Dailyhunt

ਭਾਰਤ ਦੀ ਤੀਜੀ ਪਰਮਾਣੂ ਪਣਡੁੱਬੀ 'ਅਰੀਦਮਨ' ਅੱਜ ਹੋਵੇਗੀ ਜਲ ਸੈਨਾ 'ਚ ਸ਼ਾਮਲ

ਭਾਰਤ ਸ਼ੁੱਕਰਵਾਰ ਨੂੰ ਆਪਣੀ ਤੀਜੀ ਸਵਦੇਸ਼ੀ ਪਰਮਾਣੂ ਸੰਚਾਲਿਤ ਅਤੇ ਬੈਲਿਸਟਿਕ ਮਿਜ਼ਾਈਲ ਲਿਜਾਣ ਵਾਲੀ ਪਣਡੁੱਬੀ 'ਅਰੀਦਮਨ' ਨੂੰ ਜਲ ਸੈਨਾ ਵਿੱਚ ਸ਼ਾਮਲ ਕਰਨ ਲਈ ਤਿਆਰ ਹੈ। ਜਲ ਸੈਨਾ ਦੀ ਭਾਸ਼ਾ ਵਿੱਚ ਅਜਿਹੀਆਂ ਪਣਡੁੱਬੀਆਂ ਨੂੰ 'ਸ਼ਿਪ ਸਬਮਰਸੀਬਲ ਬੈਲਿਸਟਿਕ ਨਿਊਕਲੀਅਰ' (SSNB) ਕਿਹਾ ਜਾਂਦਾ ਹੈ। ਭਾਰਤ ਪਹਿਲਾਂ ਹੀ 'ਆਈਐੱਨਐੱਸ ਅਰੀਹੰਤ' ਅਤੇ 'ਆਈਐੱਨਐੱਸ ਅਰੀਘਾਤ' ਨਾਮਕ ਦੋ ਅਜਿਹੀਆਂ ਪਣਡੁੱਬੀਆਂ ਸ਼ਾਮਲ ਕਰ ਚੁੱਕਾ ਹੈ, ਜੋ ਕ੍ਰਮਵਾਰ 2016 ਅਤੇ 2024 ਵਿੱਚ ਸ਼ਾਮਲ ਕੀਤੀਆਂ ਗਈਆਂ ਸਨ।

ਇਸ ਲੜੀ ਨੂੰ ਅਰੀਹੰਤ ਕਲਾਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ‘ਅਰੀਦਮਨ’ ਅੱਜ ਬੇੜੇ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਰੱਖਿਆ ਮੰਤਰੀ ਰਾਜਨਾਥ ਸਿੰਘ, ਜੋ ਜੰਗੀ ਜਹਾਜ਼ ਤਾਰਾਗਿਰੀ ਨੂੰ ਸ਼ਾਮਲ ਕਰਨ ਲਈ ਵਿਸ਼ਾਖਾਪਟਨਮ ਵਿੱਚ ਹਨ, ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਹਿੰਦੀ ਵਿੱਚ ਇੱਕ ਲਾਈਨ ਪੋਸਟ ਕੀਤੀ (ਜਿਸਦਾ ਪੰਜਾਬੀ ਅਨੁਵਾਦ ਹੈ: “ਇਹ ਸ਼ਬਦ ਨਹੀਂ, ਇਹ ਇੱਕ ਸ਼ਕਤੀ ਹੈ — ‘ਅਰੀਦਮਨ’।)”

ਸੂਤਰਾਂ ਨੇ ਦੱਸਿਆ ਕਿ ਪਰਮਾਣੂ ਪਣਡੁੱਬੀ ਨੂੰ ਜੰਗੀ ਜਹਾਜ਼ ਤਾਰਾਗਿਰੀ ਦੇ ਨਾਲ ਹੀ ਸ਼ਾਮਲ ਕੀਤਾ ਜਾਣਾ ਹੈ। ਕਿਉਂਕਿ ਪਰਮਾਣੂ ਪਣਡੁੱਬੀਆਂ ਲੁਕੀਆਂ ਰਹਿੰਦੀਆਂ ਹਨ, ਇਸ ਲਈ ਤਾਰਾਗਿਰੀ ਵਾਂਗ ਕੋਈ ਜਨਤਕ ਸਮਾਰੋਹ ਹੋਣ ਦੀ ਉਮੀਦ ਨਹੀਂ ਹੈ। ਅਰੀਦਮਨ ਅਤੇ ਇਸ ਦੀਆਂ ਸਾਥੀ ਪਣਡੁੱਬੀਆਂ - ਆਈਐੱਨਐੱਸ ਅਰੀਹੰਤ ਅਤੇ ਆਈਐੱਨਐੱਸ ਅਰੀਘਾਤ - ਪਰਮਾਣੂ ਸੰਚਾਲਿਤ ਪਣਡੁੱਬੀਆਂ ਹਨ ਅਤੇ ਹਫ਼ਤਿਆਂ ਤੱਕ ਪਾਣੀ ਦੇ ਹੇਠਾਂ ਰਹਿ ਸਕਦੀਆਂ ਹਨ। ਭਾਰਤ ਦਾ ਪ੍ਰਮਾਣੂ ਸਿਧਾਂਤ ‘ਪਹਿਲਾਂ ਹਮਲਾ ਨਾ ਕਰਨ’ (first strike) ਦੀ ਗੱਲ ਕਰਦਾ ਹੈ, ਹਾਲਾਂਕਿ, ਜਵਾਬੀ ਹਮਲਾ ਕਰਨ ਲਈ, ਪਾਣੀ ਦੇ ਅੰਦਰ ਮੌਜੂਦ ਇੱਕ SSBN ਨੂੰ ਹਮਲਾ ਕਰਨ ਦਾ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ।

ਇਸ ਦੇ 750 ਕਿਲੋਮੀਟਰ ਰੇਂਜ ਵਾਲੀ ਕੇ-15 (K-15) ਅਤੇ ਕੇ-4 (K-4) ਇੰਟਰਮੀਡੀਏਟ ਰੇਂਜ (ਲਗਪਗ 3500 ਕਿਲੋਮੀਟਰ) ਬੈਲਿਸਟਿਕ ਮਿਜ਼ਾਈਲਾਂ ਲਿਜਾਣ ਦੀ ਉਮੀਦ ਹੈ- ਦੋਵੇਂ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹਨ। ਇਹ ਤਿੰਨ ਪਣਡੁੱਬੀਆਂ ਭਾਰਤ ਦੇ ਗੁਪਤ ‘ਐਡਵਾਂਸਡ ਟੈਕਨਾਲੋਜੀ ਵੈਸਲ’ (ATV) ਪ੍ਰੋਜੈਕਟ ਦਾ ਹਿੱਸਾ ਹਨ ਅਤੇ ਭਾਰਤ ਦੇ ਪ੍ਰਮਾਣੂ ਤਿਕੋਣ (nuclear triad) ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਂਦੀਆਂ ਹਨ – ਜੋ ਹਵਾ, ਜ਼ਮੀਨ ਅਤੇ ਸਮੁੰਦਰ ਤੋਂ ਪ੍ਰਮਾਣੂ ਹਥਿਆਰ ਚਲਾਉਣ ਦੀ ਸਮਰੱਥਾ ਹੈ।

SSBN ਤੋਂ ਇਲਾਵਾ ਭਾਰਤ ਰੂਸ ਤੋਂ ਪਰਮਾਣੂ ਸੰਚਾਲਿਤ ਹਮਲਾਵਰ ਪਣਡੁੱਬੀ (nuclear-powered attack submarine) ਲੈਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਇਹ ਪਰਮਾਣੂ ਸੰਚਾਲਿਤ ਹੈ ਪਰ ਪਰਮਾਣੂ ਮਿਜ਼ਾਈਲਾਂ ਨਹੀਂ ਲਿਜਾਂਦੀ। ਸੂਤਰਾਂ ਨੇ ਦੱਸਿਆ ਕਿ ਇਸ ਦੇ 2027 ਤੱਕ ਭਾਰਤ ਪਹੁੰਚਣ ਦੀ ਉਮੀਦ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune