ਨਗਰ ਕੌਂਸਲ ਬਾਘਾ ਪੁਰਾਣਾ ਦੇ ਲਗਪਗ ਸਵਾ ਸਾਲ ਪਹਿਲਾਂ ਉਪ ਪ੍ਰਧਾਨ ਬਣੇ ਆਮ ਆਦਮੀ ਪਾਰਟੀ ਦੇ ਆਗੂ ਰਣਜੀਤ ਸਿੰਘ ਟੀਟੂ ਬਰਾੜ ਨੂੰ ਅਹੁਦੇ ਤੋਂ ਹਟਾ ਕੇ ਕੌਂਸਲਰ ਧਰਮਿੰਦਰ ਸਿੰਘ ਰੱਖੜਾ ਨੂੰ ਨਵਾਂ ਉਪ ਪ੍ਰਧਾਨ ਚੁਣ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਸੰਬਰ 2024 ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਜਨਵਰੀ 2025 ਵਿੱਚ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਅਗਵਾਈ ਹੇਠ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਹੋਈ ਸੀ।
ਉਸ ਵੇਲੇ ਸੋਨੀਆ ਗੁਪਤਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਅਤੇ ਰਣਜੀਤ ਸਿੰਘ ਟੀਟੂ ਬਰਾੜ ਨੂੰ ਉਪ ਪ੍ਰਧਾਨ ਚੁਣਿਆ ਗਿਆ ਸੀ। ਚੋਣ ਦੌਰਾਨ ਸਾਬਕਾ ਉਪ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ, ਕੌਂਸਲਰ ਮਨਦੀਪ ਕੱਕੜ ਸਣੇ 'ਆਪ' ਦੇ ਕਈ ਕੌਂਸਲਰ ਚੋਣ ਪ੍ਰਕਿਰਿਆ ਤੋਂ ਗੈਰਹਾਜ਼ਰ ਰਹੇ। ਪਿਛਲੇ ਕਈ ਮਹੀਨਿਆਂ ਤੋਂ ਨਗਰ ਕੌਂਸਲ ਦੇ ਕੌਂਸਲਰਾਂ ਵਿਚਾਲੇ ਮਤਭੇਦਾਂ ਅਤੇ ਖਿੱਚੋਤਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਦੂਜੇ ਪਾਸੇ ਧਰਮਿੰਦਰ ਸਿੰਘ ਰੱਖੜਾ ਦੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਉੱਧਰ ਵਿਰੋਧੀ ਧਿਰਾਂ ਵੀ ਇਸ ਪੂਰੇ ਘਟਨਾਕ੍ਰਮ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਇਸ ਨੂੰ ਆਮ ਆਦਮੀ ਪਾਰਟੀ ਅੰਦਰਲੇ ਮਤਭੇਦਾਂ ਨਾਲ ਜੋੜ ਕੇ ਸਿਆਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਚੋਣ ਨਾਲ ਇੱਥੇ ਸਿਆਸਤ ਭਖ ਗਈ ਹੈ।
