ਡੀ ਐੱਮ ਕੇ ਦੀ ਸੰਸਦ ਮੈਂਬਰ ਕਨੀਮੋੜੀ ਕਰੁਣਾਨਿਧੀ ਨੇ ਅੱਜ ਕਿਹਾ ਕਿ ਭਾਜਪਾ ਨਾਲ ਗੱਠਜੋੜ ਕਰਨ ਵਾਲੀਆਂ ਸਿਆਸੀ ਪਾਰਟੀਆਂ ਦਾ ਭਵਿੱਖ ਹਨੇਰੇ 'ਚ ਹੈ। ਉਨ੍ਹਾਂ ਅੰਨਾ ਡੀ ਐੱਮ ਕੇ ਦੇ ਭਾਜਪਾ ਨਾਲ ਸਬੰਧਾਂ ਨੂੰ ਅਜਿਹਾ 'ਧੋਖੇਬਾਜ਼ ਗੱਠਜੋੜ' ਕਰਾਰ ਦਿੱਤਾ, ਜੋ ਸੂਬੇ ਅਤੇ ਉਸ ਦੇ ਆਪਣੇ ਵਰਕਰਾਂ ਦੋਵਾਂ ਨੂੰ ਧੋਖਾ ਦਿੰਦਾ ਹੈ। ਨੀਲਾਕੋਟਈ ਵਿਧਾਨ ਸਭਾ ਹਲਕੇ 'ਚ ਡੀ ਐੱਮ ਕੇ ਉਮੀਦਵਾਰ ਨਾਗਜਯੋਤੀ ਲਈ ਪ੍ਰਚਾਰ ਕਰਦਿਆਂ ਕਨੀਮੋੜੀ ਨੇ ਅੰਨਾ ਡੀ ਐੱਮ ਕੇ ਨੇਤਾ ਈ ਕੇ ਪਲਾਨੀਸਵਾਮੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ 'ਤੇ 'ਧੋਖਾ ਦੇਣ ਵਾਲੇ ਗੱਠਜੋੜ ਦੀ ਅਗਵਾਈ ਕਰਨ' ਦਾ ਦੋਸ਼ ਲਾਇਆ, ਜਿਸ ਨੇ ਸੂਬੇ ਅਤੇ ਆਪਣੀ ਹੀ ਪਾਰਟੀ ਦੇ ਵਰਕਰਾਂ ਨੂੰ ਧੋਖਾ ਦਿੱਤਾ ਹੈ।
ਉਨ੍ਹਾਂ ਕਿਹਾ, ''ਜਿਹੜੇ ਲੋਕਾਂ ਨੇ ਉਸ (ਭਾਜਪਾ) ਨਾਲ ਗੱਠਜੋੜ ਕੀਤਾ ਹੈ, ਉਨ੍ਹਾਂ ਦਾ ਕਦੇ ਕੋਈ ਭਵਿੱਖ ਨਹੀਂ ਰਿਹਾ। ਹੋ ਸਕਦਾ ਹੈ, ਉਹ ਤੁਹਾਨੂੰ ਕਿਸੇ ਰਾਜ ਦਾ ਰਾਜਪਾਲ ਬਣਾ ਕੇ ਭੇਜ ਦੇਣ। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸ਼ਹਿਰ ਚੁਣ ਲਓ… ਜੇ ਤੁਸੀਂ ਉਨ੍ਹਾਂ ਨੂੰ ਹੁਣੇ ਦੱਸ ਦਿਓ ਤਾਂ ਸ਼ਾਇਦ ਉਹ ਤੁਹਾਨੂੰ ਭੇਜ ਦੇਣ।'' ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਦੇ ਮੁੱਦੇ 'ਤੇ ਅੰਨਾ ਡੀ ਐੱਮ ਕੇ ਦੇ ਅਸਥਿਰ ਰੁਖ਼ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਿੱਥੇ ਪਲਾਨੀਸਵਾਮੀ ਨੇ ਪਹਿਲਾਂ ਇਸ ਕਾਨੂੰਨ ਦੀ ਹਮਾਇਤ ਕੀਤੀ ਸੀ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਸੀ, ਉੱਥੇ ਹੁਣ ਉਹ ਭਾਜਪਾ ਨਾਲ ਗੁਪਤ ਸਮਝੌਤੇ 'ਚ ਰਹਿੰਦੇ ਹੋਏ ਖੁਦ ਨੂੰ ਇਸ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
