Dailyhunt Logo
  • Light mode
    Follow system
    Dark mode
    • Play Story
    • App Story

Canada: Mark Carney ਵੱਲੋਂ ਆਧੁਨਿਕ ਮਿਜ਼ਾਈਲਾਂ ਦੀ ਖ਼ਰੀਦ ਦਾ ਐਲਾਨ; F-35 ਲੜਾਕੂ ਜਹਾਜ਼ਾਂ ਨੂੰ ਮਿਲੇਗੀ ਨਵੀਂ ਤਾਕਤ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ (Mark Carney) ਨੇ ਨਾਟੋ (NATO) ਸੰਮੇਲਨ ਦੌਰਾਨ ਦੇਸ਼ ਦੀ ਰੱਖਿਆ ਸਮਰੱਥਾ ਵਿੱਚ ਵੱਡਾ ਵਾਧਾ ਕਰਨ ਵੱਲ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਲਗਪਗ 80 ਕਰੋੜ ਕੈਨੇਡੀਅਨ ਡਾਲਰ ਦੇ ਮਿਜ਼ਾਈਲ ਖ਼ਰੀਦ ਸੌਦੇ ਦਾ ਐਲਾਨ ਕੀਤਾ ਹੈ। ਇਸ ਸੌਦੇ ਤਹਿਤ ਕੈਨੇਡਾ ਨਾਰਵੇ ਦੀ ਰੱਖਿਆ ਕੰਪਨੀ ਕੋਂਗਸਬਰਗ (Kongsberg) ਤੋਂ ਅਤਿ-ਆਧੁਨਿਕ 'ਜੁਆਇੰਟ ਸਟ੍ਰਾਈਕ ਮਿਜ਼ਾਈਲ' (Joint Strike Missile) ਖ਼ਰੀਦੇਗਾ, ਜੋ ਭਵਿੱਖ ਵਿੱਚ ਕੈਨੇਡੀਅਨ ਹਵਾਈ ਸੈਨਾ ਦੇ ਨਵੇਂ ਐੱਫ਼-35 (F-35) ਲੜਾਕੂ ਜਹਾਜ਼ਾਂ ਨਾਲ ਤਾਇਨਾਤ ਕੀਤੇ ਜਾਣਗੇ।

ਇਹ ਮਿਜ਼ਾਈਲ ਲੰਮੀ ਦੂਰੀ ਤੱਕ ਸਟੀਕ ਨਿਸ਼ਾਨਾ ਭੇਦਣ ਅਤੇ ਦੁਸ਼ਮਣ ਦੀ ਹਵਾਈ ਸੁਰੱਖਿਆ ਨੂੰ ਚਕਮਾ ਦੇਣ ਦੀ ਸਮਰੱਥਾ ਰੱਖਦੇ ਹਨ।

ਕਾਰਨੀ ਨੇ ਇਹ ਐਲਾਨ ਨਾਟੋ (NATO) ਸੰਮੇਲਨ ਦੇ ਆਖ਼ਰੀ ਦਿਨ ਕੀਤਾ, ਜਿੱਥੇ ਮੈਂਬਰ ਦੇਸ਼ਾਂ ਵੱਲੋਂ ਰੱਖਿਆ ਖੇਤਰ ਵਿੱਚ ਅਰਬਾਂ ਡਾਲਰ ਦੇ ਨਵੇਂ ਨਿਵੇਸ਼ ਅਤੇ ਹਥਿਆਰਾਂ ਨਾਲ ਜੁੜੇ ਸਮਝੌਤਿਆਂ ਦੀ ਲੜੀ ਜਾਰੀ ਹੈ। ਕੈਨੇਡਾ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਜਰਮਨੀ ਨਾਲ ਨਵੀਂ ਪੀੜ੍ਹੀ ਦੀਆਂ 12 ਪਣਡੁੱਬੀਆਂ ਖ਼ਰੀਦਣ ਦੀ ਪ੍ਰਕਿਰਿਆ ਨੂੰ ਵੀ ਅੱਗੇ ਵਧਾਇਆ ਸੀ। ਇਸ ਤੋਂ ਸਪਸ਼ਟ ਹੈ ਕਿ ਓਟਾਵਾ ਆਪਣੀ ਫ਼ੌਜੀ ਸਮਰੱਥਾ ਨੂੰ ਤੇਜ਼ੀ ਨਾਲ ਆਧੁਨਿਕ ਬਣਾਉਣ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਵਿਸ਼ਵ ਸੁਰੱਖਿਆ ਦਾ ਮਾਹੌਲ ਪਹਿਲਾਂ ਨਾਲੋਂ ਕਾਫ਼ੀ ਜਟਿਲ ਹੋ ਗਿਆ ਹੈ। ਰੂਸ-ਯੂਕ੍ਰੇਨ ਜੰਗ, ਚੀਨ ਦੀ ਵਧਦੀ ਫ਼ੌਜੀ ਤਾਕਤ, ਸਾਈਬਰ ਹਮਲੇ, ਡਰੋਨ ਤਕਨਾਲੋਜੀ ਅਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਵਰਗੀਆਂ ਚੁਣੌਤੀਆਂ ਨੇ ਨਾਟੋ (NATO) ਦੇਸ਼ਾਂ ਨੂੰ ਆਪਣੀ ਰੱਖਿਆ ਨੀਤੀ ਬਦਲਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਹੁਣ ਸਿਰਫ਼ ਆਪਣੇ ਲਈ ਨਹੀਂ, ਸਗੋਂ ਨਾਟੋ ਦੀ ਸਾਂਝੀ ਸੁਰੱਖਿਆ ਵਿੱਚ ਵੀ ਵਧੇਰੇ ਯੋਗਦਾਨ ਦੇਣ ਲਈ ਤਿਆਰ ਹੈ।

ਕਾਰਨੀ ਨੇ ਇਹ ਵੀ ਮੰਨਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (Donald Trump) ਲੰਮੇ ਸਮੇਂ ਤੋਂ ਨਾਟੋ (NATO) ਦੇ ਮੈਂਬਰ ਦੇਸ਼ਾਂ ‘ਤੇ ਰੱਖਿਆ ਖ਼ਰਚ ਵਧਾਉਣ ਲਈ ਦਬਾਅ ਬਣਾਉਂਦੇ ਰਹੇ ਹਨ ਅਤੇ ਹੁਣ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਯੂਰਪੀ ਅਤੇ ਹੋਰ ਸਾਥੀ ਦੇਸ਼ ਆਪਣੀ ਸੁਰੱਖਿਆ ਦੀ ਵੱਧ ਜ਼ਿੰਮੇਵਾਰੀ ਖ਼ੁਦ ਨਿਭਾਉਣ ਅਤੇ ਹੁਣ ਜ਼ਿਆਦਾਤਰ ਮੈਂਬਰ ਦੇਸ਼ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕ ਰਹੇ ਹਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune