲੜੀਵਾਰ ਨੂੰ ਫਿਲਮਾਉਣ ਤੋਂ ਪਹਿਲਾਂ ਲਗਭਗ ਦਸ ਸਾਲ ਰਿਸਰਚ ਕੀਤੀ। ਇਸ ਵਿੱਚ ਉਨ੍ਹਾਂ ਨੇ ਸਿਰਫ਼ ਗਾਲਿਬ ਦੀ ਸ਼ਾਇਰੀ ਨੂੰ ਹੀ ਨਹੀਂ ਦਿਖਾਇਆ, ਸਗੋਂ ਉੱਨੀਵੀਂ ਸਦੀ ਦੇ ਦਿੱਲੀ ਦੇ ਹਾਲਾਤ, ਮੁਗ਼ਲ ਸਲਤਨਤ ਦਾ ਪਤਨ, ਗਾਲਿਬ ਦੀ ਆਪਣੀ ਨਿੱਜੀ ਜ਼ਿੰਦਗੀ ਦੇ ਦੁੱਖ ਅਤੇ ਉਨ੍ਹਾਂ ਦੀ ਮਸਤੀ, ਉਨ੍ਹਾਂ ਦਾ ਆਪਣੀ ਪਤਨੀ ਤੇ ਦੋਸਤਾਂ ਨਾਲ ਰਿਸ਼ਤਾ। ਸਾਢੇ ਛੇ ਘੰਟੇ ਦੇ ਇਸ ਲੜੀਵਾਰ ਨੇ ਉਰਦੂ ਜ਼ੁਬਾਨ ਨੂੰ ਇੱਕ ਨਵਾਂ ਜੀਵਨ ਦਿੱਤਾ। ਗੁਲਜ਼ਾਰ ਨੇ ਗਾਲਿਬ ਨੂੰ ਇੱਕ ਔਖੇ ਸ਼ਾਇਰ ਦੇ ਅਕਸ ਵਿੱਚੋਂ ਕੱਢ ਕੇ ਇੱਕ ਮਨੁੱਖੀ ਕਿਰਦਾਰ ਵਜੋਂ ਪੇਸ਼ ਕੀਤਾ ਜੋ ਸ਼ਰਾਬ ਦਾ ਸ਼ੌਕੀਨ ਹੈ, ਕਰਜ਼ੇ ਵਿੱਚ ਡੁੱਬਿਆ ਹੋਇਆ ਹੈ, ਪਰ ਉਸ ਦੀ ਅਣਖ ਆਸਮਾਨ ਨੂੰ ਛੂੰਹਦੀ ਹੈ। ਗੁਲਜ਼ਾਰ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਦੋ ਹੀ 'ਮਿਰਜ਼ੇ' ਹਨ-ਇੱਕ ਹਨ ਮਿਰਜ਼ਾ ਗਾਲਿਬ ਤੇ ਦੂਜਾ 'ਮਿਰਜ਼ਾ ਸਾਹਿਬਾਂ' ਵਾਲਾ। ਉਨ੍ਹਾਂ ਦੇ ਇਸ ਲੜੀਵਾਰ ਨੇ ਭਾਰਤੀ ਸਾਹਿਤਕ ਇਤਿਹਾਸ ਨੂੰ ਸੰਭਾਲਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਗੁਲਜ਼ਾਰ ਦੇ ਗੁਲਦਸਤੇ ਵਿੱਚ ਇੱਕ ਹੋਰ ਫੁੱਲ ਹੈ। ਉਹ ਹੈ ਲੜੀਵਾਰ 'ਕਿਰਦਾਰ'। ਇਸ ਲੜੀਵਾਰ ਵਿਚਲੀਆਂ ਕਹਾਣੀਆਂ ਉਰਦੂ, ਹਿੰਦੀ ਅਤੇ ਬੰਗਾਲੀ ਦੇ ਨਾਮੀ ਲੇਖਕਾਂ ਜਿਵੇਂ ਅਹਿਮਦ ਨਦੀਮ ਕਾਸ਼ਮੀ, ਸਮਰੇਸ਼ ਮਜ਼ੂਮਦਾਰ ਅਤੇ ਖੁਦ ਗੁਲਜ਼ਾਰ ਦੀਆਂ ਰਚਨਾਵਾਂ 'ਤੇ ਆਧਾਰਿਤ ਹਨ। ਓਮਪੁਰੀ ਨੇ ਇਸ ਲੜੀਵਾਰ ਦੀਆਂ ਲਗਪਗ ਸਾਰੀਆਂ ਕਹਾਣੀਆਂ ਵਿੱਚ ਮੁੱਖ ਭੂਮਿਕਾ ਨਿਭਾਈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਗੁਲਜ਼ਾਰ ਦੀ ਕਹਾਣੀ 'ਰਾਵੀ ਪਾਰ' ਦਾ ਵੀ ਇਸ ਲੜੀਵਾਰ ਵਿੱਚ ਬਹੁਤ ਪ੍ਰਭਾਵਸ਼ਾਲੀ ਫਿਲਮਾਂਕਣ ਕੀਤਾ ਗਿਆ ਹੈ। ਓਮਪੁਰੀ ਨੇ ਇਸ ਵਿੱਚ ਮੁੱਖ ਕਿਰਦਾਰ ਨਿਭਾਇਆ ਸੀ। ਇਸ ਲੜੀਵਾਰ ਰਾਹੀਂ ਗੁਲਜ਼ਾਰ ਨੇ ਸਾਬਤ ਕੀਤਾ ਕਿ ਟੈਲੀਵਿਜ਼ਨ ਸਿਰਫ਼ ਮਨੋਰੰਜਨ ਲਈ ਨਹੀਂ ਸਗੋਂ ਚੰਗੇ ਸਾਹਿਤ ਨੂੰ ਲੋਕਾਂ ਦੇ ਡਰਾਇੰਗ ਰੂਮ ਤੱਕ ਪਹੁੰਚਾਉਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਵੀ ਹੋ ਸਕਦਾ ਹੈ। ਉਨ੍ਹਾਂ ਨੇ ਮਾਨਵੀ ਰਿਸ਼ਤਿਆਂ, ਸਮਾਜਿਕ ਬੁਰਾਈਆਂ ਅਤੇ ਮਨੁੱਖੀ ਮਨ ਦੀਆਂ ਉਲਝਣਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਪੇਸ਼ ਕੀਤਾ।
ਸਾਲ 1973 ਵਿੱਚ ਗੁਲਜ਼ਾਰ ਦਾ ਵਿਆਹ ਮਸ਼ਹੂਰ ਫਿਲਮੀ ਅਦਾਕਾਰਾ 'ਰਾਖੀ' ਨਾਲ ਹੋਇਆ। ਇਹ ਵਿਆਹ ਉਸ ਸਮੇਂ ਦੇ ਸਭ ਤੋਂ ਚਰਚਿਤ ਵਿਆਹਾਂ ਵਿੱਚੋਂ ਇੱਕ ਸੀ। ਇਨ੍ਹਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਜਿਸ ਦਾ ਨਾਮ ਹੈ 'ਮੇਘਨਾ ਗੁਲਜ਼ਾਰ' ਜਿਸ ਨੂੰ ਪਿਆਰ ਨਾਲ ਗੁਲਜ਼ਾਰ 'ਬੋਸਕੀ' ਕਹਿ ਕੇ ਬੁਲਾਉਂਦੇ ਹਨ। ਉਹ ਖੁਦ ਵੀ ਫਿਲਮਾਂ ਡਾਇਰੈਕਟ ਕਰਦੀ ਹੈ।
ਗੁਲਜ਼ਾਰ ਅੱਜ ਵੀ ਸਵੇਰੇ ਜਲਦੀ ਉੱਠ ਕੇ ਟੈਨਿਸ ਖੇਡਣ ਜਾਂਦੇ ਹਨ। ਉਹ ਕਹਿੰਦੇ ਹਨ ਕਿ ਸਰੀਰਕ ਤੌਰ 'ਤੇ ਫਿੱਟ ਰਹਿਣਾ ਹੀ ਉਨ੍ਹਾਂ ਦੀ ਸਿਰਜਣਾਤਮਕਤਾ ਦਾ ਰਾਜ਼ ਹੈ। ਭਾਵੇਂ ਪਿੰਡ ਛੱਡਿਆਂ ਮੁੱਦਤਾਂ ਹੋ ਗਈਆਂ ਹਨ, ਪਰ ਪੰਜਾਬੀਅਤ ਵੇਲੇ ਉਹ ਆਪਣੇ ਪਿੰਡ 'ਦੀਨਾਂ' ਗਏ। ਉੱਥੇ ਜਾ ਉਨ੍ਹਾਂ ਨੇ ਆਪਣੇ ਪੁਰਾਣੇ ਘਰ ਦੀ ਮਿੱਟੀ ਨੂੰ ਚੁੰਮਿਆ ਤੇ ਸਿਜਦਾ ਕੀਤਾ। ਉਹ ਅਕਸਰ ਕਹਿੰਦੇ ਹਨ ਕਿ ''ਮੇਰਾ ਸਰੀਰ ਮੁੰਬਈ ਵਿੱਚ ਹੈ, ਪਰ ਰੂਹ ਮੇਰੀ ਅੱਜ ਵੀ ਦੀਨਾਂ ਦੀਆਂ ਗਲੀਆਂ ਵਿੱਚ ਘੁੰਮਦੀ ਹੈ।''
ਗੁਲਜ਼ਾਰ ਨੇ ਹੁੱਬ ਕੇ ਬੰਗਾਲੀ ਸਾਹਿਤ ਦਾ ਵੀ ਅਨੁਵਾਦ ਕੀਤਾ। ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਨੂੰ ਆਪਣੀ ਆਵਾਜ਼ ਦਿੱਤੀ। 'ਟਾਈਮ ਮਿਊਜ਼ਿਕ' ਇਸ ਮਾਣਮੱਤੀ ਪੇਸ਼ਕਸ਼ ਲਈ ਵਧਾਈ ਦਾ ਪਾਤਰ ਹੈ। ਗੁਲਜ਼ਾਰ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ, ਸਾਹਿਤ ਅਕਾਦਮੀ ਪੁਰਸਕਾਰ ਅਤੇ ਭਾਰਤੀ ਸਿਨੇਮਾ ਦਾ ਸਭ ਤੋਂ ਵੱਕਾਰੀ ਸਨਮਾਨ 'ਦਾਦਾ ਸਾਹਿਬ ਫਾਲਕੇ' ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵੱਖ-ਵੱਖ ਸਮਿਆਂ 'ਤੇ ਮਿਲੇ ਅਨੇਕਾਂ ਸਨਮਾਨਾਂ ਦਾ ਕੋਈ ਹਿਸਾਬ ਹੀ ਨਹੀਂ। ਗੁਲਜ਼ਾਰ ਦੇ ਫਿਲਮੀ ਗੁਰੂ ਸਤਿਆਜੀਤ ਰੇਅ ਨੂੰ ਆਸਕਰ ਜਿਊਰੀ ਵੱਲੋਂ 'ਲਾਈਫ ਟਾਈਮ ਅਚੀਵਮੈਂਟ' ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਹੁਣ ਉਨ੍ਹਾਂ ਦੇ ਚੇਲੇ ਗੁਲਜ਼ਾਰ ਨੂੰ ਵੀ 'ਜੈ ਹੋ' ਗੀਤ ਲਈ 'ਆਸਕਰ ਐਵਾਰਡ' ਤਾਂ ਮਿਲਿਆ ਹੀ, ਸਗੋਂ ਸੰਗੀਤ ਦੀ ਦੁਨੀਆ ਵਿੱਚ ਸਭ ਤੋਂ ਉੱਤਮ ਐਵਾਰਡ ਮੰਨੇ ਜਾਣ ਵਾਲੇ 'ਗਰੈਮੀ ਐਵਾਰਡ' ਨੂੰ ਪ੍ਰਾਪਤ ਕਰਨ ਵਾਲੇ ਵੀ ਉਹ ਇਕਲੌਤੇ ਭਾਰਤੀ ਗੀਤਕਾਰ ਹਨ।
ਗੁਲਜ਼ਾਰ ਹੁਣ 91 ਸਾਲ ਦੇ ਹੋਣ ਦੇ ਬਾਵਜੂਦ ਹਰ ਰੋਜ਼ ਕੁਝ ਨਵਾਂ ਸਿੱਖਦੇ ਹਨ। ਉਨ੍ਹਾਂ ਦੀ ਕਲਮ ਪੰਜਾਬੀ, ਉਰਦੂ ਅਤੇ ਹਿੰਦੀ ਜੇ ਕਹਿ ਲਿਆ ਜਾਵੇ ਕਿ ਹਿੰਦੁਸਤਾਨ ਦੇ ਸਾਂਝੇ ਸੱਭਿਆਚਾਰਕ ਦਾ ਪ੍ਰਤੀਕ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਗੁਲਜ਼ਾਰ ਇੱਕ ਨਾਮ ਹੀ ਨਹੀਂ ਸਗੋਂ ਅਹਿਸਾਸਾਂ ਦੀ ਇੱਕ ਵਗਦੀ ਨਦੀ ਹੈ। ਉਨ੍ਹਾਂ ਦੀ ਕਲਮ ਨੇ ਸਿਰਫ਼ ਕਾਗ਼ਜ਼ਾਂ 'ਤੇ ਸਿਆਹੀ ਨਹੀਂ ਬਿਖੇਰੀ ਸਗੋਂ ਮਨੁੱਖੀ ਰਿਸ਼ਤਿਆਂ ਤੇ ਉਨ੍ਹਾਂ ਦੇ ਮਨਾਂ ਦੀਆਂ ਪਰਤਾਂ ਨੂੰ ਛੋਹਿਆ ਹੈ, ਜਿੱਥੇ ਖਾਮੋਸ਼ੀ ਗੱਲਾਂ ਕਰਨ ਲੱਗਦੀ ਹੈ।
ਹੁਣ ਜਦੋਂ ਅਸੀਂ ਉਨ੍ਹਾਂ ਦੇ ਸਫ਼ਰ ਨੂੰ ਦੇਖਦੇ ਹਾਂ ਤਾਂ ਦੀਨਾਂ ਦੀਆਂ ਗਲੀਆਂ ਤੋਂ ਸ਼ੁਰੂ ਹੋ ਕੇ ਆਸਕਰ ਦੇ ਮੰਚ ਤੱਕ, ਇੱਕ ਮੋਟਰ ਗੈਰੇਜ ਤੋਂ ਸ਼ਬਦਾਂ ਦੇ ਮਹਿਲ ਤੱਕ ਦਾ ਸਫ਼ਰ ਅੱਖਾਂ ਅੱਗੇ ਨਜ਼ਰ ਆਉਂਦਾ ਹੈ। ਉਹ ਇੱਕ ਅਜਿਹਾ ਗੁਲਜ਼ਾਰ (ਬਗੀਚਾ) ਹਨ, ਜਿਸ ਵਿੱਚ ਪੰਜਾਬੀਅਤ ਦੀ ਖੁਸ਼ਬੂ, ਉਰਦੂ ਦੀ ਨਫ਼ਾਸਤ ਅਤੇ ਹਿੰਦੀ ਦੀ ਸਰਲਤਾ ਇੱਕੋ ਸਮੇਂ ਖਿੜਦੀ ਨਜ਼ਰ ਆਉਂਦੀ ਹੈ। ਗੁਲਜ਼ਾਰ ਉਹ ਫੁੱਲ ਹਨ, ਜਿਸ ਦੀ ਮਹਿਕ ਆਉਣ ਵਾਲੀਆਂ ਕਈ ਪੀੜ੍ਹੀਆਂ ਦੇ ਸਾਹਾਂ ਵਿੱਚ ਘੁਲਦੀ ਰਹੇਗੀ। ਉਨ੍ਹਾਂ ਦੀ ਕਲਮ ਸਦਾ ਜਿਉਂਦੀ ਰਹੇ, ਕਿਉਂਕਿ ਜਿੰਨਾ ਚਿਰ ਗੁਲਜ਼ਾਰ ਲਿਖ ਰਹੇ ਹਨ, ਓਨਾ ਚਿਰ ਸਾਡੀਆਂ ਭਾਵਨਾਵਾਂ ਨੂੰ ਇੱਕ ਖੂਬਸੂਰਤ ਜ਼ੁਬਾਨ ਮਿਲਦੀ ਰਹੇਗੀ।
ਸੰਪਰਕ: 70091-13725
