Dailyhunt

Assam ਨੂੰ ਸਿਰਫ਼ ਐੱਨ ਡੀ ਏ ਘੁਸਪੈਠ ਤੋਂ ਮੁਕਤ ਕਰ ਸਕਦੈ: Yogi Adityanath

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਸਿਰਫ਼ ਭਾਜਪਾ ਦੀ ਅਗਵਾਈ ਵਾਲਾ ਐੱਨ ਡੀ ਏ ਗੱਠਜੋੜ ਹੀ ਅਸਾਮ ਨੂੰ ਘੁਸਪੈਠੀਆਂ ਤੋਂ ਮੁਕਤ ਕਰ ਸਕਦਾ ਹੈ ਅਤੇ ਜਨਸੰਖਿਆ ਤਬਦੀਲੀ ਨੂੰ ਰੋਕ ਸਕਦੀ ਹੈ। ਭਾਜਪਾ ਸਰਕਾਰਾਂ ਜੋ ਵਾਅਦਾ ਕਰਦੀਆਂ ਹਨ, ਉਹ ਪੂਰਾ ਕਰਦੀਆਂ ਹਨ। ਯਕੀਨੀ ਬਣਾਇਆ ਜਾਵੇਗਾ ਕਿ ਵਿਰਾਸਤ ਅਤੇ ਵਿਕਾਸ ਇਕੱਠੇ ਚੱਲਣ।

ਬਾਰਪੇਟਾ ਅਤੇ ਬਰਚੱਲਾ ਵਿੱਚ ਲਗਾਤਾਰ ਰੈਲੀਆਂ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ਆਪਣੇ ਲੰਬੇ ਕਾਰਜਕਾਲ ਦੌਰਾਨ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ। ਬਾਰਪੇਟਾ ਵਿੱਚ ਅਸਾਮ ਗਣ ਪਰਿਸ਼ਦ (ਏ ਜੀ ਪੀ) ਦੇ ਉਮੀਦਵਾਰ ਦੀਪਕ ਕੁਮਾਰ ਦਾਸ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ, ''ਅਸਾਮ ਵਿੱਚ ਕਾਂਗਰਸ 60 ਸਾਲਾਂ ਤੱਕ ਸੱਤਾ ਵਿੱਚ ਰਹੀ ਪਰ ਇਸ ਨੇ ਸਿਰਫ਼ ਘੁਸਪੈਠ, ਹਿੰਸਾ ਅਤੇ ਦੰਗਿਆਂ ਨੂੰ ਉਤਸ਼ਾਹਿਤ ਕੀਤਾ। ਇਸ ਨੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਨੂੰ ਖ਼ਤਰੇ ਵਿੱਚ ਪਾ ਦਿੱਤਾ।'' ਉਨ੍ਹਾਂ ਏ ਆਈ ਯੂ ਡੀ ਐੱਫ 'ਤੇ ਵੀ ਨਿਸ਼ਾਨਾ ਸੇਧਿਆ ਅਤੇ ਦੋਸ਼ ਲਾਇਆ ਕਿ ਇਹ ਘੁਸਪੈਠੀਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ ਤੇ ਉਨ੍ਹਾਂ ਦੇ ਸਹਿਯੋਗ ਨਾਲ ਸੱਤਾ ਵਿੱਚ ਆਉਣ ਦਾ ਟੀਚਾ ਰੱਖਦੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਐੱਨ ਡੀ ਏ ਸਰਕਾਰ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਏਗੀ।

ਮੋਦੀ ਅਤੇ ਹਿਮੰਤਾ ਨੇ ਕਬਾਇਲੀ ਵਿਕਾਸ ਲਈ ਖ਼ਾਕਾ ਉਲੀਕਿਆ: ਸ਼ਾਹ
ਦੁਧਨੋਈ (ਅਸਾਮ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਬਾਇਲੀ ਵਿਕਾਸ ਲਈ ਖ਼ਾਕਾ ਉਲੀਕਿਆ ਹੈ ਅਤੇ ਸੂਬੇ ਵਿੱਚ ਭਾਜਪਾ ਦੀ ਸੱਤਾ 'ਚ ਵਾਪਸੀ ਇਸ ਨੂੰ ਲਾਗੂ ਕਰਨਾ ਯਕੀਨੀ ਬਣਾਏਗੀ। ਗੋਆਲਪਾਰਾ ਜ਼ਿਲ੍ਹੇ ਦੇ ਦੁਧਨੋਈ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਕਿਸੇ ਕਬਾਇਲੀ ਔਰਤ ਨੂੰ ਦੇਸ਼ ਦੀ ਰਾਸ਼ਟਰਪਤੀ ਨਹੀਂ ਬਣਾਇਆ ਪਰ ਮੋਦੀ ਨੇ ਇਹ ਬਦਲ ਦਿੱਤਾ ਤੇ ਦਰੋਪਦੀ ਮੁਰਮੂ ਦੇਸ਼ ਦੀ ਪਹਿਲੀ ਨਾਗਰਿਕ ਬਣੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਕਦੇ ਵੀ ਕਬਾਇਲੀ ਭਲਾਈ ਦੀ ਗੱਲ ਨਹੀਂ ਕੀਤੀ। -ਪੀਟੀਆਈ

ਮੋਦੀ ਨੇ ਪੁੱਡੂਚੇਰੀ ਵਿੱਚ ਰੋਡ ਸ਼ੋਅ ਕੀਤਾ
ਪੁਡੂਚੇਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਰੋਡਸ਼ੋਅ ਕੀਤਾ ਅਤੇ 9 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਏ ਆਈ ਐੱਨ ਆਰ ਸੀ-ਭਾਜਪਾ ਗੱਠਜੋੜ ਲਈ ਸਮਰਥਨ ਮੰਗਿਆ। ਪ੍ਰਧਾਨ ਮੰਤਰੀ ਦੇ ਨਾਲ ਏ ਆਈ ਐੱਨ ਆਰ ਸੀ ਦੇ ਸੰਸਥਾਪਕ ਆਗੂ ਤੇ ਮੁੱਖ ਮੰਤਰੀ ਐੱਨ ਰੰਗਾਸਾਮੀ ਅਤੇ ਭਾਜਪਾ ਆਗੂ ਤੇ ਗ੍ਰਹਿ ਮੰਤਰੀ ਏ ਨਮਾਸ਼ਿਵਯਮ ਵੀ ਮੌਜੂਦ ਸਨ। ਇਹ ਰੋਡਸ਼ੋਅ ਅਜੰਤਾ ਸਿਗਨਲ ਪੁਆਇੰਟ ਤੋਂ ਕਾਮਰਾਜਰ ਮੂਰਤੀ/ਰਾਜਾ ਥੀਏਟਰ ਸਿਗਨਲ ਤੱਕ ਕੀਤਾ ਗਿਆ, ਜੋ ਦੋ ਕਿਲੋਮੀਟਰ ਤੋਂ ਵੀ ਘੱਟ ਦਾ ਫ਼ਾਸਲਾ ਸੀ। ਰੋਡਸ਼ੋਅ ਪੂਰਾ ਹੋਣ ਵਿੱਚ ਲਗਪਗ ਇੱਕ ਘੰਟਾ ਲੱਗਿਆ। ਇਸ ਤੋਂ ਪਹਿਲਾਂ ਪੁੱਡੂਚੇਰੀ ਪਹੁੰਚਣ 'ਤੇ ਭਾਜਪਾ ਵਰਕਰਾਂ ਨੇ 'ਭਾਰਤ ਮਾਤਾ ਕੀ ਜੈ' ਅਤੇ 'ਜੈ ਸ੍ਰੀ ਰਾਮ' ਦੇ ਨਾਅਰਿਆਂ ਨਾਲ ਮੋਦੀ ਦਾ ਨਿੱਘਾ ਸਵਾਗਤ ਕੀਤਾ। -ਪੀਟੀਆਈ

ਲਖਨਊ ਵਿੱਚ ਯੋਗੀ ਆਦਿੱਤਿਆਨਾਥ ਨੂੰ ਮਿਲੇ ਅਡਾਨੀ
ਲਖਨਊ: ਸਨਅਤਕਾਰ ਗੌਤਮ ਅਡਾਨੀ ਨੇ ਲਖਨਊ ਵਿੱਚ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਉਨ੍ਹਾਂ ਉੱਤਰ ਪ੍ਰਦੇਸ਼ ਨੂੰ ਇਕ ਖਰਬ ਅਮਰੀਕੀ ਡਾਲਰ ਦਾ ਅਰਥਚਾਰਾ ਬਣਾਉਣ ਦੇ ਰੋਡ ਮੈਪ ਦੀ ਵਕਾਲਤ ਕੀਤੀ। ਅਡਾਨੀ ਨੇ ਵੀਰਵਾਰ ਨੂੰ ਹੋਈ ਮੁਲਾਕਾਤ ਮਗਰੋਂ ਐਕਸ 'ਤੇ ਪੋਸਟ ਵਿੱਚ ਮੁੱਖ ਮੰਤਰੀ ਦੇ ਉੱਤਰ ਪ੍ਰਦੇਸ਼ ਨੂੰ ਪ੍ਰਮੁੱਖ ਆਰਥਿਕ ਪਾਵਰਹਾਊਸ ਵਿੱਚ ਤਬਦੀਲ ਕਰਨ ਦੇ ਦ੍ਰਿਸ਼ਟੀਕੋਣ ਦੀ ਤਾਰੀਫ਼ ਕੀਤੀ। ਉਨ੍ਹਾਂ ਯੋਗੀ ਵੱਲੋਂ ਪੇਸ਼ ਕੀਤੇ ਗਏ ਰੋਡਮੈਪ 'ਤੇ ਚਾਨਣਾ ਪਾਇਆ, ਜਿਸ ਦਾ ਉਦੇਸ਼ 2030 ਤੱਕ ਉੱਤਰ ਪ੍ਰਦੇਸ਼ ਨੂੰ 1 ਖਰਬ ਅਮਰੀਕੀ ਡਾਲਰ ਦਾ ਅਰਥਚਾਰਾ ਬਣਾਉਣਾ ਅਤੇ 2047 ਤੱਕ ਇਸ ਨੂੰ 6 ਖਰਬ ਡਾਲਰ ਤੱਕ ਵਧਾਉਣਾ ਹੈ। ਇਸ ਤੋਂ ਪਹਿਲਾਂ ਅਡਾਨੀ ਨੇ ਵੀਰਵਾਰ ਨੂੰ ਹਨੂਮਾਨ ਜਯੰਤੀ ਮੌਕੇ ਆਪਣੀ ਪਤਨੀ ਪ੍ਰੀਤੀ, ਪੁੱਤਰ ਕਰਨ ਤੇ ਨੂੰਹ ਪਰਿਧੀ ਨਾਲ ਅਯੁੱਧਿਆ ਵਿੱਚ ਰਾਮ ਮੰਦਰ 'ਚ ਮੱਥਾ ਟੇਕਿਆ ਸੀ। -ਪੀਟੀਆਈ

Dailyhunt
Disclaimer: This content has not been generated, created or edited by Dailyhunt. Publisher: Punjabi Tribune