Dailyhunt Logo
  • Light mode
    Follow system
    Dark mode
    • Play Story
    • App Story

Cambodia Human Trafficking: ਐੱਨਆਈਏ ਵੱਲੋਂ ਦਿੱਲੀ, ਯੂਪੀ ਅਤੇ ਬਿਹਾਰ ਵਿਚ ਛਾਪੇ

ਕੌਮੀ ਜਾਂਚ ਏਜੰਸੀ (NIA) ਨੇ ਅੱਜ ਕੰਬੋਡੀਆ ਨਾਲ ਜੁੜੇ ਮਨੁੱਖੀ ਤਸਕਰੀ ਅਤੇ ਸਾਈਬਰ ਗੁਲਾਮੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਛੇ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਕਾਰਵਾਈ ਤਹਿਤ ਬਿਹਾਰ ਦੇ ਚਾਰ ਜ਼ਿਲ੍ਹਿਆਂ ਗੋਪਾਲਗੰਜ, ਸੀਵਾਨ, ਸਾਰਨ ਅਤੇ ਪੂਰਬੀ ਚੰਪਾਰਨ ਵਿੱਚ ਇੱਕ-ਇੱਕ ਜਗ੍ਹਾ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਛਾਪੇਮਾਰੀ ਕੀਤੀ ਗਈ।

ਇਹ ਛਾਪੇਮਾਰੀ ਇਸ ਕੇਸ ਦੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਅਤੇ ਫ਼ਰਾਰ ਚੱਲ ਰਹੇ ਵਿਅਕਤੀਆਂ ਦੇ ਸਾਥੀਆਂ ਅਤੇ ਮਦਦਗਾਰਾਂ ਦੇ ਟਿਕਾਣਿਆਂ ‘ਤੇ ਕੀਤੀ ਗਈ।
ਇਸ ਦੌਰਾਨ ਏਜੰਸੀ ਨੇ ਵੱਡੀ ਗਿਣਤੀ ਵਿੱਚ ਸਮਾਰਟ ਫ਼ੋਨ, ਲੈਪਟਾਪ ਅਤੇ ਹੋਰ ਡਿਜੀਟਲ ਉਪਕਰਨਾਂ ਸਮੇਤ ਕਈ ਇਤਰਾਜ਼ਯੋਗ ਦਸਤਾਵੇਜ਼ ਅਤੇ ਸਾਮਾਨ ਜ਼ਬਤ ਕੀਤਾ ਹੈ ਜਿਨ੍ਹਾਂ ਦੀ ਜਾਂਚ ਰਾਹੀਂ ਇਸ ਪੂਰੇ ਗਰੋਹ ਦੇ ਨੈੱਟਵਰਕ ਨੂੰ ਬੇਪਰਦ ਕੀਤਾ ਜਾਵੇਗਾ।

ਨੌਜਵਾਨਾਂ ਨੂੰ ਨੌਕਰੀਆਂ ਦਾ ਝਾਂਸਾ ਦੇ ਕੇ ਕੰਬੋਡੀਆ ਵਿੱਚ ਦਿੱਤੇ ਜਾਂਦੇ ਸਨ ਬਿਜਲੀ ਦੇ ਝਟਕੇ

ਐੱਨਆਈਏ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਪੂਰੇ ਮਨੁੱਖੀ ਤਸਕਰੀ ਸਿੰਡੀਕੇਟ ਦਾ ਮਾਸਟਰਮਾਈਂਡ ਫ਼ਰਾਰ ਮੁਲਜ਼ਮ ਆਨੰਦ ਕੁਮਾਰ ਸਿੰਘ ਉਰਫ਼ ਮੁੰਨਾ ਸਿੰਘ ਹੈ, ਜਿਸ ਦੇ ਖ਼ਿਲਾਫ਼ ਏਜੰਸੀ ਨੇ ਮਈ 2026 ਵਿੱਚ ਚਾਰ ਹੋਰ ਸਾਥੀਆਂ ਸਮੇਤ ਚਾਰਜਸ਼ੀਟ ਦਾਇਰ ਕੀਤੀ ਸੀ। ਇਹ ਗਰੋਹ ਭਾਰਤੀ ਨੌਜਵਾਨਾਂ ਨੂੰ ਕੰਬੋਡੀਆ ਵਿੱਚ ਚੰਗੀਆਂ ਨੌਕਰੀਆਂ ਦਾ ਝਾਂਸਾ ਦੇ ਕੇ ਆਪਣੇ ਜਾਲ ਵਿੱਚ ਫਸਾਉਂਦਾ ਸੀ। ਕੰਬੋਡੀਆ ਪਹੁੰਚਦਿਆਂ ਹੀ ਨੌਜਵਾਨਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਸਨ ਅਤੇ ਉਨ੍ਹਾਂ ਨੂੰ ਸਾਈਬਰ ਠੱਗੀ ਕਰਨ ਵਾਲੀਆਂ ਫ਼ਰਜ਼ੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ। ਪੀੜਤ ਨੌਜਵਾਨਾਂ ਦੇ ਬਿਆਨਾਂ ਮੁਤਾਬਕ, ਜੇਕਰ ਕੋਈ ਕੰਮ ਕਰਨ ਤੋਂ ਮਨ੍ਹਾ ਕਰਦਾ ਸੀ, ਤਾਂ ਉਸ ਨੂੰ ਬੰਦੀ ਬਣਾ ਕੇ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਸਨ ਅਤੇ ਖਾਣ-ਪੀਣ ਤੱਕ ਨਹੀਂ ਦਿੱਤਾ ਜਾਂਦਾ ਸੀ। ਪੁਲੀਸ ਅਤੇ ਜਾਂਚ ਏਜੰਸੀਆਂ ਮੁਤਾਬਕ ਆਨੰਦ ਭਾਰਤ ਵਿੱਚ ਵੱਖ-ਵੱਖ ਸਬ-ਏਜੰਟਾਂ ਅਤੇ ਟਰੈਵਲ ਏਜੰਟਾਂ ਰਾਹੀਂ ਭੋਲੇ-ਭਾਲੇ ਨੌਜਵਾਨਾਂ ਨੂੰ ਲੱਭਦਾ ਸੀ ਅਤੇ ਫਿਰ ਉਨ੍ਹਾਂ ਦੀ ਤਸਕਰੀ ਕਰਦਾ ਸੀ, ਜਿਸ ਦੇ ਤਿੰਨ ਮੁੱਖ ਸਾਥੀਆਂ ਨੂੰ ਪਹਿਲਾਂ ਹੀ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune