Dailyhunt Logo
  • Light mode
    Follow system
    Dark mode
    • Play Story
    • App Story

ਬੇਮਿਸਾਲ ਅਦਾਕਾਰਾ ਸੁਰੱਈਆ

ਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਗਾਏ ਇੱਕ ਬੇਹੱਦ ਭਾਵਪੂਰਤ ਅਤੇ ਸੰਜੀਦਾ ਗੀਤ ਦੇ ਬੋਲ ਹਨ, 'ਜਿਨ੍ਹਾਂ ਦੇ ਰੂਪ ਨੇ ਸੋਹਣੇ, ਉਨ੍ਹਾਂ ਦੇ ਲੇਖ ਨੇ ਖੋਟੇ।' ਇਹ ਗੀਤ ਬੌਲੀਵੁੱਡ ਦੀਆਂ ਕਈ ਖ਼ੂਬਸੂਰਤ ਅਦਾਕਾਰਾਵਾਂ ਜਿਵੇਂ ਕਿ ਮਧੂਬਾਲਾ, ਮੀਨਾ ਕੁਮਾਰੀ, ਦਿਵਿਆ ਭਾਰਤੀ ਸਣੇ ਆਪਣੇ ਸਮੇਂ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸੁਰੱਈਆ ਦੇ ਦੁਸ਼ਵਾਰੀਆਂ ਭਰੇ ਜੀਵਨ 'ਤੇ ਵੀ ਪੂਰੀ ਤਰ੍ਹਾਂ ਢੁੱਕਦਾ ਹੈ।

ਇਨ੍ਹਾਂ ਹਸੀਨ ਫ਼ਨਕਾਰਾਂ ਨੇ ਆਪਣੀ ਬਾਕਾਮਲ ਅਦਾਕਾਰੀ ਸਦਕਾ ਸ਼ੋਹਰਤ ਦੀ ਬੁਲੰਦੀ ਤਾਂ ਭਾਵੇਂ ਹਾਸਿਲ ਕਰ ਲਈ ਸੀ, ਪਰ ਇਨ੍ਹਾਂ ਨੂੰ ਮਿਲੀ ਛੋਟੀ ਜਿਹੀ ਜ਼ਿੰਦਗੀ ਵੀ ਦੁੱਖਾਂ ਅਤੇ ਪਰੇਸ਼ਾਨੀਆਂ ਦੇ ਥਪੇੜਿਆਂ ਨਾਲ ਭਰਪੂਰ ਰਹੀ ਸੀ।
ਇੱਕ ਬੇਹੱਦ ਖ਼ੂਬਸੂਰਤ ਚਿਹਰਾ, ਜਾਨਦਾਰ ਅਦਾਕਾਰੀ ਅਤੇ ਬਹੁਤ ਹੀ ਸੁਰੀਲੀ ਆਵਾਜ਼ ਜਿਹੇ ਤਿੰਨ ਵੱਡੇ ਗੁਣ ਬੌਲੀਵੁੱਡ ਦੀ ਮਹਾਨ ਅਦਾਕਾਰਾ ਸੁਰੱਈਆ ਜਮਾਲ ਸ਼ੇਖ ਉਰਫ਼ ਸੁਰੱਈਆ ਦੀ ਪਛਾਣ ਸਨ। ਹਾਲਾਂਕਿ ਉਸ ਨੇ ਫਿਲਮੀ ਦੁਨੀਆ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ, ਪਰ ਅਸਲ ਜ਼ਿੰਦਗੀ ਵਿੱਚ ਉਹ ਇੱਕ ਜ਼ਖ਼ਮੀ ਦਿਲ, ਤਿੜਕੀ ਹੋਈ ਰੂਹ ਅਤੇ ਕੁਚਲੇ ਹੋਏ ਜਜ਼ਬਾਤਾਂ ਵਾਲੀ ਔਰਤ ਸੀ। ਉਸ ਨੂੰ ਮਸ਼ਹੂਰ ਅਦਾਕਾਰ ਦੇਵ ਆਨੰਦ ਨਾਲ ਪਿਆਰ ਹੋ ਗਿਆ ਸੀ, ਪਰ ਦੇਵ ਇੱਕ ਵਫ਼ਾਦਾਰ ਪ੍ਰੇਮੀ ਸਾਬਤ ਨਹੀਂ ਸੀ ਹੋਇਆ। ਫਿਰ ਉਸ ਨੇ ਐੱਮ. ਸਾਦਿਕ ਦੀ ਪਨਾਹ ਵਿੱਚ ਸਕੂਨ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਵੀ ਸਾਬਤ ਕਰ ਦਿੱਤਾ ਕਿ ਮਰਦ ਸਾਰੇ ਇੱਕੋ ਜਿਹੇ ਹੀ ਹੁੰਦੇ ਹਨ। ਇਫ਼ਤਖਾਰ ਅਤੇ ਓਮ ਪ੍ਰਕਾਸ਼ ਵਰਗੇ ਅਦਾਕਾਰਾਂ ਨੇ ਵੀ ਉਸ ਦੇ ਪ੍ਰਤੀ ਆਪਣੀ ਖਿੱਚ ਦਾ ਪ੍ਰਗਟਾਵਾ ਤਾਂ ਕੀਤਾ, ਪਰ ਦੋਵਾਂ ਵਿੱਚੋਂ ਕੋਈ ਵੀ ਉਸ ਦਾ ਦਿਲ ਨਾ ਜਿੱਤ ਸਕਿਆ। ਆਪਣੇ ਟੁੱਟੇ ਹੋਏ ਦਿਲ ਤੇ ਵਲੂੰਧਰੇ ਹੋਏ ਜਜ਼ਬਾਤਾਂ ਨੂੰ ਲੈ ਕੇ ਇੱਕ ਦਿਨ ਸੁਰੱਈਆ ਨੇ ਬੌਲੀਵੁੱਡ ਨੂੰ ਤਿਆਗ ਦਿੱਤਾ ਅਤੇ ਗੁਮਨਾਮੀ ਦੇ ਹਨੇਰਿਆਂ ਵਿੱਚ ਆਪਣੇ ਆਪ ਨੂੰ ਛੁਪਾਉਣ ਦੇ ਆਹਰ ਵਿੱਚ ਰੁੱਝ ਗਈ। ਉਸੇ ਇਕਾਂਤ ਅਤੇ ਗੁਮਨਾਮੀ ਭਰੀ ਹਾਲਤ 'ਚ ਉਸ ਨੇ 2004 ਵਿੱਚ ਆਪਣੇ ਅੰਤਿਮ ਸਾਹ ਲਏ ਸਨ।
ਦਰਅਸਲ, 15 ਜੂਨ, 1929 ਨੂੰ ਲਾਹੌਰ ਵਿਖੇ ਜਨਮੀ ਸੁਰੱਈਆ ਛੇ ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਨਾਲ ਮੁੰਬਈ ਆ ਗਈ ਸੀ ਅਤੇ ਫਿਰ ਇੱਥੇ ਹੀ ਪੱਕੇ ਤੌਰ 'ਤੇ ਵੱਸ ਗਈ ਸੀ। ਸਿਨੇਮਾ ਦੀ ਚਮਕਦਾਰ ਦੁਨੀਆ ਉਸ ਨੂੰ ਲਗਾਤਾਰ ਆਪਣੇ ਵੱਲ ਖਿੱਚਦੀ ਰਹੀ ਅਤੇ ਸਿਰਫ਼ ਬਾਰ੍ਹਾਂ ਸਾਲ ਦੀ ਉਮਰ ਵਿੱਚ ਉਸ ਨੂੰ ਸ੍ਰੀ ਨਾਨੂਭਾਈ ਵਕੀਲ ਦੁਆਰਾ ਨਿਰਦੇਸ਼ਿਤ ਫਿਲਮ 'ਤਾਜ ਮਹਿਲ' (1941) ਵਿੱਚ ਇੱਕ ਵੱਡਾ ਬਰੇਕ ਮਿਲਿਆ। ਇਸ ਫਿਲਮ ਵਿੱਚ ਉਸ ਨੇ ਬੇਗ਼ਮ ਮੁਮਤਾਜ਼ ਮਹਿਲ ਦਾ ਯਾਦਗਾਰੀ ਕਿਰਦਾਰ ਨਿਭਾਇਆ ਸੀ, ਪਰ ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਫਿਲਮ ਤੋਂ ਪਹਿਲਾਂ ਉਹ 1936 ਵਿੱਚ ਜੱਦਨ ਬਾਈ ਦੁਆਰਾ ਨਿਰਦੇਸ਼ਿਤ ਫਿਲਮ 'ਮੈਡਮ ਫੈਸ਼ਨ' ਵਿੱਚ ਇੱਕ ਬਾਲ ਕਲਾਕਾਰ ਵਜੋਂ ਬਹੁਤ ਛੋਟੀ ਭੂਮਿਕਾ ਵਿੱਚ ਪਰਦੇ 'ਤੇ ਦਿਖਾਈ ਦੇ ਚੁੱਕੀ ਸੀ। ਉਦੋਂ ਸੁਰੱਈਆ ਸਿਰਫ਼ 7 ਕੁ ਸਾਲ ਦੀ ਸੀ। ਉਸ ਤੋਂ ਬਾਅਦ ਇੱਕ ਬਾਲ ਕਲਾਕਾਰ ਅਤੇ ਗਾਇਕਾ ਦੇ ਰੂਪ ਵਿੱਚ ਉਸ ਨੇ 'ਅਬਲਾ', 'ਸਟੇਸ਼ਨ ਮਾਸਟਰ', 'ਤਮੰਨਾ' ਅਤੇ 'ਹਮਾਰੀ ਬਾਤ' ਆਦਿ ਸਮੇਤ ਕੁਝ ਹੋਰ ਫਿਲਮਾਂ ਕੀਤੀਆਂ ਸਨ। ਇਹ ਫਿਲਮਾਂ ਵੱਡੀਆਂ ਹਿੱਟ ਸਾਬਤ ਹੋਈਆਂ ਸਨ ਅਤੇ ਉਸ ਨੂੰ ਬਹੁਤ ਸਾਰਾ ਪੈਸਾ, ਪ੍ਰਸਿੱਧੀ ਅਤੇ ਸ਼ਲਾਘਾ ਉਸ ਦੀ ਝੋਲੀ ਆਣ ਪਏ ਸਨ।
ਬਤੌਰ ਹੀਰੋਇਨ ਉਸ ਦੀ ਪਹਿਲੀ ਫਿਲਮ ਸੀ 'ਇਸ਼ਾਰਾ' ਤੇ ਇਸ ਫਿਲਮ ਦਾ ਮੁੱਖ ਅਦਾਕਾਰ ਕੋਈ ਹੋਰ ਨਹੀਂ ਬਲਕਿ ਮਹਾਨ ਸਿਤਾਰਾ ਪ੍ਰਿਥਵੀ ਰਾਜ ਕਪੂਰ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਇੰਨੀ ਵੱਡੀ ਸਫਲਤਾ ਹਾਸਲ ਕੀਤੀ ਕਿ ਵੇਖਦਿਆਂ ਹੀ ਵੇਖਦਿਆਂ ਸੁਰੱਈਆ ਇੱਕ ਮੈਗਾਸਟਾਰ ਬਣ ਗਈ। ਦਿਲਚਸਪ ਗੱਲ ਇਹ ਹੈ ਕਿ 'ਇਸ਼ਾਰਾ' ਤੋਂ ਬਾਅਦ ਉਸ ਨੇ ਫਿਲਮਸਾਜ਼ ਕੇ.ਆਸਿਫ਼ ਦੀ 'ਫੂਲ' (1945) ਵਿੱਚ ਪ੍ਰਿਥਵੀ ਰਾਜ ਕਪੂਰ ਦੀ ਭੈਣ ਵਜੋਂ ਕੰਮ ਕੀਤਾ ਅਤੇ ਕੇ.ਆਸਿਫ਼ ਦੁਆਰਾ ਉਸ ਨੂੰ ਉਸ ਦੀ ਉਸ ਭੂਮਿਕਾ ਲਈ 40,000 ਰੁਪਏ ਦੀ ਵੱਡੀ ਰਕਮ ਵੀ ਅਦਾ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਨੂੰ 'ਤਦਬੀਰ', 'ਪਰਵਾਨਾ' ਅਤੇ 'ਉਮਰ ਖ਼ੱਆਮ' ਆਦਿ ਫਿਲਮਾਂ ਵਿੱਚ ਕੇ.ਐੱਲ. ਸਹਿਗਲ, 'ਅਫ਼ਸਰ' , 'ਜੀਤ' ਅਤੇ 'ਸ਼ਾਇਰ' ਵਿੱਚ ਸੁਪਰਸਟਾਰ ਦੇਵ ਆਨੰਦ, 'ਸ਼ਮ੍ਹਾ ਪਰਵਾਨਾ' ਵਿੱਚ ਸ਼ੰਮੀ ਕਪੂਰ, 'ਮਾਸ਼ੂਕਾ' ਵਿੱਚ ਗਾਇਕ ਤੇ ਅਦਾਕਾਰ ਮੁਕੇਸ਼ ਵਰਗੇ ਮਹਾਨ ਅਦਾਕਾਰਾਂ ਨਾਲ ਜੋੜੀ ਬਣਾਉਣ ਦਾ ਸ਼ਰਫ਼ ਹਾਸਲ ਹੋਇਆ ਸੀ। ਉਸ ਨੇ ਅਦਾਕਾਰ ਪ੍ਰੇਮ ਨਾਥ ਨਾਲ 'ਸ਼ੌਕੀਨ' ਅਤੇ ਰਾਜ ਕਪੂਰ ਨਾਲ 'ਦਾਸਤਾਨ' ਨਾਮਕ ਫਿਲਮਾਂ ਵੀ ਕੀਤੀਆਂ ਸਨ। ਇਨ੍ਹਾਂ ਸੁਪਰਹਿਟ ਫਿਲਮਾਂ ਤੋਂ ਇਲਾਵਾ ਕੁਝ ਹੋਰ ਫਿਲਮਾਂ ਜਿਨ੍ਹਾਂ ਵਿੱਚ ਉਸ ਨੇ ਆਪਣੀ ਬੇਮਿਸਾਲ ਪ੍ਰਤਿਭਾ ਦਾ ਬਹੁਤ ਹੀ ਕੁਸ਼ਲਤਾ ਨਾਲ ਪ੍ਰਦਰਸ਼ਨ ਕੀਤਾ ਸੀ, ਉਹ ਸਨ 'ਅਨਮੋਲ ਘੜੀ', 'ਦੀਵਾਨਾ', 'ਦਿਲਲਗੀ', 'ਦਰਦ', 'ਮਿਰਜ਼ਾ ਗਾਲਿਬ', 'ਡਾਕ ਬੰਗਲਾ', 'ਬੜੀ ਬਹਿਨ', 'ਬਿਲਵ ਮੰਗਲ', 'ਮਿਸਟਰ ਲੰਬੂ', 'ਖਿਲਾੜੀ', 'ਵਾਰਿਸ', 'ਮਿਸ 1958' ਅਤੇ 'ਕੰਚਨ'। ਇਹ ਕਾਫ਼ੀ ਦਿਲਚਸਪ ਹੈ ਕਿ ਉਸ ਦੀ ਆਖਰੀ ਫਿਲਮ ਵੀ ਪ੍ਰਿਥਵੀ ਰਾਜ ਕਪੂਰ ਨਾਲ ਸੀ ਅਤੇ ਉਹ ਬਲਾਕਬਸਟਰ ਫਿਲਮ ਸੀ 'ਰੁਸਤਮ ਸੋਹਰਾਬ'।
ਸੁਰੱਈਆ ਨਾ ਸਿਰਫ਼ ਇੱਕ ਮਸ਼ਹੂਰ ਅਦਾਕਾਰਾ ਸੀ ਬਲਕਿ ਇੱਕ ਬਹੁਤ ਹੀ ਸੁਰੀਲੀ ਅਤੇ ਬਹੁਪੱਖੀ ਗਾਇਕਾ ਵੀ ਸੀ। ਇਹ ਜਾਣਨਾ ਬਹੁਤ ਦਿਲਚਸਪ ਹੈ ਕਿ ਉਸ ਨੇ ਬਹੁਤ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਛੇ ਸਾਲ ਦੀ ਉਮਰ ਵਿੱਚ ਜਦੋਂ ਉਹ ਆਲ ਇੰਡੀਆ ਰੇਡੀਓ 'ਤੇ ਬੱਚਿਆਂ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਗਾਇਕੀ ਦੀ ਪੇਸ਼ਕਾਰੀ ਦੇਣ ਗਈ ਸੀ ਤਾਂ ਉਸ ਦੇ ਸਹਿ ਕਲਾਕਾਰ ਰਾਜ ਕਪੂਰ ਅਤੇ ਮਦਨ ਮੋਹਨ ਸਨ ਜੋ ਬਾਅਦ ਵਿੱਚ ਬੌਲੀਵੁੱਡ ਦੇ ਵੱਡੇ ਸਿਤਾਰੇ ਬਣੇ ਸਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਸ ਨੇ ਅਦਾਕਾਰਾ ਮਹਿਤਾਬ ਲਈ ਪਿੱਠਵਰਤੀ ਗਾਇਕਾ ਵਜੋਂ ਕੰਮ ਕੀਤਾ ਸੀ, ਪਰ ਬਾਅਦ ਵਿੱਚ ਆਪਣੀਆਂ ਸਾਰੀਆਂ ਫਿਲਮਾਂ ਵਿੱਚ ਉਸ ਨੇ ਸਿਰਫ਼ ਆਪਣੇ ਲਈ ਹੀ ਗੀਤ ਰਿਕਾਰਡ ਕੀਤੇ ਸਨ। 1943 ਵਿੱਚ ਉਸ ਨੇ ਫਿਲਮ 'ਕਾਨੂੰਨ' ਵਿੱਚ ਉੱਘੇ ਸੰਗੀਤ ਨਿਰਦੇਸ਼ਕ ਨੌਸ਼ਾਦ ਦੁਆਰਾ ਸੰਗੀਤਬੱਧ ਇੱਕ ਗੀਤ 'ਏਕ ਤੁਮ ਹੋ, ਏਕ ਮੈਂ ਹੂੰ' ਗਾਇਆ ਸੀ ਜੋ ਲਾਤੀਨੀ ਅਮਰੀਕੀ ਸੰਗੀਤ ਦੀਆਂ ਵਿਸ਼ੇਸ਼ਤਾਵਾਂ ਵਾਲਾ ਬੌਲੀਵੁੱਡ ਦਾ ਪਹਿਲਾ ਗੀਤ ਸੀ। ਉਸ ਦੇ ਕਈ ਸੁਪਰਹਿੱਟ ਗੀਤਾਂ ਵਿੱਚੋਂ, ਕੁਝ ਗੀਤ ਜਿਨ੍ਹਾਂ ਦਾ ਇੱਥੇ ਬੜੇ ਮਾਣ ਨਾਲ ਜ਼ਿਕਰ ਕੀਤਾ ਜਾ ਸਕਦਾ ਹੈ ਉਹ ਹਨ : 'ਮੈਂ ਤੇਰਾ ਚਾਂਦ, ਤੂ ਮੇਰੀ ਚਾਂਦਨੀ', 'ਬਿਸਤਰ ਬਿਛਾ ਲਿਆ ਹੈ', 'ਤੇਰੇ ਦਰ ਕੇ ਸਾਮਨੇ', 'ਰਾਨੀ ਖੋਲ੍ਹ ਦੇ ਦੁਆਰ ਮਿਲਨੇ ਕਾ ਦਿਨ ਆ ਗਯਾ', 'ਯਾਦ ਕਰੂੰ ਤੋਹਰੀ ਬਤੀਆਂ', 'ਨੈਨ ਦੀਵਾਨੇ ਏਕ ਨਾ ਮਾਨੇ', 'ਤੇਰੇ ਨੈਨੋ ਨੇ ਚੋਰੀ ਕੀਆ ਮੇਰਾ ਛੋਟਾ ਸਾ ਜੀਆ', 'ਪਰਵਾਨੋਂ ਸੇ ਪ੍ਰੀਤ ਸੀਖ ਲੀ, ਸ਼ਮ੍ਹਾ ਸੇ ਜਲ ਜਾਨਾ' ਅਤੇ 'ਓ ਦੂਰ ਜਾਨੇ ਵਾਲੇ ਵਾਅਦਾ ਭੂਲ ਨਾ ਜਾਨਾ' ਆਦਿ। ਉਸ ਨੇ ਕੁਲ 67 ਫਿਲਮਾਂ ਵਿੱਚ ਕੰਮ ਕੀਤਾ ਸੀ ਅਤੇ ਆਪਣੀ ਮਨਮੋਹਕ ਆਵਾਜ਼ ਵਿੱਚ 338 ਗੀਤ ਗਾਏ ਸਨ। ਉਸ ਨੇ ਮਹਾਨ ਸੰਗੀਤ ਨਿਰਦੇਸ਼ਕ ਨੌਸ਼ਾਦ ਲਈ ਲਗਭਗ 51 ਗੀਤ ਅਤੇ ਪ੍ਰਸਿੱਧ ਸੰਗੀਤ ਨਿਰਦੇਸ਼ਕ ਜੋੜੀ ਹੁਸਨ ਲਾਲ-ਭਗਤ ਰਾਮ ਲਈ 64 ਗੀਤ ਗਾਏ ਸਨ।
ਸੁਰੱਈਆ ਨੇ ਭਰ ਜਵਾਨੀ ਵਿੱਚ ਦੇਵ ਅਨੰਦ ਨਾਲ ਸੱਚੀ ਮੁਹੱਬਤ ਕੀਤੀ ਸੀ ਤੇ ਉਨ੍ਹਾਂ ਦੀ ਮੁਹੱਬਤ ਦੇ ਕਿੱਸੇ ਜ਼ਮਾਨੇ ਭਰ ਵਿੱਚ ਮਕਬੂਲ ਵੀ ਹੋਏ ਸਨ। ਵਿਆਹ ਦੇ ਮੌਕੇ ਸੁਰੱਈਆ ਦੇ ਘਰਦਿਆਂ ਨੇ ਅਤੇ ਦੇਵ ਅਨੰਦ ਦੇ ਪਰਿਵਾਰ ਨੇ ਧਰਮ ਦੀਆਂ ਦੀਵਾਰਾਂ ਖਿੱਚ ਦਿੱਤੀਆਂ ਤੇ ਦੋ ਮੁਹੱਬਤ ਭਰੇ ਦਿਲ ਸਦਾ ਲਈ ਅਲੱਗ ਕਰ ਦਿੱਤੇ। ਦੇਵ ਅਨੰਦ ਨੇ ਤਾਂ ਵਿਆਹ ਕਰਵਾ ਕੇ ਆਪਣਾ ਘਰ ਵਸਾ ਲਿਆ, ਪਰ ਸੁਰੱਈਆ ਨੇ ਮੁੜ ਕਦੇ ਕਿਸੇ ਨੂੰ ਦਿਲ ਅਤੇ ਜ਼ਿੰਦਗੀ ਵਿੱਚ ਥਾਂ ਨਾ ਦਿੱਤੀ ਤੇ ਦੇਵ ਦੀਆਂ ਯਾਦਾਂ ਦੇ ਸਹਾਰੇ ਇਕਾਂਤ ਵਿੱਚ ਜ਼ਿੰਦਗੀ ਜਿਉਣ ਦਾ ਫ਼ੈਸਲਾ ਕਰ ਲਿਆ। ਇਸ ਤਰ੍ਹਾਂ ਸੱਚੀ ਮੁਹੱਬਤ ਤੋਂ ਵਿਰਵੀ ਰਹਿ ਕੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਪੂਰਨ ਇਕਾਂਤ ਵਿੱਚ ਗੁਜ਼ਾਰਨ ਤੋਂ ਬਾਅਦ ਸੁਰੱਈਆ ਨੇ 31 ਜਨਵਰੀ, 2004 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਉਸ ਦੇ ਦੁਖਦਾਈ ਦੇਹਾਂਤ 'ਤੇ ਉਸ ਦੀ ਸਹਿ-ਅਦਾਕਾਰਾ ਰਹੀ ਤਬੱਸੁਮ ਨੇ ਕਿਹਾ ਸੀ, ''ਇਹ ਦੁੱਖ ਦੀ ਗੱਲ ਹੈ ਕਿ ਉਸ ਨੇ ਆਪਣੇ ਆਖਰੀ ਦਿਨਾਂ ਵਿੱਚ ਦੁਨੀਆ ਲਈ ਆਪਣੇ ਦਰਵਾਜ਼ੇ ਬੰਦ ਕਰ ਲਏ ਸਨ। ਮੈਨੂੰ ਸਾਡੀ ਆਖਰੀ ਗੱਲਬਾਤ ਯਾਦ ਹੈ। ਮੈਂ ਉਸ ਨੂੰ ਪੁੱਛਿਆ ਸੀ, ''ਆਪਾ ਜੀ ਕੈਸੀ ਹੋ ?'' ਤਾਂ ਉਸ ਨੇ ਅੱਗੋਂ ਸ਼ਾਇਰੀ ਵਿੱਚ ਜਵਾਬ ਦਿੱਤਾ ਸੀ, ''ਗੁਜ਼ਰ ਰਹੀ ਹੈ ਸਭੀ ਪੂਛਤੇ ਹੈਂ ਮੁਝਸੇ, ਕੈਸੇ ਗੁਜ਼ਾਰਤੀ ਹੂੰ, ਕੋਈ ਨਹੀਂ ਪੂਛਤਾ।'' ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸੁਰੱਈਆ ਨੂੰ ਹਮੇਸ਼ਾਂ ਇੱਕ ਬੇਹੱਦ ਪ੍ਰਤਿਭਾਸ਼ਾਲੀ ਅਦਾਕਾਰਾ ਦੇ ਨਾਲ-ਨਾਲ ਇੱਕ ਮਹਾਨ ਗਾਇਕਾ, ਪ੍ਰੰਤੂ ਸੱਚੀ ਮੁਹੱਬਤ ਤੋਂ ਵਿਰਵੀ ਬਦਕਿਸਮਤ ਅਦਾਕਾਰਾ ਵਜੋਂ ਯਾਦ ਕੀਤਾ ਜਾਂਦਾ ਰਹੇਗਾ।
ਸੰਪਰਕ: 97816-46008

Dailyhunt
Disclaimer: This content has not been generated, created or edited by Dailyhunt. Publisher: Punjabi Tribune