ਨਗਰ ਕੌਂਸਲ ਬਨੂੜ ਦੀ 13 ਵਾਰਡਾਂ 'ਤੇ ਹੋਈ ਚੋਣ ਵਿਚ ਹੁਕਮਰਾਨ ਆਮ ਆਦਮੀ ਪਾਰਟੀ (ਆਪ) ਨੇ ਹੂੰਝਾ ਫੇਰ ਜਿੱਤ ਦਰਜ ਕਰਦਿਆਂ 10 ਸੀਟਾਂ 'ਤੇ ਕਬਜ਼ਾ ਕਰ ਲਿਆ ਜਦਕਿ ਕਾਂਗਰਸ ਨੂੰ ਤਿੰਨ ਸੀਟਾਂ 'ਤੇ ਸਬਰ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਕਾਂਗਰਸ ਵੱਲੋਂ ਚੋਣ ਮੈਦਾਨ ਵਿਚ ਉੱਤਰੇ ਨਗਰ ਕੌਂਸਲ ਬਨੂੜ ਦੇ ਦੋ ਸਾਬਕਾ ਕੌਂਸਲ ਪ੍ਰਧਾਨਾਂ ਜਗਤਾਰ ਸਿੰਘ ਕੰਬੋਜ ਅਤੇ ਲਛਮਣ ਸਿੰਘ ਚੰਗੇਰਾ ਨੂੰ ਹਾਰ ਨਸੀਬ ਹੋਈ।
ਬਨੂੜ ਦੀ ਐੱਸ ਡੀ ਐੱਮ ਡਾ ਅੰਕਿਤਾ ਕਾਂਸਲ ਦੀ ਨਿਗਰਾਨੀ ਅਤੇ ਡੀ ਐੱਸ ਪੀ ਸੁਖਦੇਵ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਦੇ ਸੁਚੱਜੇ ਪ੍ਰਬੰਧਾਂ ਕਾਰਨ ਸ਼ਹਿਰ ਵਿਚ ਸਾਰਾ ਚੋਣ ਅਮਲ ਅਮਨ ਅਤੇ ਸਾਂਤੀ ਪੂਰਵਕ ਮੁਕੰਮਲ ਹੋਇਆ।
ਨਤੀਜਿਆਂ ਮੁਤਾਬਕ ਵਾਰਡ ਨੰਬਰ 1, 2, 3, 4, 6, 7, 8, 9, 10, ਅਤੇ 12 ਤੋਂ ਕ੍ਰਮਵਾਰ 'ਆਪ' ਉਮੀਦਵਾਰ ਜਸਪਾਲ ਕੌਰ, ਬਲਜੀਤ ਸਿੰਘ, ਸੁਦੇਸ਼ ਰਾਣੀ, ਲਖਵਿੰਦਰ ਸਿੰਘ ਲੱਕੀ ਸੰਧੂ, ਹਰਜੋਤ ਸਿੰਘ ਬਾਜਵਾ, ਜਸਵੀਰ ਕੌਰ, ਭਜਨ ਲਾਲ ਨੰਦਾ, ਪਰਵਿੰਦਰ ਕੌਰ, ਜਸਵਿੰਦਰ ਕੌਰ ਅਤੇ ਕਰਨੈਲ ਸਿੰਘ ਜੇਤੂ ਰਹੇ। ਵਾਰਡ ਨੰਬਰ 5 ਤੋਂ ਕਾਂਗਰਸ ਦੀ ਪ੍ਰੀਤੀ ਵਾਲੀਆ ਲਗਾਤਾਰ ਵਾਰ ਤੀਜੀ ਜੇਤੂ ਬਣੀ। ਵਾਰਡ ਨੰਬਰ 11 ਤੋਂ ਕਾਂਗਰਸ ਦੇ ਸਾਧੂ ਸਿੰਘ ਤੇ ਵਾਰਡ 13 ਤੋਂ ਕਾਂਗਰਸ ਦੀ ਰਾਜਿੰਦਰ ਕੌਰ ਨੇ ਜਿੱਤ ਹਾਸਲ ਕੀਤੀ। ਬਨੂੜ ਦੀ ਐੱਸ ਡੀ ਐੱਮ ਡਾ ਅੰਕਿਤਾ ਕਾਂਸਲ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਸਰਟੀਫ਼ਿਕੇਟ ਸੌਂਪੇ। ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਪੁੱਤਰ ਲਵਿਸ਼ ਮਿੱਤਲ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ। ਜੇਤੂ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਸਮੇਤ ਸ਼ਹਿਰ ਵਿਚ ਜੇਤੂ ਜਲੂਸ ਕੱਢੇ ਗਏ ਅਤੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਿਆ। ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਉਹ ਬਨੂੜ ਵਾਸੀਆਂ ਵੱਲੋਂ ਦਿੱਤੇ ਫ਼ਤਵੇ ਨੂੰ ਸਵੀਕਾਰ ਕਰਦੇ ਹਨ ਤੇ ਨਤੀਜਿਆਂ ਦਾ ਮੰਥਨ ਕਰਨਗੇ।
