Dailyhunt

ਭੀਖੀ: ਜੋਤਸ਼ੀ ਨੇ ਡਰਾਕੇ ਔਰਤ ਤੋਂ 17.41 ਲੱਖ ਠੱਗੇ

ਸਬਾ ਭੀਖੀ ਨੇੜਲੇ ਪਿੰਡ ਹੋਡਲਾ ਕਲਾਂ ਦੀ ਇੱਕ ਮਹਿਲਾ ਨਾਲ ਪਰਿਵਾਰ 'ਤੇ ਕਰੋਪੀ ਆਉਣ ਅਤੇ ਇਸ ਦਾ ਹੱਲ ਕਰਨ ਦੇ ਬਹਾਨੇ ਇੱਕ ਜੋਤਸ਼ੀ 17.41 ਲੱਖ ਰੁਪਏ ਦੇ ਗਹਿਣੇ ਅਤੇ ਨਗਦੀ ਲੈਕੇ ਰਫੂ ਚੱਕਰ ਹੋ ਗਿਆ। ਜੋਤਸ਼ੀ ਨੇ ਮਹਿਲਾ ਤੋਂ ਗਹਿਣੇ ਅਤੇ ਨਗਦੀ ਲੈ ਕੇ ਉਸ ਦੀ ਗੱਠੜੀ ਬਣਾ ਕੇ ਧੋਖੇ ਨਾਲ ਉਸ ਨੂੰ ਬਦਲ ਦਿੱਤਾ ਅਤੇ ਗੱਠੜੀ 5 ਦਿਨਾਂ ਬਾਅਦ ਖੋਲ੍ਹਣ ਦੀ ਗੱਲ ਕਹੀ।

ਉਦੋਂ ਤੱਕ ਜੋਤਸ਼ੀ ਫਰਾਰ ਹੋ ਚੁੱਕਿਆ ਸੀ। ਭੀਖੀ ਪੁਲੀਸ ਨੇ ਜੋਤਸ਼ੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਿੰਡ ਹੋਡਲਾ ਕਲਾਂ ਦੇ ਇਲਾਕੇ ਵਿੱਚ ਕੁੱਝ ਦਿਨ ਪਹਿਲਾਂ ਖਾਨਦਾਨੀ ਜੋਤਸ਼ੀ ਪੰਡਿਤ ਮੁਕੇਸ਼ ਸ਼ਰਮਾ ਦੇ ਨਾਮ 'ਤੇ ਪਰਚੇ ਵੰਡੇ ਗਏ, ਜਿਸ ਵਿੱਚ ਹਰ ਸਮੱਸਿਆ ਦੇ ਹੱਲ ਦਾ ਦਾਅਵਾ ਕੀਤਾ ਗਿਆ। ਪੁਲੀਸ ਨੂੰ ਹੋਡਲਾ ਕਲਾਂ ਦੇ ਸ਼ਗਨਪਾਲ ਨੇ ਦੱਸਿਆ ਕਿ ਇਸ ਜੋਤਸ਼ੀ ਨੇ ਉਨ੍ਹਾਂ ਦੀ ਮਾਤਾ ਨੂੰ ਕਿਹਾ ਕਿ ਉਨ੍ਹਾਂ ਦੇ ਪਰਿਵਾਰ 'ਤੇ ਕਰੋਪੀ ਹੈ, ਜਿਸ ਦਾ ਉਪਾਅ ਕਰਨ ਲਈ ਕਰੀਬ 20 ਨਗ ਸੋਨਾ ਅਤੇ 11 ਹਜ਼ਾਰ ਰੁਪਏ ਚਾਹੀਦੇ ਹਨ। ਉਸ ਦੀ ਮਾਤਾ ਜੋਤਸ਼ੀ ਨੂੰ 11 ਹਜ਼ਾਰ ਰੁਪਏ ਅਤੇ 11 ਤੋਲੇ ਸੋਨਾ ਦੇ ਦਿੱਤਾ, ਜਿਸ ਨੂੰ ਇੱਕ ਕੱਪੜੇ ਵਿੱਚ ਬੰਨ੍ਹਕੇ ਜੋਤਸ਼ੀ ਨੇ ਕਿਹਾ ਕਿ ਇਸ ਨੂੰ 5 ਦਿਨਾਂ ਬਾਅਦ ਖੋਲ੍ਹਣਾ ਹੈ, ਜਦੋਂ ਉਸ ਨੂੰ 5 ਦਿਨਾਂ ਬਾਅਦ ਖੋਲ੍ਹਿਆ ਤਾਂ ਉਸ ਵਿਚੋਂ ਕੁੱਝ ਵੀ ਨਾ ਨਿਕਲਿਆ ਅਤੇ ਜੋਤਸ਼ੀ ਫਰਾਰ ਹੋ ਚੁੱਕਿਆ ਸੀ।
ਥਾਣਾ ਭੀਖੀ ਦੇ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਜੋਤਸ਼ੀ ਪੰਡਿਤ ਮੁਕੇਸ਼ ਸ਼ਰਮਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਭਾਲ ਜਾਰੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune