ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਵੱਲੋਂ ਭਵਾਨੀਪੁਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਨੂੰ ਅੱਜ ਸਿਆਸੀ ਸ਼ਕਤੀ ਪ੍ਰਦਰਸ਼ਨ ਵਿੱਚ ਬਦਲ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਵਿੱਚ ਤਬਦੀਲੀ ਦਾ 'ਸ਼ਾਰਟਕੱਟ' ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਆਪਣੀ ਸੀਟ 'ਤੇ ਹਰਾਉਣਾ ਹੈ।
ਉਂਝ ਭਾਜਪਾ ਨੂੰ ਬਹੁਮਤ ਨਾਲ ਸਰਕਾਰ ਬਣਾਉਣ ਲਈ 170 ਸੀਟਾਂ ਜਿੱਤਣੀਆਂ ਪੈਣਗੀਆਂ ਪਰ ਇਕੱਲੇ ਭਵਾਨੀਪੁਰ ਵਿੱਚ ਅਧਿਕਾਰੀ ਦੀ ਜਿੱਤ ਨਾਲ ਹੀ ਸੂਬੇ ਦੀ ਸਿਆਸਤ ਵਿੱਚ ਆਪਣੇ ਆਪ ਤਬਦੀਲੀ ਆ ਜਾਵੇਗੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀ ਨੂੰ ਨੰਦੀਗ੍ਰਾਮ ਦੇ ਆਪਣੇ ਰਵਾਇਤੀ ਗੜ੍ਹ ਤੱਕ ਸੀਮਤ ਰਹਿਣ ਦੀ ਬਜਾਏ ਮੁੱਖ ਮੰਤਰੀ ਦੇ ਗੜ੍ਹ ਭਵਾਨੀਪੁਰ ਤੋਂ ਚੋਣ ਲੜਨ ਲਈ ਖੁਦ ਰਾਜ਼ੀ ਕੀਤਾ ਹੈ। ਸ਼ਾਹ ਨੇ ਕਿਹਾ, ''ਸ਼ੁਵੇਂਦੂ ਦਾ ਨੰਦੀਗ੍ਰਾਮ ਤੋਂ ਚੋਣ ਲੜਨਾ ਚਾਹੁੰਦੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਸਿਰਫ਼ ਨੰਦੀਗ੍ਰਾਮ ਨਹੀਂ, ਤੁਹਾਨੂੰ ਮਮਤਾ ਬੈਨਰਜੀ ਦੇ ਘਰ ਵਿੱਚ ਵੜ ਕੇ ਉਨ੍ਹਾਂ ਨੂੰ ਉੱਥੇ ਹੀ ਹਰਾਉਣਾ ਹੈ।''
ਸ੍ਰੀ ਸ਼ਾਹ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ 2021 ਵਿੱਚ ਸੱਤਾ ਵਿੱਚ ਪਰਤਣ ਦੇ ਬਾਵਜੂਦ ਮਮਤਾ ਨੰਦੀਗ੍ਰਾਮ ਵਿੱਚ ਅਧਿਕਾਰੀ ਤੋਂ ਹਾਰ ਗਈ ਸੀ। ਜ਼ਿਕਰਯੋਗ ਹੈ ਕਿ ਭਵਾਨੀਪੁਰ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮਮਤਾ ਦਾ ਸਿਆਸੀ ਗੜ੍ਹ ਰਿਹਾ ਹੈ। ਹਾਜ਼ਰਾ ਕਰਾਸਿੰਗ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਸ਼ਾਹ ਅਤੇ ਅਧਿਕਾਰੀ ਪ੍ਰਚਾਰ ਵਾਹਨ 'ਤੇ ਇੱਕਠੇ ਖੜ੍ਹੇ ਸਨ।
ਭਾਜਪਾ ਕਿਸੇ ਧਰਮ ਜਾਂ ਭਾਸ਼ਾ ਦੇ ਖ਼ਿਲਾਫ਼ ਨਹੀਂ: ਗਡਕਰੀ
ਗੁਹਾਟੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਭਾਜਪਾ ਕਿਸੇ ਵੀ ਜਾਤ, ਧਰਮ ਜਾਂ ਭਾਸ਼ਾ ਦੇ ਖ਼ਿਲਾਫ਼ ਨਹੀਂ ਹੈ ਅਤੇ ਅਨੇਕਤਾ ਵਿੱਚ ਏਕਤਾ ਹੀ 'ਸਾਡੀ ਵਿਸ਼ੇਸ਼ਤਾ' ਹੈ। ਅਸਾਮ ਦੇ ਪਲਾਸ਼ਬਾੜੀ ਚੋਣ ਖੇਤਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਵਿੱਚ ਦਿੱਤੀ ਛੋਟ ਸੰਵਿਧਾਨ ਦੇ ਮਾਰਗਦਰਸ਼ਨ ਅਨੁਸਾਰ ਹੈ। -ਪੀਟੀਆਈ
