ਬਲਾਕ ਭਗਤਾ ਭਾਈ ਅਧੀਨ ਪੈਂਦੇ ਪਿੰਡ ਕੇਸਰ ਸਿੰਘ ਵਾਲਾ ਦੀ ਮਹਿਲਾ ਸਰਪੰਚ ਸਤਵੰਤ ਕੌਰ ਦੇ ਪਤੀ ਸ਼ਿਵਜੀ ਕੁਮਾਰ (34) ਨੇ ਕੁੱਝ ਵਿਅਕਤੀਆਂ ਤੋਂ ਕਥਿਤ ਤੌਰ 'ਤ ਪ੍ਰੇਸ਼ਾਨ ਹੋ ਕੇ ਅੱਜ ਫਾਹਾ ਲੈ ਲਿਆ। ਪਰਿਵਾਰ ਨੇ ਥਾਣਾ ਭਗਤਾ ਭਾਈ ਦੀ ਪੁਲੀਸ ਕੋਲ ਦਰਜ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਪਿੰਡ ਦੇ ਕੁਝ ਲੋਕ ਸਰਪੰਚ ਅਤੇ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੇ ਸਨ।
ਇਸ ਪ੍ਰੇਸ਼ਾਨੀ ਦੇ ਚਲਦਿਆਂ ਹੀ ਸਿਵਜੀ ਕੁਮਾਰ ਨੇ ਅੱਜ ਘਰ ਵਿਚ ਫਾਹਾ ਲੈ ਲਿਆ। ਪੁਲੀਸ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਕੇਸ ਸਬੰਧੀ ਕਾਰਵਾਈ ਕੀਤੀ ਜਾਵੇਗੀ। ਸ਼ਿਵਜੀ ਕੁਮਾਰ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹਨ।
