ਪੰਜਾਬ 'ਚ ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਭਾਜਪਾ ਦਾ ਕਮਲ ਖਿੜ ਨਹੀਂ ਸਕਿਆ। ਇਨ੍ਹਾਂ ਚੋਣਾਂ 'ਚ ਪੱਛਮੀ ਬੰਗਾਲ ਦੀ ਜਿੱਤ ਵੀ ਪੰਜਾਬ 'ਚ ਕੋਈ ਰੰਗ ਨਹੀਂ ਭਰ ਸਕੀ। ਭਾਜਪਾ ਲਈ ਇਹ ਚੋਣ ਨਤੀਜੇ ਜ਼ਮੀਨੀ ਹਕੀਕਤ ਦਿਖਾਉਣ ਲਈ ਕਾਫ਼ੀ ਹਨ। ਪੰਜਾਬ ਦੇ ਸ਼ਹਿਰੀ ਵੋਟਰਾਂ ਨੇ ਵੀ ਭਾਜਪਾ ਤੋਂ ਮੂੰਹ ਮੋੜਿਆ ਜਾਪਦਾ ਹੈ ਜਦੋਂ ਕਿ ਪੇਂਡੂ ਪੰਜਾਬ ਤਾਂ ਪਹਿਲਾਂ ਹੀ ਭਾਜਪਾ ਤੋਂ ਦੂਰੀ ਬਣਾ ਕੇ ਚੱਲ ਰਿਹਾ ਹੈ।
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਦੇ ਜਸ਼ਨ ਵੀ ਇਨ੍ਹਾਂ ਚੋਣਾਂ ਨੇ ਫਿੱਕੇ ਪਾ ਦਿੱਤੇ ਹਨ। ਅਬੋਹਰ ਨਗਰ ਨਿਗਮ 'ਤੇ ਭਾਜਪਾ ਸਫ਼ਲ ਹੋਈ ਹੈ ਅਤੇ ਪਠਾਨਕੋਟ 'ਚ ਵੱਡੀ ਪਾਰਟੀ ਵਜੋਂ ਉੱਭਰੀ ਹੈ
ਇਨ੍ਹਾਂ ਚੋਣਾਂ 'ਚ ਭਾਜਪਾ ਨੂੰ 172 ਸੀਟਾਂ 'ਤੇ ਜਿੱਤ ਹਾਸਲ ਹੋਈ ਹੈ ਜਦੋਂ ਕਿ ਭਾਜਪਾ ਨੇ 1316 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਸਨ ਅਤੇ ਇਨ੍ਹਾਂ ਚੋਣਾਂ 'ਚ ਭਾਜਪਾ ਦੇ ਸਿਰਫ਼ 12.91 ਫ਼ੀਸਦੀ ਉਮੀਦਵਾਰ ਹੀ ਜਿੱਤ ਸਕੇ ਹਨ। ਭਾਜਪਾ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਫ਼ਰੀਦਕੋਟ 'ਚ ਖਾਤਾ ਵੀ ਨਹੀਂ ਖੋਲ੍ਹ ਸਕੀ। 102 ਸ਼ਹਿਰਾਂ ਤੇ ਕਸਬਿਆਂ ਦੀ ਹੋਈ ਚੋਣ 'ਚ ਭਾਜਪਾ ਸਿਰਫ਼ 40 ਸ਼ਹਿਰਾਂ ਤੇ ਕਸਬਿਆਂ 'ਚ ਆਪਣਾ ਖਾਤਾ ਖੋਲ੍ਹ ਸਕੀ ਹੈ ਜਦੋਂ ਕਿ 62 ਸ਼ਹਿਰਾਂ ਤੇ ਕਸਬਿਆਂ 'ਚ ਭਾਜਪਾ ਦੇ ਹੱਥ ਨਮੋਸ਼ੀ ਹੀ ਲੱਗੀ ਹੈ।
ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਜੱਦੀ ਹਲਕੇ ਬਰਨਾਲਾ ਦੀ ਨਗਰ ਨਿਗਮ 'ਚ ਭਾਜਪਾ ਸਿਰਫ਼ ਸੱਤ ਸੀਟਾਂ ਹੀ ਜਿੱਤ ਸਕੀ ਹੈ। ਪੰਜਾਬ 'ਚ ਇਨ੍ਹਾਂ ਚੋਣਾਂ 'ਚ ਭਾਜਪਾ ਪੰਜਵੇਂ ਨੰਬਰ 'ਤੇ ਆਈ ਹੈ ਅਤੇ ਆਜ਼ਾਦ ਉਮੀਦਵਾਰ ਵੀ ਭਾਜਪਾ ਨਾਲੋਂ ਅੱਗੇ ਨਿਕਲ ਗਏ ਹਨ। ਪੱਛਮੀ ਬੰਗਾਲ ਦੀ ਜਿੱਤ ਮਗਰੋਂ ਭਾਜਪਾ ਨੇ ਪੰਜਾਬ ਵੱਲ ਤੇਜ਼ੀ ਨਾਲ ਪੈਰ ਪਸਾਰੇ ਸਨ ਅਤੇ 'ਹੁਣ ਪੰਜਾਬ ਦੀ ਵਾਰੀ ਹੈ' ਦਾ ਨਾਅਰਾ ਵੀ ਦਿੱਤਾ ਸੀ। ਕੇਂਦਰੀ ਏਜੰਸੀਆਂ ਦੀ ਛਾਪੇਮਾਰੀ ਵੀ ਇਕਦਮ ਤੇਜ਼ ਹੋ ਗਈ ਸੀ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਪੰਜਾਬ ਦੇ ਕਾਰੋਬਾਰੀ ਲੋਕਾਂ ਨੇ ਏਜੰਸੀਆਂ ਦੇ ਖ਼ੌਫ਼ ਦਾ ਮਾੜਾ ਪ੍ਰਭਾਵ ਕਬੂਲਿਆ ਜਾਪਦਾ ਹੈ।
ਪੰਜਾਬ ਦੇ ਹਿੰਦੂ ਭਾਈਚਾਰੇ ਨੇ ਵੀ ਪੱਛਮੀ ਬੰਗਾਲ ਦੀ ਜਿੱਤ ਮਗਰੋਂ ਭਾਜਪਾ ਦਾ ਉਸ ਤਰ੍ਹਾਂ ਸਵਾਗਤ ਨਹੀਂ ਕੀਤਾ ਜਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ। ਹੁਣ ਤੱਕ ਪ੍ਰਾਪਤ ਨਤੀਜਿਆਂ ਅਨੁਸਾਰ ਭਾਜਪਾ ਪੰਜਾਬ ਭਰ 'ਚੋਂ ਸਿਰਫ਼ ਇੱਕ ਨਗਰ ਕੌਂਸਲ 'ਚ ਹੀ ਸਪਸ਼ਟ ਬਹੁਮਤ ਹਾਸਲ ਕਰ ਸਕੀ ਹੈ। ਜ਼ਿਲ੍ਹਾ ਮੁਹਾਲੀ ਦੀ ਨਵਾਂ ਗਾਓਂ ਨਗਰ ਕੌਂਸਲ ਦੇ 21 ਵਾਰਡਾਂ 'ਚੋਂ 13 ਸੀਟਾਂ ਭਾਜਪਾ ਜਿੱਤੀ ਹੈ ਜਦੋਂ ਕਿ ਮੁਕੇਰੀਆਂ ਨਗਰ ਕੌਂਸਲ ਦੀਆਂ 15 ਸੀਟਾਂ 'ਚੋਂ ਸੱਤ ਸੀਟਾਂ ਜਿੱਤ ਕੇ ਭਾਜਪਾ ਵੱਡੀ ਪਾਰਟੀ ਵਜੋਂ ਉੱਭਰੀ ਹੈ। ਇਨ੍ਹਾਂ ਚੋਣਾਂ ਦੇ ਰੁਝਾਨ ਤੋਂ ਸਾਫ਼ ਹੈ ਕਿ ਭਾਜਪਾ ਲਈ ਪੰਜਾਬ ਫ਼ਤਿਹ ਕਰਨਾ ਏਨਾ ਸੌਖਾ ਨਹੀਂ। ਭਾਜਪਾ ਆਪਣੇ ਗੜ੍ਹ ਪਠਾਨਕੋਟ 'ਚ 50 ਚੋਂ 20 ਸੀਟਾਂ ਜਿੱਤ ਸਕੀ ਹੈ। ਭਾਜਪਾ ਨੇ ਜਲੰਧਰ ਜ਼ਿਲ੍ਹੇ 'ਚ ਸਿਰਫ਼ 3 ਸੀਟਾਂ ਜਿੱਤੀਆਂ ਹਨ। ਭਾਜਪਾ ਨੇ ਮਾਝੇ 'ਚ ਕੁੱਲ 27 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਦੁਆਬੇ 'ਚ 15 ਸੀਟਾਂ ਜਿੱਤੀਆਂ ਹਨ। ਭਾਜਪਾ ਨੂੰ ਮੌਜੂਦਾ ਸੀਟਾਂ ਵਿੱਚੋਂ ਵੱਡਾ ਹਿੱਸਾ ਮਾਲਵੇ ਚੋਂ ਆਇਆ ਹੈ। ਇਕੱਲੇ ਜ਼ਿਲ੍ਹਾ ਫ਼ਾਜ਼ਿਲਕਾ ਚੋਂ 39 ਸੀਟਾਂ ਮਿਲੀਆਂ ਹਨ। ਫ਼ਾਜ਼ਿਲਕਾ ਕੌਂਸਲ 'ਚ 11 ਸੀਟਾਂ ਅਤੇ ਅਬੋਹਰ ਨਿਗਮ ਦੀਆਂ ਵੀ 28 ਸੀਟਾਂ 'ਤੇ ਸਫਲਤਾ ਮਿਲੀ ਹੈ। ਭਾਜਪਾ ਨੂੰ ਬਰਨਾਲਾ ਜ਼ਿਲ੍ਹੇ 'ਚ 8 ਸੀਟਾਂ, ਪਟਿਆਲਾ ਜ਼ਿਲ੍ਹੇ 'ਚ 16 ਸੀਟਾਂ, ਮੁਹਾਲੀ ਜ਼ਿਲ੍ਹੇ 'ਚ 27 ਸੀਟਾਂ, ਲੁਧਿਆਣਾ ਜ਼ਿਲ੍ਹੇ 'ਚ 6 ਸੀਟਾਂ ਅਤੇ ਬਠਿੰਡਾ ਜ਼ਿਲ੍ਹੇ 'ਚ ਇੱਕ ਸੀਟ ਮਿਲੀ ਹੈ। ਭਾਜਪਾ ਮਲੇਰਕੋਟਲਾ 'ਚ ਖਾਤਾ ਖੋਲ੍ਹਣ 'ਚ ਕਾਮਯਾਬ ਹੋਈ ਹੈ।
