ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਇਆ ਗਿਆ 16ਵਾਂ ਜੇ ਐੱਸ ਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਬੀਤੀ ਰਾਤ ਜਰਖੜ ਖੇਡ ਸਟੇਡੀਅਮ ਵਿੱਚ ਸਮਾਪਤ ਹੋ ਗਿਆ। ਫਾਈਨਲ ਮੁਕਾਬਲੇ ਵਿੱਚ ਗਿੱਲ ਕਲੱਬ ਘਵੱਦੀ ਨੇ ਨੀਟਾ ਕਲੱਬ ਰਾਮਪੁਰ ਨੂੰ 6-4 ਗੋਲਾਂ ਨਾਲ ਹਰਾਇਆ। ਜੂਨੀਅਰ ਵਰਗ ਵਿੱਚ ਐੱਚ ਟੀ ਸੀ ਸੈਂਟਰ ਰਾਮਪੁਰ ਨੇ ਕਿਲ੍ਹਾ ਰਾਇਪੁਰ ਹਾਕੀ ਸੈਂਟਰ ਨੂੰ 1-0 ਨਾਲ ਹਰਾ ਕੇ ਖ਼ਿਤਾਬ ਜਿੱਤਿਆ।
ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲਿਆਂ ਵਿੱਚ ਜਰਖੜ ਅਕੈਡਮੀ ਨੇ ਅਮਰਗੜ੍ਹ ਨੂੰ 6-4 ਨਾਲ ਅਤੇ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਜਰਖੜ ਅਕੈਡਮੀ ਨੂੰ 5-4 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਘਵੱਦੀ ਕਲੱਬ ਦੇ ਦਲਵੀਰ ਸਿੰਘ ਅਤੇ ਐੱਚ ਟੀ ਸੀ ਰਾਮਪੁਰ ਦੇ ਰਾਜਵੀਰ ਸਿੰਘ ਨੂੰ 'ਹੀਰੋ ਆਫ ਦਿ ਟੂਰਨਾਮੈਂਟ' ਚੁਣਿਆ ਗਿਆ। ਮਨਪ੍ਰੀਤ ਸਿੰਘ ਮਨੀ, ਕਸਮਪ੍ਰੀਤ ਸਿੰਘ, ਰਾਜਵੀਰ ਸਿੰਘ, ਪਰਮਿੰਦਰ ਸਿੰਘ ਅਤੇ ਸਲੋਨੀ ਨੂੰ ਟੂਰਨਾਮੈਂਟ ਦੇ ਸਰਵੋਤਮ ਖਿਡਾਰੀਆਂ ਵਜੋਂ ਸਾਈਕਲ ਦੇ ਕੇ ਸਨਮਾਨਿਆ ਗਿਆ। ਸਮਾਪਤੀ ਸਮਾਗਮ ਦੌਰਾਨ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ, ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਲੋਕ ਗਾਇਕ ਜਸਵੰਤ ਸਿੰਘ ਸੰਦੀਲਾ ਅਤੇ ਮੁੱਖ ਸਪਾਂਸਰ ਜੰਗਸ਼ੇਰ ਸਿੰਘ ਤੇ ਮੋਹਿਤ ਕੁਮਾਰ ਨੇ ਇਨਾਮ ਵੰਡੇ।
