ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਇੱਥੋਂ ਨੇੜਲੇ ਪਿੰਡ ਪੱਤੜ ਕਲਾਂ ਵਿੱਚ ਭਗਵਾਨ ਵਾਲਮੀਕਿ ਦੇ ਨਿਸ਼ਾਨ ਸਾਹਿਬ ਦੀ ਭੰਨ੍ਹ-ਤੋੜ ਕਰ ਕੇ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਅੱਜ ਕਰਤਾਰਪੁਰ ਮੁਕੰਮਲ ਤੌਰ 'ਤੇ ਬੰਦ ਕਰਵਾਇਆ। ਇਸ ਦੌਰਾਨ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ। ਦੂਜੇ ਪਾਸੇ ਪੁਲੀਸ ਪ੍ਰਸ਼ਾਸਨ ਦੇ ਰਵੱਈਏ ਖ਼ਿਲਾਫ਼ ਜਥੇਬੰਦੀਆਂ ਨੇ ਥਾਣੇ ਦੇ ਸਾਹਮਣੇ ਵਾਲੀ ਲਿੰਕ ਸੜਕ 'ਤੇ ਵੀਰਵਾਰ ਤੋਂ ਜਾਮ ਲਾਇਆ ਹੋਇਆ ਹੈ।
ਡੀ ਐੱਸ ਪੀ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਦਰਸ਼ਨਕਾਰੀ ਵੀਰਵਾਰ ਰਾਤ ਤੋਂ ਸੜਕ 'ਤੇ ਡਟੇ ਹੋਏ ਹਨ। ਅੱਜ ਕਿਸੇ ਵੀ ਅਧਿਕਾਰੀ ਨੇ ਪ੍ਰਦਰਸ਼ਨਕਾਰੀ ਆਗੂਆਂ ਨਾਲ ਗੱਲਬਾਤ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਅੱਜ ਲਗਾਤਾਰ ਦੂਜੇ ਦਿਨ ਵੀ ਅਧਿਕਾਰੀਆਂ ਨੇ ਪੁਲੀਸ ਥਾਣੇ ਨੂੰ ਤਾਲਾ ਲਗਾ ਕੇ ਆਮ ਲੋਕਾਂ ਲਈ ਗੇਟ ਬੰਦ ਰੱਖਿਆ। ਇਸ ਮੌਕੇ ਵਿੱਢੇ ਗਏ ਸੰਘਰਸ਼ ਨੂੰ ਸਿਰੇ ਲਾਉਣ ਲਈ ਪਿੰਡ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਮਿਲਾ ਕੇ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲੀਸ ਪ੍ਰਸ਼ਾਸਨ ਬੇਅਦਬੀ ਕਰਨ ਵਾਲਿਆਂ ਦੀ ਪਿੱਠ ਥਾਪੜ ਰਿਹਾ ਹੈ ਕਿਉਂਕਿ ਉਹ ਸੱਤਾਧਾਰੀ ਧਿਰ ਨਾਲ ਸਬੰਧ ਰੱਖਦੇ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮਹਿੰਦਰ ਸਿੰਘ ਹਮੀਰਾ, ਜੋਗਿੰਦਰ ਸਿੰਘ ਮਾਨ, ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਪ੍ਰੀਤ ਸਿੰਘ ਚੀਦਾ, ਡਾ. ਹਰਜਿੰਦਰ ਮੱਟੂ, ਬਾਬਾ ਹੀਰਾ ਸਿੰਘ ਤੇ ਹੋਰ ਹਾਜ਼ਰ ਸਨ।
