Dailyhunt

ਬਠਿੰਡਾ 'ਚ 71 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ

ਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਲਗਪਗ 71 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ। ਸ਼ਹਿਰ ਦੇ ਸਮੁੱਚੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਅਹਿਮ ਮਤਿਆਂ 'ਤੇ ਚਰਚਾ ਕੀਤੀ ਗਈ ਅਤੇ ਕਈ ਮਤੇ ਪਾਸ ਕੀਤੇ ਗਏ। ਮੀਟਿੰਗ ਵਿੱਚ ਕਮਿਸ਼ਨਰ ਲਵਜੀਤ ਕੌਰ ਕਲਸੀ, ਸੰਯੁਕਤ ਕਮਿਸ਼ਨਰ ਰਾਕੇਸ਼ ਮੀਣਾ, ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ, ਐੱਸ ਈ ਸੰਦੀਪ ਰੋਮਾਣਾ, ਐਕਸੀਅਨ ਰਾਜਿੰਦਰ ਕੁਮਾਰ ਅਤੇ ਨੀਰਜ ਕੁਮਾਰ, ਐੱਫ ਐਂਡ ਸੀ ਸੀ ਮੈਂਬਰ ਪ੍ਰਵੀਨ ਗਰਗ, ਉਮੇਸ਼ ਗਰਗ ਗੋਗੀ ਅਤੇ ਰਤਨ ਰਾਹੀ ਮੌਜੂਦ ਸਨ।

ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਕਈ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਸੜਕਾਂ ਦੀ ਮੁਰੰਮਤ, ਆਧੁਨਿਕ ਮਸ਼ੀਨਰੀ ਨਾਲ ਸਫਾਈ, ਮੀਂਹ ਦੇ ਪਾਣੀ ਦੇ ਨਿਕਾਸ ਲਈ ਸੜਕਾਂ 'ਤੇ ਜਾਲੀਆਂ ਦੀ ਸਫਾਈ ਅਤੇ ਹੋਰ ਕੰਮ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਵਾਰਡ ਨੰਬਰ 48 ਵਿੱਚ ਇੱਕ ਲਾਇਬ੍ਰੇਰੀ ਅਤੇ ਸੀਨੀਅਰ ਸਿਟੀਜ਼ਨਜ਼ ਹੋਮ ਅਤੇ ਵਾਰਡ ਨੰਬਰ 18 ਵਿੱਚ ਕਮਿਊਨਿਟੀ ਸੈਂਟਰ ਸਥਾਪਤ ਕਰਨ ਦੇ ਮਤਿਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹੀਦ ਜਰਨੈਲ ਸਿੰਘ ਚੌਕ ਦੇ ਨਵੀਨੀਕਰਨ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਲਗਪਗ 2 ਕਰੋੜ ਰੁਪਏ ਦੀ ਲਾਗਤ ਨਾਲ ਸਰਹਿੰਦ ਨਹਿਰ ਦੇ ਨੇੜੇ ਇੱਕ ਸੁੰਦਰ ਨੇਚਰ ਪਾਰਕ ਵਿਕਸਤ ਕਰਨ ਦੀ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਸ਼ਹਿਰ ਦੇ ਵਸਨੀਕਾਂ ਨੂੰ ਬਿਹਤਰ ਵਾਤਾਵਰਨ ਅਤੇ ਮਨੋਰੰਜਨ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਮੀਟਿੰਗ ਵਿੱਚ ਬਹਿਮਣ ਰੋਡ 'ਤੇ ਸਥਿਤ ਵਿਸ਼ਵਾਸ ਨਗਰ ਵਿੱਚ ਭਗਵਾਨ ਪਰਸ਼ੂਰਾਮ ਭਵਨ ਦੀ ਉਸਾਰੀ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਸ ਦੇ ਨਾਲ ਹੀ ਪਟਿਆਲਾ ਗੇਟ ਨੇੜੇ ਸ਼੍ਰੀ ਸ਼੍ਰੀ 108 ਸੰਤ ਸ੍ਰੀ ਨਵਲ ਸਾਹਿਬ ਮਹਾਰਾਜ ਮਾਰਗ ਦਰਸ਼ਨੀ ਗੇਟ ਦੀ ਉਸਾਰੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਤੋਂ ਬਾਅਦ ਬਠਿੰਡਾ ਸ਼ਹਿਰ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਜਾਵੇਗਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune