Dailyhunt Logo
  • Light mode
    Follow system
    Dark mode
    • Play Story
    • App Story

Bathinda New Bus Stand: ਬਠਿੰਡੇ ਦਾ ਬੱਸ ਅੱਡਾ ਬਦਲਣ ਦੀ ਕਵਾਇਦ ਜਾਰੀ

ਨਾਗਰਿਕ ਚੇਤਨਾ ਮੰਚ ਬਠਿੰਡਾ ਦਾ ਦਾਅਵਾ ਹੈ ਕਿ ਬੱਸ ਅੱਡਾ ਬਠਿੰਡਾ ਨੂੰ ਸ਼ਹਿਰੋਂ ਬਾਹਰ ਲਿਜਾਣ ਦੀ ਕਵਾਇਦ ਇੱਕ ਵਾਰ ਠੱਪ ਹੋਣ ਤੋਂ ਬਾਅਦ ਕਥਿਤ ਤੌਰ 'ਤੇ ਹੁਣ ਫਿਰ ਸ਼ੁਰੂ ਹੋ ਚੁੱਕੀ ਹੈ। ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਇਹ ਦਾਅਵਾ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਦਿੱਲੀ ਤੋਂ ਆਈ ਇੱਕ ਕੰਸਟਰਕਸ਼ਨ ਕੰਪਨੀ ਦੇ ਕਰਮਚਾਰੀ ਪੀ.ਆਰ.ਟੀ.ਸੀ. (PRTC) ਰਾਹੀਂ ਮਲੋਟ ਰੋਡ 'ਤੇ ਬੱਸ ਅੱਡੇ ਦੀ ਉਸਾਰੀ ਲਈ 10 ਏਕੜ ਜਗ੍ਹਾ ਵੇਖਣ ਪਹੁੰਚੇ ਸਨ।

ਉਨ੍ਹਾਂ ਕਿਹਾ ਕਿ 'ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ' ਨੇ ਲਗਭਗ ਸਾਲ ਬਾਅਦ ਧਰਨਾ ਅੱਡਾ ਸ਼ਿਫ਼ਟ ਨਾ ਕਰਨ ਦੇ ਭਰੋਸੇ ਤੋਂ ਬਾਅਦ ਚੁੱਕਿਆ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਤਾਜ਼ਾ ਕਾਰਵਾਈ ਮਗਰੋਂ ਲੋਕਾਂ ਵਿੱਚ ਬੇਹੱਦ ਨਿਰਾਸ਼ਾ, ਰੋਹ ਅਤੇ ਗੁੱਸਾ ਹੈ। ਆਗੂਆਂ ਨੇ ਮੌਜੂਦਾ ਅੱਡੇ ਦੇ ਪੱਖ ਵਿੱਚ ਵਕਾਲਤ ਕਰਦਿਆਂ ਆਖਿਆ ਕਿ ਇਹ ਅੱਡਾ 14 ਏਕੜ ਜਗ੍ਹਾ ਵਿੱਚ ਢੁਕਵੀਂ ਥਾਂ 'ਤੇ ਹੈ ਅਤੇ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਅੱਡਾ ਸ਼ਹਿਰੋਂ ਬਾਹਰ ਕੱਢਣਾ ਲੋਕਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਆਦਿ ਵੱਡੇ ਸ਼ਹਿਰਾਂ ਦੇ ਬੱਸ ਅੱਡੇ ਸ਼ਿਫ਼ਟ ਨਾ ਕਰਨ ਦਾ ਤੱਥ ਪੇਸ਼ ਕਰਦਿਆਂ ਸਵਾਲ ਕੀਤਾ ਕਿ ਵਾਅਦਾ ਖ਼ਿਲਾਫ਼ੀ ਕਰਕੇ ਬਠਿੰਡੇ ਨਾਲ ਇਹ ਅਨਿਆਂ ਕਿਉਂ ਕੀਤਾ ਜਾ ਰਿਹਾ ਹੈ?

ਆਗੂਆਂ ਨੇ ਇਸ ਫੈਸਲੇ ਨੂੰ ਤਰਕਹੀਣ ਦੱਸਦਿਆਂ, ਲੋਕਾਂ ਨੂੰ ਸਰਕਾਰ 'ਤੇ ਦਬਾਅ ਬਣਾ ਕੇ ਫੈਸਲਾ ਰੱਦ ਕਰਵਾਉਣ ਦੀ ਅਪੀਲ ਕੀਤੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune