Dailyhunt Logo
  • Light mode
    Follow system
    Dark mode
    • Play Story
    • App Story

ਭੈਣ ਨਾਨਕੀ ਦਾ ਵੀਰ

ਭੈਣ ਬੇਬੇ ਨਾਨਕੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਤੋਂ ਪੰਜ ਸਾਲ ਵੱਡੇ ਸਨ। ਇਸ ਹਿਸਾਬ ਨਾਲ ਉਨ੍ਹਾਂ ਦਾ ਜਨਮ ਦਾ ਵਰ੍ਹਾ 1464 ਈਸਵੀ ਬਣਦਾ ਹੈ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਬੇਬੇ ਨਾਨਕੀ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਵਿੱਚ 1464 ਈਸਵੀ ਨੂੰ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਬੇਬੇ ਨਾਨਕੀ ਦੇ ਜਨਮ ਦਾ ਸਾਲ ਬਿਕਰਮੀ ਸੰਮਤ 1521 ਅਰਥਾਤ 1464 ਈਸਵੀ ਹੀ ਲਿਖਿਆ ਹੈ।

ਭੈਣ ਨਾਨਕੀ ਨੂੰ ਆਮ ਬੋਲਚਾਲ ਵਿੱਚ ਅਕਸਰ ਬੇਬੇ ਨਾਨਕੀ ਆਖਿਆ ਜਾਂਦਾ ਹੈ। 'ਬੇਬੇ' ਵੱਡਾ ਅਤੇ ਅਤਿ ਸਤਿਕਾਰ ਸੂਚਕ ਸ਼ਬਦ ਉਨ੍ਹਾਂ ਦੇ ਨਾਂ ਨਾਲ ਪੱਕੇ ਤੌਰ 'ਤੇ ਜੁੜਿਆ ਹੋਇਆ ਹੈ। ਪੰਜਾਬੀ ਸੱਭਿਆਚਾਰ ਦਾ ਇਤਿਹਾਸਕ ਅਧਿਐਨ ਦੱਸਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਸਾਡੇ ਪੰਜਾਬੀ ਪਰਿਵਾਰ ਵਿੱਚ ਜਨਮੀ ਸਭ ਤੋਂ ਪਹਿਲੀ (ਪਲੇਠੀ) ਲੜਕੀ ਨੂੰ ਸਤਿਕਾਰ ਵਜੋਂ 'ਬੇਬੇ' ਜਾਂ 'ਬੇਬੇ ਜੀ' ਕਹਿ ਕੇ ਬੁਲਾਉਂਦੇ ਸਨ। ਬਾਬਾ ਨਾਨਕ ਵੀ ਆਪਣੀ ਵੱਡੀ ਭੈਣ ਨਾਨਕੀ ਨੂੰ ਸਤਿਕਾਰ ਵਜੋਂ 'ਬੇਬੇ ਜਾਂ 'ਬੇਬੇ ਜੀ' ਕਹਿ ਕੇ ਹੀ ਪੁਕਾਰਦੇ ਸਨ। ਇਹ ਇੱਕ ਠੋਸ ਤੱਥ ਹੈ ਕਿ ਇੱਕ ਤਾਂ ਵੱਡੀਆਂ ਕੁੜੀਆਂ (ਧੀਆਂ ਜਾਂ ਭੈਣਾਂ) ਕੁਦਰਤ ਵੱਲੋਂ ਹੀ ਸਿਆਣਪ ਦੀ ਰਹਿਮਤ ਨਾਲ ਵਰੋਸਾਈਆਂ ਜਾਂ ਨਿਵਾਜੀਆਂ ਹੁੰਦੀਆਂ ਹਨ। ਦੂਜਾ, ਵੱਡੀਆਂ ਹੋਣ ਕਰਕੇ ਇਹ ਛੇਤੀ ਹੀ ਘਰੇਲੂ ਕੰਮਕਾਰ ਵਿੱਚ ਬੜੀਆਂ ਨਿਪੁੰਨ ਹੋ ਜਾਂਦੀਆਂ ਹਨ ਅਤੇ ਫਿਰ ਆਪਣੇ ਮਾਪਿਆਂ ਵਿਸ਼ੇਸ਼ ਕਰਕੇ ਮਾਵਾਂ ਨਾਲ ਕੰਮ 'ਚ ਹੱਥ ਵਟਾਉਣ ਲੱਗ ਜਾਂਦੀਆਂ ਹਨ।
ਖ਼ੁਦ ਪੰਜ ਵਰ੍ਹਿਆਂ ਦੀ ਬੱਚੀ ਹੁੰਦਿਆਂ ਭੈਣ ਨਾਨਕੀ ਆਪਣੇ ਨਿੱਕੇ ਵੀਰ ਦੀ ਪੈਗ਼ੰਬਰੀ ਅਜ਼ਮਤ ਦੀ ਨੇੜਲੀ ਰਾਜ਼ਦਾਰ ਸੀ। ਉਹ ਬਚਪਨ ਦੇ ਦਿਨਾਂ ਤੋਂ ਹੀ ਉਨ੍ਹਾਂ ਦੀ ਵੱਡੀ ਸੁਰੱਖਿਆ ਛੱਤਰੀ, ਪਰਛਾਵੇਂ ਵਰਗੀ ਸਾਥਣ ਅਤੇ ਨਿਗਰਾਨ ਵੀ ਸੀ। ਉਹ ਵੀਰ ਦੀ ਹਰ ਪ੍ਰਕਾਰ ਨਾਲ ਦੇਖ-ਭਾਲ, ਸਾਂਭ-ਸੰਭਾਲ, ਨਿਗਰਾਨੀ ਕਰਿਆ ਕਰਦੀ ਸੀ। ਮਮਤਾ ਨਾਲ ਲਬਰੇਜ਼ ਭੈਣ ਨਾਨਕੀ ਦਾ ਪਿਆਰ, ਨਿਰਸੰਦੇਹ ਇੱਕ ਬੇਬੇ ਵਾਲੇ ਪਿਆਰ ਨਾਲੋਂ ਕਿਸੇ ਵੀ ਪੱਖੋਂ ਊਣਾ ਨਹੀਂ ਸੀ। ਮੋੜਵੇਂ ਹੁੰਗਾਰੇ ਵਜੋਂ ਬਾਲ ਨਾਨਕ ਵੀ ਉਨ੍ਹਾਂ ਨੂੰ ਪਿਆਰ ਨਾਲ 'ਬੇਬੇ' ਕਹਿੰਦੇ ਸਨ। ਅੱਜ ਪੂਰਾ ਗੁਰੂ ਨਾਨਕ ਨਾਮ ਲੇਵਾ ਸਿੱਖ ਸਮਾਜ ਵੀ ਉਨ੍ਹਾਂ ਨੂੰ ਵੱਡੇ ਸਤਿਕਾਰ ਨਾਲ ਬੇਬੇ ਨਾਨਕੀ ਆਖਦਾ ਹੈ। ਦੋਵਾਂ ਭੈਣ-ਭਰਾਵਾਂ ਦੇ ਆਪਸੀ ਗੂੜ੍ਹੇ ਪਿਆਰ, ਨਿੱਘੇ ਰਿਸ਼ਤੇ ਅਤੇ ਤਾਲਮੇਲ ਵਾਂਗ ਇਨ੍ਹਾਂ ਦੇ ਨਾਵਾਂ ਵਿੱਚ ਵੀ ਡਾਢੀ ਇਕਸੁਰਤਾ, ਸੁਹਜ ਅਤੇ ਸਾਂਝ ਹੈ। ਮਹਿਤਾ ਕਾਲੂ ਪਰਿਵਾਰ ਦੀ ਪਲੇਠੀ ਔਲਾਦ ਨਾਨਕੀ ਦਾ ਮੁਹਾਂਦਰਾ ਅਤੇ ਨੈਣ-ਨਕਸ਼ ਮਾਤਾ ਤ੍ਰਿਪਤਾ ਜੀ, ਨਾਨਾ-ਨਾਨੀ ਅਤੇ ਮਾਮੇ ਵਰਗੇ ਸਨ। ਦੂਸਰਾ, ਉਨ੍ਹਾਂ ਦਾ ਜਨਮ ਵੀ ਨਾਨਕੇ ਪਿੰਡ ਹੋਇਆ ਸੀ। ਫਲਸਰੂਪ ਸਾਡੇ ਸਮਾਜ ਵਿੱਚ ਪ੍ਰਚੱਲਿਤ ਰਿਵਾਜ ਅਤੇ ਦਸਤੂਰ ਅਨੁਸਾਰ ਦਾਦਕਿਆਂ ਦੇ ਪੂਰੇ ਪਰਿਵਾਰ ਨੇ ਇਸ ਨਵਜੰਮੀ ਬੱਚੀ ਨੂੰ ਪਿਆਰ ਨਾਲ ਨਾਨਕਿਆਂ (ਨਾਨਕੀਆਂ) 'ਤੇ ਗਈ, ਅਰਥਾਤ ਨਾਨਕੀ-ਨਾਨਕੀ ਆਖਣਾ ਸ਼ੁਰੂ ਕਰ ਦਿੱਤਾ ਅਤੇ ਇਉਂ ਇਨ੍ਹਾਂ ਦਾ ਨਾਂ ਨਾਨਕੀ ਪ੍ਰਚੱਲਿਤ ਹੋ ਗਿਆ।
ਬੇਬੇ ਨਾਨਕੀ ਤੋਂ ਪੰਜ ਸਾਲ ਬਾਅਦ ਜਦੋਂ ਬਾਬਾ ਨਾਨਕ ਦਾ ਜਨਮ ਹੋਇਆ ਤਾਂ ਉਨ੍ਹਾਂ ਦਾ ਚਿਹਰਾ-ਮੁਹਰਾ ਵੀ ਭੈਣ ਨਾਨਕੀ, ਮਾਤਾ ਤ੍ਰਿਪਤਾ , ਨਾਨਾ-ਨਾਨੀ ਅਤੇ ਮਾਮੇ (ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਨਾਨਾ ਜੀ ਦਾ ਨਾਂ ਰਾਮ ਜੀ, ਨਾਨੀ ਜੀ ਦਾ ਨਾਂ ਭਿਰਾਈ ਜੀ ਅਤੇ ਮਾਮਾ ਜੀ ਦਾ ਨਾਂ ਕ੍ਰਿਸ਼ਨਾ ਜੀ ਸੀ) ਅਰਥਾਤ ਨਾਨਕਿਆਂ ਜਾਂ ਨਾਨਕੀਆਂ ਨਾਲ ਮਿਲਦਾ-ਜੁਲਦਾ ਸੀ। ਦੂਜਾ, ਦੋਵੇਂ ਭੈਣ-ਭਰਾਵਾਂ ਦੀਆਂ ਸ਼ਕਲਾਂ-ਸੂਰਤਾਂ ਇੱਕ-ਦੂਜੇ ਨਾਲ ਮਿਲਦੀਆਂ ਹੋਣ ਕਰਕੇ ਸਾਰਾ ਬੇਦੀ ਪਰਿਵਾਰ ਉਨ੍ਹਾਂ ਨੂੰ ਸਾਡੀ ਨਾਨਕੀ, ਸਾਡਾ ਨਾਨਕ ਆਖਣ ਲੱਗ ਪਏ।
ਸਾਡੇ ਪੰਜਾਬੀ ਸਮਾਜ ਵਿੱਚ ਇਹ ਰੁਝਾਨ ਵੀ ਬਹੁਤ ਪ੍ਰਚੱਲਿਤ ਰਿਹਾ ਹੈ ਕਿ ਜਦੋਂ ਵੱਡੀ ਧੀ ਤੋਂ ਬਾਅਦ ਪੁੱਤਰ ਪੈਦਾ ਹੁੰਦਾ ਹੈ ਤਾਂ ਵੱਡੀ ਲੜਕੀ (ਧੀ/ਭੈਣ) ਪ੍ਰਤੀ ਸਤਿਕਾਰ ਤੇ ਸ਼ੁਕਰਗੁਜ਼ਾਰੀ ਦਾ ਭਾਵ ਪ੍ਰਗਟ ਕਰਦਿਆਂ ਲਾਡ, ਪਿਆਰ ਤੇ ਖ਼ੁਸ਼ੀ ਨਾਲ ਵੱਡੀ ਧੀ ਦੇ ਇਸਤਰੀ ਲਿੰਗ ਨਾਂ ਨੂੰ ਪੁਲਿੰਗ ਰੂਪ ਵਿੱਚ ਰੂਪਾਂਤਰਿਤ ਕਰਕੇ ਛੋਟੇ ਪੁੱਤਰ ਦਾ ਨਾਂ ਰੱਖ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜੇ ਪਲੇਠਾ ਬੱਚਾ ਲੜਕਾ ਹੋਵੇ ਤਾਂ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਧੀ ਦਾ ਨਾਂ ਵੀ ਪੁੱਤਰ ਦੇ ਨਾਂ ਅਨੁਸਾਰ ਹੀ ਰੱਖ ਦਿੱਤਾ ਜਾਂਦਾ ਹੈ।
ਸਪੱਸ਼ਟ ਹੈ ਕਿ ਭੈਣ ਨਾਨਕੀ ਅਤੇ ਵੀਰ ਨਾਨਕ ਦੀ ਅਨੋਖੀ ਜੋੜੀ ਮਨ, ਚਰਿੱਤਰ ਅਤੇ ਸ਼ਖ਼ਸੀਅਤ ਪੱਖੋਂ ਧੁਰ ਅੰਦਰੋਂ ਇਕਰੂਪ ਅਤੇ ਇੱਕ-ਦੂਜੇ ਦੀ ਪੂਰਕ ਨਹੀਂ ਸਗੋਂ ਨਾਵਾਂ ਪੱਖੋਂ ਅਤੇ ਬਾਹਰੀ ਤੌਰ 'ਤੇ ਵੀ ਇੱਕ-ਦੂਜੇ ਦੀ ਪੂਰਕ ਹੈ। ਦੋਵੇਂ ਇੱਕ-ਦੂਜੇ ਦੀ ਹੋਂਦ ਅਤੇ ਪਛਾਣ ਦਾ ਮੂਲ ਆਧਾਰ ਹਨ। ਇੱਕ-ਦੂਜੇ ਤੋਂ ਬਿਨਾਂ ਅਧੂਰੇ ਹਨ। ਇਹੋ ਠੋਸ ਕਾਰਨ ਹੈ ਕਿ ਜਿੱਥੇ-ਜਿੱਥੇ ਵੀ ਅਤੇ ਜਦੋਂ-ਜਦੋਂ ਵੀ ਵੀਰ ਨਾਨਕ 'ਤੇ ਕੋਈ ਔਕੜ ਬਣਦੀ ਹੈ ਜਾਂ ਉਨ੍ਹਾਂ ਦੁਆਰਾ ਕੀਤੇ ਕਿਸੇ ਕਾਰਜ ਕਾਰਨ ਘਰ ਵਿੱਚ ਜਾਂ ਘਰੋਂ ਬਾਹਰ ਕੋਈ ਕਲੇਸ਼, ਝਗੜਾ ਤੇ ਵਿਵਾਦ ਖੜ੍ਹਾ ਹੁੰਦਾ ਹੈ ਜਾਂ ਕੋਈ ਰੌਲਾ ਪੈਂਦਾ ਹੈ ਤਾਂ ਬੇਬੇ ਨਾਨਕੀ ਸੰਘਣੇ ਰੁੱਖ ਦੀ ਛਾਂ ਅਤੇ ਢਾਲ ਬਣ ਕੇ ਉੱਥੇ ਆਣ ਖਲੋਂਦੀ।
ਹੱਥੀਂ ਪਾਲੇ ਪਿਆਰੇ ਵੀਰ ਨੂੰ ਤੱਤੀ 'ਵਾ ਨਾ ਲੱਗਣ ਦਿੰਦੀ। ਇਉਂ ਕਰਦਿਆਂ ਉਹ ਸਭ ਨੂੰ ਇਹੋ ਆਖਦੀ, ''ਤੁਸੀਂ ਅਣਭੋਲ ਅਤੇ ਅਣਜਾਣ ਲੋਕ ਮੇਰੇ ਪਿਆਰੇ ਅਤੇ ਉੱਚੇ-ਸੁੱਚੇ ਵੀਰ ਨਾਨਕ ਦੀਆਂ ਧੁਰ ਦਰਗਾਹੀ ਗੱਲਾਂ ਅਤੇ ਗੁੱਝੀਆਂ ਰਮਜ਼ਾਂ ਨੂੰ ਨਹੀਂ ਸਮਝਦੇ; ਤੁਹਾਨੂੰ ਉੱਕਾ ਨਹੀਂ ਪਤਾ ਕਿ ਇਹ ਜੋ ਕੁਝ ਵੀ ਕਰਦਾ ਏ, ਸਭ ਠੀਕ ਕਰਦਾ ਏ।'' ਦੁਨੀਆਦਾਰ ਮਾਪਿਆਂ, ਖ਼ਾਸਕਰ ਪਿਤਾ ਮਹਿਤਾ ਕਾਲੂ ਦੇ ਨਜ਼ਰੀਏ ਤੋਂ ਐਨ ਉਲਟ ਭੈਣ ਨਾਨਕੀ ਜਾਣਦੀ ਸੀ, 'ਮੇਰਾ ਵੀਰ ਉੱਚਾ ਹੈ, ਅਨੋਖਾ ਹੈ ਅਤੇ ਧੁਰੋਂ ਆਇਆ ਹੈ।' ਉਹ ਮਹਿਸੂਸ ਕਰਦੀ ਸੀ, 'ਮੇਰੇ ਸੰਸਾਰੀ ਮਾਤਾ-ਪਿਤਾ ਉਸ ਨੂੰ ਸੰਸਾਰੀ ਢੰਗ ਨਾਲ ਚਲਾਉਣਾ ਲੋਚਦੇ ਹਨ ਅਤੇ ਜਦੋਂ ਚਲਾ ਨਹੀਂ ਸਕਦੇ ਤਾਂ ਔਖੇ, ਉਦਾਸ ਤੇ ਦੁਖੀ ਹੁੰਦੇ ਹਨ'। ਇਸ ਲਈ ਉਹ ਸਮੇਂ-ਸਮੇਂ 'ਤੇ ਉਨ੍ਹਾਂ ਨੂੰ, ਖ਼ਾਸਕਰ ਮਾਤਾ ਤ੍ਰਿਪਤਾ ਨੂੰ ਸਮਝਾਉਂਦੀ, ''ਤੁਸੀਂ ਔਖੇ ਨਾ ਹੋਇਆ ਕਰੋ। ਚੰਗੀ ਗੱਲ ਇਹ ਹੈ ਕਿ ਤੁਸੀਂ ਵੀਰ ਨੂੰ ਖ਼ੁਸ਼ ਰੱਖੋ, ਉਸ ਮੁਤਾਬਿਕ ਚੱਲੋ। ਫਿਰ ਦੇਖਣਾ, ਕੋਈ ਅਜਿਹੀ ਗੱਲ ਨਿਕਲੇਗੀ ਕਿ ਤੁਸੀਂ ਸੌਖੇ ਅਤੇ ਸੁਖੀ ਹੋਵੋਗੇ।''
ਅੱਗੋਂ ਮਾਂ ਨੇ ਰੋਸ ਅਤੇ ਸ਼ਿਕਵਾ ਕਰਦਿਆਂ ਆਖਣਾ, ''ਧੀਏ! ਤੂੰ ਉਸ ਨੂੰ ਤਾਂ ਕੀ ਸਮਝਾਉਣੈ, ਉਲਟਾ ਸਾਨੂੰ ਮੱਤਾਂ ਦਿੰਦੀ ਐਂ ਅਤੇ ਉਸ ਦਾ ਪੱਖ ਪੂਰਦੀ ਐਂ। ਤੂੰ ਉਸ ਨਾਲੋਂ ਵੱਡੀ ਐਂ, ਸਿਆਣੀ ਐਂ। ਤੈਨੂੰ ਚਾਹੀਦੈ ਕਿ ਤੂੰ ਨਾ ਸਿਰਫ਼ ਸਾਡਾ ਦੁੱਖ ਸਮਝੇਂ ਸਗੋਂ ਉਸ ਨੂੰ ਵੀ ਸਮਝਾਵੇਂ ਕਿ ਉਹ ਸਾਡੇ ਆਖੇ ਲੱਗੇ। ਸਾਡੇ ਮੁਤਾਬਕ ਚੱਲੇ।'' ਅੱਗੋਂ ਬੇਬੇ ਨਾਨਕੀ ਇਸ ਮਾਮਲੇ ਵਿੱਚ ਆਪਣੀ ਬੇਵਸੀ ਪ੍ਰਗਟ ਕਰਦਿਆਂ ਬੜੇ ਸਤਿਕਾਰ ਨਾਲ ਜਵਾਬ ਦਿੰਦੀ, ''ਅੰਮਾ ਜੀ! ਮੈਂ ਉਮਰੋਂ ਭਾਵੇਂ ਨਾਨਕ ਨਾਲੋਂ ਵੱਡੀ ਹਾਂ ਪਰ ਉਂਝ ਤਾਂ ਉਹੀ ਵੱਡਾ ਏ। ਉਸ ਨੂੰ ਮੈਂ ਕੀ ਆਖਾਂ? ਹਾਂ, ਤੁਹਾਡੇ ਦੁੱਖ ਦੀ ਮਾਰੀ ਮੈਂ ਜੇ ਕਦੇ ਆਖਦੀ ਹਾਂ ਕਿ ਵੀਰ! ਮਾਂ ਅਤੇ ਪਿਤਾ ਜੀ ਦੁਖੀ ਹਨ, ਕੁਝ ਉਨ੍ਹਾਂ ਦੇ ਮਨ ਦੀ ਵੀ ਸੁਣਿਆ ਕਰ ਤਾਂ ਮੇਰੇ ਵੱਲ ਤੱਕ ਕੇ ਆਖਦਾ ਏ, 'ਬੇਬੇ ਜੀ! ਤੁਸੀਂ ਵੀ ਉਹੋ ਗੱਲਾਂ ਕਰਨ ਲੱਗੇ ਹੋ?' ਫੇਰ ਮਾਂ ਜੀ! ਮੇਰੇ ਅੰਦਰ ਇੱਕ ਖੋਹ ਜਿਹੀ ਪੈਂਦੀ ਹੈ। ਕੁਝ ਪਲ ਚੁੱਪ ਕਰਕੇ ਬੈਠ ਜਾਂਦੀ ਹਾਂ। ਫਿਰ ਮੈਥੋਂ ਆਪ-ਮੁਹਾਰੇ ਹੀ ਕਹਿ ਹੋ ਜਾਂਦੈ, 'ਨਹੀਂ ਵੀਰ! ਜਿਵੇਂ ਤੁਸਾਂ ਦੀ ਮੌਜ। ਤੁਸੀਂ ਬੜੇ ਉੱਚੇ ਹੋ'। ਕਿਸੇ ਵੇਲੇ ਮੈਂ ਕਹਿੰਦੀ ਹਾਂ, 'ਵੀਰ! ਪਿਤਾ ਜੀ ਡਾਢੇ ਦੁੱਖ ਵਿੱਚ ਹਨ' ਤਾਂ ਅੱਗੋਂ ਕਿਸੇ ਅਨੋਖੇ ਵਿਸਮਾਦੀ ਰੰਗ ਵਿੱਚ ਰੰਗਿਆ, ਅਰਸ਼ਾਂ ਵੱਲ ਤੱਕ ਕੇ ਨੈਣ ਭਰ ਲੈਂਦੈ ਅਤੇ ਕਹਿੰਦਾ ਏ, 'ਹਾਂ ਬੇਬੇ ਜੀ! ਜਗਤ ਬੜਾ ਦੁਖੀ ਹੈ'। ਮੈਂ ਤੁਹਾਨੂੰ ਕੀ ਦੱਸਾਂ ਅੰਮਾ ਜੀ! ਉਸ ਦੀਆਂ ਕਈ ਸੰਕੇਤਕ ਅਤੇ ਰਮਜ਼ਮਈ ਬਾਤਾਂ ਤਾਂ ਮੇਰੇ ਵੀ ਸਿਰ ਉੱਤੋਂ ਦੀ ਲੰਘ ਜਾਂਦੀਆਂ ਨੇ।''
ਦੂਜੇ ਬੰਨੇ ਪਿਤਾ ਮਹਿਤਾ ਕਾਲੂ ਨੂੰ ਲੱਗਦਾ ਸੀ ਕਿ ਧੀ ਨਾਨਕੀ ਦੀ ਸੁਰ ਅਤੇ ਰਾਇ ਸਾਡੇ ਨਾਲ ਨਹੀਂ ਸਗੋਂ ਆਪਣੇ ਭਰਾ ਨਾਨਕ ਨਾਲ ਰਲਦੀ ਹੈ। ਉਨ੍ਹਾਂ ਨੂੰ ਇਹ ਵੀ ਜਾਪਦਾ ਸੀ ਕਿ ਨਾਨਕ, ਨਾਨਕੀ ਦਾ ਆਖਾ ਹਰਗਿਜ਼ ਨਹੀਂ ਮੋੜਦਾ। ਇਸ ਬਾਰੇ ਉਹ ਧੀ ਨਾਨਕੀ ਨੂੰ ਸਿੱਧੇ ਤੌਰ 'ਤੇ ਭਾਵੇਂ ਕਦੇ ਕੁਝ ਨਹੀਂ ਸਨ ਕਹਿੰਦੇ ਪਰ ਅਸਿੱਧੇ ਤੌਰ 'ਤੇ ਪਤਨੀ ਤ੍ਰਿਪਤਾ ਨੂੰ ਗਾਹੇ-ਬਗਾਹੇ ਇਹ ਆਖਦੇ ਰਹਿੰਦੇ ਸਨ, ''ਬੀਬੀ (ਨਾਨਕੀ) ਨੂੰ ਕਹੋ ਕਿ ਉਹ ਆਪਣੇ ਵੀਰ ਨਾਨਕ ਨੂੰ ਕੁਝ ਸਮਝਾਵੇ, ਮੱਤ ਦੇਵੇ।'' ਅੱਗੋਂ ਵੀਰ ਦੀ ਇਲਾਹੀ ਹਸਤੀ ਦੀ ਜਾਣਨਹਾਰ, ਪਿਆਰ-ਗੁੱਧੀ ਭੈਣ ਨਾਨਕੀ ਦਾ ਰਵੱਈਆ ਇਹ ਸੀ ਕਿ ਉਹ ਨਾ ਤਾਂ ਵੀਰ ਨੂੰ ਆਪ ਕੁਝ ਆਖਦੀ ਅਤੇ ਨਾ ਹੀ ਮਾਤਾ-ਪਿਤਾ ਨੂੰ ਕੁਝ ਆਖਣ ਦਿੰਦੀ। ਜਦੋਂ ਵੀ ਕਿਤੇ ਕੋਈ ਗੱਲ ਚੱਲਦੀ ਤਾਂ ਉਹ ਇਹੋ ਆਖ ਕੇ ਗੱਲ ਮੁਕਾ ਦਿੰਦੀ, ''ਮੇਰਾ ਵੀਰ ਵੱਡਾ ਦਰਵੇਸ਼ ਏ, ਬਹੁਤ ਉੱਚਾ ਏ, ਪਿਆਰਾ ਏ। ਤੁਸੀਂ ਇਸ ਨੂੰ ਕੁਝ ਨਾ ਆਖੋ। ਇਹ ਆਪੇ ਜੋ ਚਾਹੇਗਾ, ਸੋ ਕਰੇਗਾ।''
ਨਿਰਸੰਦੇਹ, ਨਾਨਕ ਨੂੰ ਬਾਬਾ ਗੁਰੂੂ ਨਾਨਕ ਸਾਹਿਬ ਬਣਾਉਣ ਵਿੱਚ ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਦਾ ਬਹੁਤ ਵੱਡਾ ਹੱਥ ਸੀ। ਬਾਬਾ ਨਾਨਕ ਦੇ ਪੈਗ਼ੰਬਰੀ ਸਰੂਪ ਨੂੰ ਪਹਿਲੀ ਵਾਰ ਨਿਹਾਰਨ, ਪਛਾਣਨ ਅਤੇ ਮਾਨਤਾ ਪ੍ਰਦਾਨ ਕਰਨ ਦਾ ਸੁਭਾਗ ਵੀ ਸ਼ਾਇਦ ਭੈਣ ਨਾਨਕੀ ਨੂੰ ਹੀ ਹਾਸਿਲ ਹੋਇਆ ਸੀ। ਭੈਣ ਨਾਨਕੀ ਦਾ ਆਪਣੇ ਛੋਟੇ ਵੀਰ ਨਾਲ ਪਿਆਰ ਭਰਿਆ ਨਿੱਘਾ ਰਿਸ਼ਤਾ ਭੈਣ-ਭਰਾ ਅਤੇ ਗੁਰੂ-ਸਿੱਖ ਦੇ ਆਦਰਸ਼ ਪਿਆਰ ਦਾ ਲਖਾਇਕ ਹੈ।
ਇਹ ਵੀ ਸੱਚ ਹੈ ਕਿ ਬਚਪਨ ਤੋਂ ਬਾਅਦ ਹੋਸ਼ ਸੰਭਾਲਣ ਵਾਲੀ ਉਮਰ ਵਿੱਚ ਜਦੋਂ ਬਾਬਾ ਨਾਨਕ ਦੀ ਨਿਰੰਕਾਰੀ ਸੋਚ ਉਨ੍ਹਾਂ ਦੇ ਪਿਤਾ ਦੀ ਸੰਸਾਰੀ ਸੋਚ ਨੂੰ ਬਹੁਤੀ ਪਸੰਦ ਨਹੀਂ ਸੀ ਆਈ ਤਾਂ ਅਜਿਹੀ ਤਣਾਅ ਵਾਲੀ ਸਥਿਤੀ ਦੌਰਾਨ ਸੁਲਤਾਨਪੁਰ ਲੋਧੀ ਵਿਆਹੀ ਉਨ੍ਹਾਂ ਦੀ ਵੱਡੀ ਭੈਣ ਨਾਨਕੀ ਅਤੇ ਭਾਈਆ ਜੈ ਰਾਮ ਜੀ (ਜੀਜੇ) ਦਾ ਘਰ ਤੇ ਦਿਲ ਦਾ ਬਾਗ਼ ਗੁਰੂ ਨਾਨਕ ਦੇਵ ਜੀ ਦੀ ਤੇਜਸਵੀ ਹਸਤੀ ਦੇ ਹੋਰ ਮੌਲਣ ਅਤੇ ਨਿਖਰਨ ਦਾ ਸਾਜ਼ਗਾਰ ਟਿਕਾਣਾ ਬਣਿਆ।
ਆਮ ਪ੍ਰਚੱਲਿਤ ਰਵਾਇਤ ਮੁਤਾਬਿਕ ਪੰੰਜਾਬੀ ਸਮਾਜ 'ਚ ਭਰਾ ਦਾ ਵਿਆਹੀ ਭੈਣ ਅਤੇ ਭਾਈਏ (ਜੀਜੇ) ਦੇ ਘਰ ਰਹਿਣਾ ਭਾਵੇਂ ਬਹੁਤਾ ਚੰਗਾ ਤੇ ਪ੍ਰਵਾਨਯੋਗ ਨਹੀਂ ਸੀ ਮੰਨਿਆ ਜਾਂਦਾ ਪਰ ਗੁਰੂ ਨਾਨਕ ਦੇਵ ਜੀ ਦੇ ਨਿਆਰੇ ਸੁਭਾਅ ਅਤੇ ਸ਼ਖ਼ਸੀਅਤ ਨੇ ਪੰਜਾਬੀ ਸਮਾਜ ਦੀ ਇਸ ਪ੍ਰਚੱਲਿਤ ਰੀਤ ਤੋਂ ਉਤਾਂਹ ਉੱਠਦਿਆਂ ਇਸ ਨੂੰ ਨਾ ਸਿਰਫ਼ ਤੋੜਿਆ ਅਤੇ ਬਦਲਿਆ ਸਗੋਂ ਇਸ ਨੂੰ ਸਿਫ਼ਤੀ ਅਤੇ ਸਵੀਕਾਰਨਯੋਗ ਦਿੱਖ ਵੀ ਪ੍ਰ੍ਰਦਾਨ ਕੀਤੀ। ਉਨ੍ਹਾਂ ਨੇ ਆਪਣੀ ਮਾਂ ਵਰਗੀ ਅਤਿ ਸਤਿਕਾਰਯੋਗ ਭੈਣ ਅਤੇ ਪਿਓ ਵਰਗੇ ਪਿਆਰੇ ਭਾਈਏ ਦੇ ਘਰ ਨੂੰ ਆਪਣੀ ਕਰਮ-ਭੂਮੀ ਬਣਾ ਕੇ ਯਥਾਰਥ ਅਤੇ ਪਰਮਾਰਥ ਦੀ ਦੁਨੀਆ ਅੰਦਰ ਰੱਬੀ ਬੰਦਗੀ ਦੇ ਨਵੇਂ ਪ੍ਰਤੀਮਾਨ ਅਤੇ ਦਿਸਹੱਦੇ ਕਾਇਮ ਕੀਤੇ।
ਭੈਣ ਅਤੇ ਜੀਜੇ ਕੋਲ ਰਹਿੰਦਿਆਂ 'ਗਿਰਹੀ ਮਾਹਿ ਉਦਾਸੀ' ਵਾਲੇ ਨਿਰਾਲੇ ਮਾਰਗ 'ਤੇ ਚੱਲਦਿਆਂ ਬਾਬਾ ਨਾਨਕ ਨੇ ਸੁਲਤਾਨਪੁਰ ਲੋਧੀ ਦੇ ਨਵਾਬ ਦੇ ਮੋਦੀਖਾਨੇ ਵਿੱਚ ਨੌਕਰੀ ਕਰਦਿਆਂ ਜਿੱਥੇ ਇੱਕ ਪਾਸੇ ਆਮ ਦੁਨੀਆਦਾਰਾਂ ਵਾਂਗ ਸੰਸਾਰ ਦੀ ਕਾਰ ਨੂੰ ਬਾਖ਼ੂਬੀ ਨਿਭਾਇਆ ਉੱਥੇ 'ਤੇਰਾ ਤੇਰਾ' ਤੋਲ ਕੇ ਰੂਹਾਨੀ ਬੰਦਗੀ ਦੇ ਆਪਣੇ ਅਨੋਖੇ ਤੇਜਸਵੀ ਸਫ਼ਰ ਨੂੰ ਵੀ ਨਿਰੰਤਰ ਜਾਰੀ ਰੱਖਿਆ। ਰਮਣੀਕ ਕੁਦਰਤੀ ਵਾਤਾਵਰਨ ਨਾਲ ਵਰੋਸਾਈ ਵੇਈਂ ਨਦੀ ਦੇ ਆਲੇ-ਦੁਆਲੇ ਵਿਚਰਦਿਆਂ ਜਪ-ਤਪ ਕੀਤਾ। ਡੂੰਘੀ ਧਿਆਨ ਸਾਧਨਾ ਕੀਤੀ। ਨਾਮ ਸਿਮਰਨ ਦਾ ਅਭਿਆਸ ਕਰਦਿਆਂ 'ਲੰਮੀ ਨਦਰਿ ਦੇ ਪੈਂਡੇ' ਤੈਅ ਕੀਤੇ। ਮਾਤਾ ਸੁਲੱਖਣੀ ਨੂੰ ਵਿਆਹੁਣ ਲਈ ਬਟਾਲੇ ਢੁੱਕੀ ਬਾਬੇ ਨਾਨਕ ਦੀ ਜੰਝ ਵੀ ਉਨ੍ਹਾਂ ਦੀ ਪਿਆਰੀ ਭੈਣ ਦੇ ਘਰੋਂ ਸੁਲਤਾਰਪੁਰ ਲੋਧੀ ਤੋਂ ਹੀ ਰਵਾਨਾ ਹੋਈ।
ਵਿਆਹ ਪਿੱਛੋਂ ਗ੍ਰਹਿਸਥ ਜੀਵਨ ਦਾ ਨਿਰਬਾਹ ਵੀ ਸੁਲਤਾਨਪੁਰ ਲੋਧੀ ਵਿੱਚ ਹੀ ਕੀਤਾ। ਦੋ ਤਪੱਸਵੀ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਦੀ ਪੈਦਾਇਸ਼ ਵੀ ਇੱਥੇ ਹੀ ਹੋਈ। ਇਸ ਦੇ ਸਮਵਿੱਥ ਨਿੱਤ ਦੇ ਕਰਮ ਅਨੁਸਾਰ ਇੱਕ ਦਿਨ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਦਿਆਂ ਲੱਗੀ ਡੁਬਕੀ (ਡੂੰਘੀ ਸਮਾਧੀ) ਅਤੇ ਲੰਮੀ ਅੰਤਰ-ਯਾਤਰਾ ਦੇ ਸਹਿਜ ਸਿੱਟੇ ਵਜੋਂ ਤੀਜੇ ਦਿਨ ਵੇਈਂ ਵਿੱਚੋਂ ਬਾਹਰ ਨਿਕਲਣ ਸਮੇਂ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੇ ਗਹਿਰੇ ਇਲਹਾਮੀ ਬਚਨਾਂ ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ ਵਾਲਾ ਸਮੁੱਚਾ ਅਤਿ ਰਹੱਸਮਈ, ਕੀਮਤੀ ਅਤੇ ਰਮਜ਼ ਭਰਪੂਰ ਰੂਹਾਨੀ ਘਟਨਾਕ੍ਰਮ ਵੀ ਇਸੇ ਪਾਵਨ ਧਰਤੀ 'ਤੇ ਹੀ ਵਾਪਰਿਆ। ਵੈਰਾਗ ਅਤੇ ਰਮਤੇਪਣ ਦੀ ਬਿਰਤੀ ਅਧੀਨ ਸੰਸਾਰ ਰਟਨ ਲਈ ਸਮੇਂ-ਸਮੇਂ ਕੀਤੀਆਂ ਅਨੇਕ ਲੰਮੀਆਂ ਯਾਤਰਾਵਾਂ ਕਾਰਨ ਅਕਸਰ ਘਰੋਂ ਬਾਹਰ ਰਹਿਣ ਵਾਲੇ ਪਿਆਰੇ ਫੱਕਰ ਭਰਾ ਨਾਨਕ ਦੇ ਪੁੱਤਰਾਂ ਅਰਥਾਤ ਆਪਣੇ ਪਿਆਰੇ ਭਤੀਜਿਆਂ ਦੀ ਪਰਵਰਿਸ਼ ਤੇ ਵਿਯੋਗਣ ਭਰਜਾਈ ਦਾ ਹਰ ਪੱਖੋਂ ਖ਼ਿਆਲ ਰੱਖਣ ਤੇ ਸਾਥ ਦੇਣ ਦੀ ਵੱਡੀ ਜ਼ਿੰਮੇਵਾਰੀ ਵੀ ਭੈਣ/ਭੂਆ/ਨਨਾਣ ਨਾਨਕੀ ਨੇ ਇਸੇ ਧਰਤੀ 'ਤੇ ਬਾਖ਼ੂਬੀ ਨਿਭਾਈ ਸੀ। ਬਾਬੇ ਨਾਨਕ ਦੀ ਨਿਆਰੀ ਸ਼ਖ਼ਸੀਅਤ ਨੂੰ ਘੜਨ ਤੇ ਨਿਖਾਰਨ ਵਿੱਚ ਅਰਥਾਤ ਨਾਨਕ ਨੂੰ ਬਾਬਾ ਨਾਨਕ ਅਤੇ ਫਿਰ ਬਾਬਾ ਨਾਨਕ ਤੋਂ 'ਬਾਬਾ ਨਾਨਕ ਸ਼ਾਹ ਫ਼ਕੀਰ/ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ' ਬਣਾਉਣ ਵਿੱਚ ਸੁਲਤਾਨਪੁਰ ਲੋਧੀ ਦੀ ਸੁਲੱਖਣੀ ਧਰਤੀ ਅਤੇ ਇਸ ਧਰਤੀ 'ਤੇ ਵਸਦੀ ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਭਾਈਆ ਜੈ ਰਾਮ ਦਾ ਬਹੁਤ ਵੱਡਾ ਹੱਥ ਸੀ।
ਸੰਪਰਕ: 99143-01328
ਈ-ਮੇਲ: jsdeumgc@gmail.com

Dailyhunt
Disclaimer: This content has not been generated, created or edited by Dailyhunt. Publisher: Punjabi Tribune