Dailyhunt

ਬਿਮਾਰੀ-ਮੁਕਤ ਮੌਨਸੂਨ ਸੀਜ਼ਨ ਲਈ ਉੱਚ-ਪੱਧਰੀ ਬੈਠਕ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਂਝੇ ਤੌਰ 'ਤੇ ਉੱਚ-ਪੱਧਰੀ ਸਟੇਟ ਟਾਸਕ ਫੋਰਸ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ 'ਚ ਵੈਕਟਰ ਬੋਰਨ, ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਜ਼ੂਨੋਟਿਕ ਬਿਮਾਰੀਆਂ ਵਿਰੁੱਧ ਏਕੀਕ੍ਰਿਤ ਪ੍ਰਤੀਕਿਰਿਆ ਤਿਆਰ ਕੀਤੀ ਗਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਨੇ ਡਾਇਗਨੌਸਟਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੁਣ 47 ਸੈਂਟੀਨੇਲ ਨਿਗਰਾਨ ਹਸਪਤਾਲਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਲਈ ਮੁਫ਼ਤ ਈਲੀਸਾ ਟੈਸਟਿੰਗ ਦੀ ਸਹੂਲਤ ਦਿੱਤੀ ਹੈ ਅਤੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਮਲੇਰੀਆ ਆਰ ਡੀ ਟੀ ਅਤੇ ਡੇਂਗੂ ਟੈਸਟਿੰਗ ਦਾ ਵਿਸਥਾਰ ਕੀਤਾ ਜਾ ਰਿਹਾ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਲ 2021 ਵਿੱਚ ਡੇਂਗੂ ਦੇ 23,389 ਕੇਸ ਸਾਹਮਣੇ ਆਏ ਸਨ, ਜੋ ਸਾਲ 2025 ਵਿੱਚ ਘਟ ਕੇ ਸਿਰਫ਼ 4,981 ਰਹਿ ਗਏ ਹਨ, ਜਦੋਂ ਕਿ ਇਸੇ ਸਮੇਂ ਦੌਰਾਨ ਸਬੰਧਤ ਮੌਤਾਂ ਦੀ ਗਿਣਤੀ 55 ਤੋਂ ਘਟ ਕੇ ਸਿਰਫ਼ 8 ਰਹਿ ਗਈ ਹੈ। ਸਿਹਤ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਕਿ 'ਹਰ ਸ਼ੁੱਕਰਵਾਰ ਡੇਂਗੂ ਉਤੇ ਵਾਰ' ਮੁਹਿੰਮ ਜੋ ਕਿ ਹਰ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 9 ਵਜੇ ਤੱਕ ਚਲਾਈ ਜਾਂਦੀ ਹੈ, ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ਾਮਲ ਕਰਕੇ ਇਸ ਨੂੰ ਜਨ ਅੰਦੋਲਨ ਬਣਾਇਆ ਜਾਵੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿਵਾਇਆ ਕਿ ਵਿੱਤ ਵਿਭਾਗ ਸਥਿਤੀ ਵਿੱਚ ਸੁਧਾਰ ਕਰਨ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਅਨੁਰਾਗ ਕੁੰਡੂ, ਐੱਮ ਡੀ ਪੀ ਐੱਚ ਐੱਸ ਸੀ ਅਮਿਤ ਤਲਵਾੜ ਆਦਿ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune