Dailyhunt Logo
  • Light mode
    Follow system
    Dark mode
    • Play Story
    • App Story

Canada: ਸ਼੍ਰੋਮਣੀ ਕਮੇਟੀ ਵੱਲੋਂ ਕੰਟੇਨਰ ਰਾਹੀਂ ਭੇਜੇ ਗਏ ਸਰੂਪਾਂ ਦਾ ਮਾਮਲਾ ਭਖਿਆ

Canada: ਸ਼੍ਰੋਮਣੀ ਕਮੇਟੀ ਨੇ ਸਰੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 225 ਬੀੜਾਂ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਕਥਿਤ ਬੇਅਦਬੀ ਨਾਲ ਜੁੜਨ ਕਰਕੇ ਵਿਵਾਦਤ ਬਣ ਗਿਆ ਹੈ। ਬੀ ਸੀ ਅਤੇ ਓਂਟਾਰੀਓ ਦੀਆਂ ਗੁਰਦੁਆਰਾ ਕੌਂਸਲਾਂ ਵਲੋਂ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਅਵੱਗਿਆ ਕਹਿੰਦੇ ਹੋਏ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਏ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਪੱਤਰ ਪ੍ਰਾਪਤ ਹੋਣ ਦੀ ਪੁਸ਼ਟੀ ਕਰਦੇ ਹੋਏ ਕੌਂਸਲਾਂ ਨੂੰ ਦੱਸਿਆ ਗਿਆ ਹੈ ਕਿ ਸਿੰਘ ਸਾਹਿਬ ਵੱਲੋਂ ਸਬੰਧਤ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਤੋਂ ਜਵਾਬ ਤਲਬ ਕੀਤਾ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। 2014 'ਚ ਵੀ ਸ਼੍ਰੋਮਣੀ ਕਮੇਟੀ ਵਲੋਂ ਕੰਟੇਨਰ ਰਾਹੀਂ ਭੇਜੀਆਂ ਬੀੜਾਂ ਦਾ ਮਾਮਲਾ ਭਖਿਆ ਸੀ। ਉਸ ਸਮੇਂ ਜਿਸ ਬੱਸ 'ਚ ਬੀੜਾਂ ਭੇਜੀਆਂ ਗਈਆਂ, ਉਸ ਨੂੰ ਸ਼ਿੱਪ ਚੋਂ ਲਾਹੁਣ ਤੋਂ ਬਾਅਦ ਚਲਾ ਕੇ ਸਰੀ ਲਿਆਉਣ ਮੌਕੇ ਹਾਦਸਾ ਵਾਪਰ ਗਿਆ ਸੀ।

ਉਸ ਸਮੇਂ ਬੀੜਾਂ ਕਨਿਸ਼ਕਾ ਕਾਂਡ (ਹਵਾਈ ਜਹਾਜ ਚ ਚੱਲੇ ਬੰਬ ਕਾਰਨ ਹੋਈਆਂ 329 ਮੌਤਾਂ) ਮਾਮਲੇ 'ਚ ਨਾਮਜਦ ਰਿਪੁਦਮਨ ਸਿੰਘ ਮਲਿਕ ਨੂੰ ਭੇਜੀਆਂ ਗਈਆਂ ਸਨ ਤੇ ਸ਼੍ਰੌਮਣੀ ਕਮੇਟੀ ਦੀ ਹਾਦਸਾ ਗ੍ਰਸਤ ਬੱਸ ਕਈ ਸਾਲ ਉਸ ਦੀ ਮਾਲਕੀ ਵਾਲੇ ਖਾਲਸਾ ਸਕੂਲ ਦੇ ਅਹਾਤੇ 'ਚ ਖੜ੍ਹੇ ਰਹਿਣ ਤੋਂ ਬਾਅਦ ਵਾਪਸ ਇੰਡੀਆ ਭੇਜਣ ਦੀ ਬਜਾਏ ਕੈਨੇਡਾ 'ਚ ਨਿਲਾਮ ਕੀਤੀ ਗਈ ਸੀ।

ਸ਼ਿਕਾਇਤ ਕਰਤਾ ਗੁਰਦੁਆਰਾ ਕੌਂਸਲਾਂ ਦਾ ਦੋਸ਼ ਹੈ ਕਿ ਸਿੱਖ ਸ਼ਰਧਾਲੂਆਂ ਵਲੋਂ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਪ੍ਰਾਣੀ ਵਜੋਂ ਸਤਿਕਾਰਤ ਕੀਤਾ ਜਾਂਦਾ ਹੈ, ਜਿਸ ਨੂੰ ਦੋ ਢਾਈ ਮਹੀਨੇ ਬਿਨਾਂ ਪ੍ਰਕਾਸ਼ ਕੀਤੇ ਸਿੱਲ੍ਹ ਵਾਲੇ ਕੰਟੇਨਰ ਚ ਬੰਦ ਰੱਖਣਾ ਗੁਰੂ ਸਾਹਿਬ ਦੀ ਬੇਅਦਬੀ ਹੈ। ਜਿਸ ਲਈ ਮਾਮਲੇ ਨਾਲ ਜੁੜੇ ਹੋਏ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਯਾਦ ਕਰਾਇਆ ਕਿ 2014 'ਚ ਤਤਕਾਲੀ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਬੀੜਾਂ ਨੂੰ ਕੰਨਟੇਨਰ ਜਾਂ ਹਵਾਈ ਜਹਾਜ਼ ਦੇ ਕਾਰਗੋ ਵਿੱਚ ਲਿਜਾਣ ਵਾਲਾ ਪੰਥ ਦੋਖੀ ਮੰਨਿਆ ਜਾਵੇਗਾ।

ਇਹ ਵੀ ਕਿਹਾ ਗਿਆ ਸੀ ਕਿ ਬੀੜ ਸਾਹਿਬ ਨੂੰ ਕਿਧਰੇ ਵੀ ਲਿਜਾਣ ਮੌਕੇ ਉਸ ਨੂੰ ਸੁੱਚੇ ਰੁਮਾਲਿਆਂ ਵਿੱਚ ਲਪੇਟ ਕੇ ਪਾਲਕੀ ਸਾਹਿਬ ਵਿੱਚ ਲਿਜਾਇਆ ਜਾਵੇ। ਉਨ੍ਹਾਂ ਸਿੰਘ ਸਾਹਿਬ ਨੂੰ ਯਾਦ ਕਰਾਇਆ ਕਿ ਉਸ ਘਟਨਾ ਤੋਂ 12 ਸਾਲ ਬੀਤ ਗਏ, ਪਰ ਅਜੇ ਤੱਕ ਕੋਈ ਜਾਂਚ ਹੀ ਨਹੀਂ ਹੋਈ ਤੇ ਨਾ ਹੀ ਲੱਖਾਂ ਰੁਪਏ ਦੀ ਬੱਸ ਨੂੰ ਕੁਝ ਹਜ਼ਾਰ ਰੁਪਏ 'ਚ ਨਿਲਾਮ ਕਰਨ ਬਾਰੇ ਕੋਈ ਕਾਰਵਾਈ ਹੋਈ।

ਕੈਨੇਡਾ ਦੀਆਂ ਗੁਰਦੁਆਰਾ ਕੌਂਸਲਾਂ ਨੇ ਇਸੇ ਸਬੰਧ ਚ ਸੰਗਤੀ ਇਕੱਠਾਂ ਰਾਹੀਂ ਮਤੇ ਪਾਸ ਕਰਨ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਦੋ ਢਾਈ ਮਹੀਨੇ ਸ਼ਿੱਪ ਦੇ ਕਾਰਗੋ 'ਚ ਰਹਿਣ ਕਾਰਨ ਬੀੜਾਂ ਦਾ ਸਿੱਲ੍ਹੇ ਹੋਣਾ ਕੁਦਰਤੀ ਹੈ, ਪਰ ਸਬੰਧਤ ਗੁਰਦੁਆਰਾ ਸਾਹਿਬ ਨੇ ਕੌਂਸਲ ਦੇ ਪ੍ਰਤੀਨਿਧ ਨੂੰ ਬੀੜਾਂ ਦੇ ਦਰਸ਼ਨ ਕਰਨ ਦੀ ਆਗਿਆ ਨਾ ਦੇਣ ਤੋਂ ਸਪਸ਼ਟ ਹੈ ਕਿ ਕੌਂਸਲ ਦਾ ਸਿੱਲ ਵਾਲਾ ਖਦਸ਼ਾ ਸਹੀ ਹੈ। ਉੱਧਰ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਦੇ ਲੈਟਰ ਹੈੱਡ ਤੇ ਪ੍ਰਾਪਤ ਹੋਏ ਪ੍ਰੈਸ ਨੋਟ ਚ ਉਕਤ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਗਿਆ ਹੈ ਕਿ ਸ਼ਰਧਾਲੂਆਂ ਦੀ ਮੰਗ ਤੇ ਬੀੜਾਂ ਮੰਗਾਈਆਂ ਗਈਆਂ ਹਨ ਤੇ ਉਨ੍ਹਾਂ ਨੂੰ ਪੂਰੇ ਸਤਿਕਾਰ ਨਾਲ ਸੰਭਾਲਿਆ ਗਿਆ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune