ਬਠਿੰਡਾ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਉਪ ਚੇਅਰਪਰਸਨ ਦੀ ਚੋਣ ਦਾ ਅਮਲ ਅੱਜ ਨੇਪੜੇ ਚੜ੍ਹ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਦੋਵਾਂ ਵੱਕਾਰੀ ਅਹੁਦਿਆਂ 'ਤੇ ਜਿੱਤ ਦਰਜ ਕੀਤੀ ਹੈ। ਜ਼ੋਨ ਪੂਹਲੀ ਤੋਂ ਚੁਣੇ ਗਏ ਮੈਂਬਰ ਸਵਰਨ ਸਿੰਘ ਪੂਹਲੀ ਨੂੰ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਚੁਣਿਆ ਗਿਆ ਹੈ, ਜਦਕਿ ਜ਼ੋਨ ਬੱਲੂਆਣਾ ਤੋਂ ਜਿੱਤੇ ਜਸਕਰਨ ਕੌਰ ਨੂੰ ਉਪ ਚੇਅਰਪਰਸਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਕਈ ਮਹੀਨਿਆਂ ਦੀ ਉਡੀਕ ਤੋਂ ਬਾਅਦ ਇਹ ਚੋਣ ਪ੍ਰਕਿਰਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਨਿਗਰਾਨਾਂ ਦੀ ਮੌਜੂਦਗੀ ਵਿੱਚ ਨੇਪਰੇ ਚਾੜ੍ਹੀ ਗਈ। ਪ੍ਰਸ਼ਾਸਨ ਵੱਲੋਂ ਚੋਣ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
14 ਦਸੰਬਰ 2025 ਨੂੰ ਹੋਈਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਲੀਡ ਹਾਸਲ ਕਰ ਲਈ ਸੀ। ਕੁੱਲ 17 ਸੀਟਾਂ 'ਚੋਂ ਅਕਾਲੀ ਦਲ ਨੇ 13 ਸੀਟਾਂ ਉੱਤੇ ਜਿੱਤ ਪ੍ਰਾਪਤ ਕਰ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਿੱਸੇ ਸਿਰਫ਼ 4 ਸੀਟਾਂ ਹੀ ਆਈਆਂ ਸਨ। ਇਸ ਵੱਡੇ ਬਹੁਮਤ ਨੂੰ ਦੇਖਦਿਆਂ ਅਕਾਲੀ ਦਲ ਦੀ ਜਿੱਤ ਪਹਿਲਾਂ ਤੋਂ ਹੀ ਯਕੀਨੀ ਮੰਨੀ ਜਾ ਰਹੀ ਸੀ। ਜ਼ਿਲ੍ਹੇ ਦੀਆਂ ਕੁੱਲ ਅੱਠ ਪੰਚਾਇਤ ਸਮਿਤੀਆਂ 'ਚੋਂ 5 'ਤੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਚੇਅਰਮੈਨ ਕਾਬਜ਼ ਹਨ। ਇਸ ਅਹਿਮ ਚੋਣ ਦੌਰਾਨ ਆਮ ਆਦਮੀ ਪਾਰਟੀ ਨਾਲ ਸਬੰਧਤ ਚਾਰ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਤਿੰਨ ਪੰਚਾਇਤ ਸਮਿਤੀਆਂ ਦੇ ਚੇਅਰਮੈਨ ਮਤਦਾਨ ਲਈ ਨਹੀਂ ਪੁੱਜੇ। ਵਿਰੋਧੀ ਧਿਰ ਦੀ ਇਸ ਗੈਰ-ਹਾਜ਼ਰੀ ਨੇ ਸ਼੍ਰੋਮਣੀ ਅਕਾਲੀ ਦਲ ਲਈ ਚੋਣ ਪ੍ਰਕਿਰਿਆ ਨੂੰ ਹੋਰ ਵੀ ਸੁਖਾਲਾ ਬਣਾ ਦਿੱਤਾ।
ਚੋਣ ਅਮਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿੱਚ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ ਅਤੇ ਜੇਤੂ ਉਮੀਦਵਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਨ੍ਹਾਂ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਅਤੇ ਸੂਬਾ ਆਗੂ ਬਲਕਾਰ ਸਿੰਘ ਗੋਨੇਆਣਾ ਪ੍ਰਮੁੱਖ ਤੌਰ 'ਤੇ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਤਜਿੰਦਰ ਸਿੰਘ ਮਿੱਡੂਖੇੜਾ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਇਕਬਾਲ ਸਿੰਘ ਬਬਲੀ ਢਿੱਲੋਂ, ਗੁਰਚਰਨ ਸਿੰਘ ਵੀ ਹਾਜ਼ਰ ਹੋਏ।
ਸੁਖਬੀਰ ਤੇ ਹਰਸਿਮਰਤ ਵੱਲੋਂ ਵਧਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਵਜੋਂ ਸਵਰਨ ਸਿੰਘ ਪੂਹਲੀ ਅਤੇ ਉਪ ਚੇਅਰਪਰਸਨ ਵਜੋਂ ਬੀਬੀ ਜਸਕਰਨ ਕੌਰ ਦੀ ਚੋਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਦੋਵਾਂ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਨਵ-ਚੁਣੇ ਚੇਅਰਮੈਨ ਅਤੇ ਉਪ ਚੇਅਰਪਰਸਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਟੀਮ ਲੋਕਾਂ ਦੀਆਂ ਉਮੀਦਾਂ ਉੱਤੇ ਖਰੀ ਉਤਰੇਗੀ ਅਤੇ ਜ਼ਿਲ੍ਹੇ ਦੇ ਵਿਕਾਸ ਲਈ ਸਮਰਪਿਤ ਹੋ ਕੇ ਕੰਮ ਕਰੇਗੀ। ਦੋਵਾਂ ਆਗੂਆਂ ਨੇ ਸਵਰਨ ਸਿੰਘ ਪੂਹਲੀ ਅਤੇ ਬੀਬੀ ਜਸਕਰਨ ਕੌਰ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਭਰੋਸੇ ਸਦਕਾ ਇਹ ਸਫ਼ਲਤਾ ਸੰਭਵ ਹੋਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਲੀਡਰਸ਼ਿਪ ਲੋਕ-ਹਿੱਤਾਂ ਨੂੰ ਪਹਿਲ ਦੇਵੇਗੀ ਅਤੇ ਜ਼ਿਲ੍ਹਾ ਪਰਿਸ਼ਦ ਰਾਹੀਂ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲੇਗੀ।
