ਮੈਚ ਵਿੱਚ ਮਿਸ਼ੇਲ ਸਟਾਰਕ ਦੇ 10 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਆਸਟਰੇਲੀਆ ਨੂੰ ਦੂਜੇ ਟੈਸਟ 'ਚ ਪਾਰੀ ਅਤੇ 51 ਦੌੜਾਂ ਨਾਲ ਹੌਸਲਾ ਵਧਾਊ ਜਿੱਤ ਦਿਵਾਈ, ਜਿਸ ਨਾਲ ਕੰਗਾਰੂਆਂ ਨੇ ਬੰਗਲਾਦੇਸ਼ ਵਿਰੁੱਧ ਦੋ ਮੈਚਾਂ ਦੀ ਲੜੀ ਮਹਿਜ਼ ਦੋ ਦਿਨਾਂ ਵਿੱਚ 1-1 ਨਾਲ ਬਰਾਬਰ ਕਰ ਲਈ। ਉੱਤਰੀ ਕੁਈਨਜ਼ਲੈਂਡ ਸੂਬੇ ਦੇ ਮੈਕੇ ਦੀ ਮੁਸ਼ਕਲ ਪਿੱਚ 'ਤੇ, ਸਟਾਰਕ ਨੇ ਮੈਚ ਵਿੱਚ ਕੁੱਲ 10-51 ਦੇ ਅੰਕੜੇ ਦਰਜ ਕੀਤੇ।
ਉਸ ਨੇ ਪਹਿਲੇ ਦਿਨ ਆਪਣੇ ਸ਼ਾਨਦਾਰ 6-12 ਦੇ ਪ੍ਰਦਰਸ਼ਨ ਤੋਂ ਬਾਅਦ ਅੱਜ ਚਾਰ ਹੋਰ ਵਿਕਟਾਂ ਲਈਆਂ। ਬੰਗਲਾਦੇਸ਼ ਦੀ ਪੂਰੀ ਟੀਮ ਸਿਰਫ਼ 64 ਦੌੜਾਂ 'ਤੇ ਆਊਟ ਹੋ ਗਈ ਸੀ। ਹਾਲਾਂਕਿ, ਮੇਜ਼ਬਾਨ ਟੀਮ ਨੂੰ ਵੀ ਇਸ ਪਿੱਚ 'ਤੇ ਜੂਝਣਾ ਪਿਆ ਸੀ। ਇਹ ਤਜਰਬੇਕਾਰ ਖੱਬੂ ਸਵਿੰਗ ਗੇਂਦਬਾਜ਼ ਦੇ ਟੈਸਟ ਕ੍ਰਿਕਟ ਵਿੱਚ 10 ਵਿਕਟਾਂ ਲੈਣ ਦਾ ਚੌਥਾ ਮੌਕਾ ਸੀ। ਇਸ ਦੇ ਨਾਲ ਹੀ ਉਹ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ 445 ਵਿਕਟਾਂ ਨਾਲ 10ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਦੋਵਾਂ ਮੈਚਾਂ ਵਿੱਚ ਕੁੱਲ 12 ਵਿਕਟਾਂ ਲੈ ਕੇ ਸਟਾਰਕ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ।
