ਬਾਲ ਕਹਾਣੀ ਚਿੜੀ ਕੋਲ ਬੈਠੇ ਚਿੜੇ ਨੂੰ ਦੇਖ ਕੇ ਘਰ ਦਾ ਮਾਲਕ ਹੈਰਾਨ ਰਹਿ ਗਿਆ। ਉਸ ਨੇ ਚਿੜੀ ਨੂੰ ਪੁੱਛਿਆ;
''ਕੁੜੇ ਇਹ ਕੌਣ ਏਂ?''
''ਮੇਰੇ ਪਤੀ ਨੇ।'' ਚਿੜੀ ਨੇ ਜਵਾਬ ਦਿੱਤਾ।
''ਤੇਰਾ ਵਿਆਹ ਹੋ ਗਿਆ?''
''ਹਾਂ ਜੀ।''
''ਕਦੋਂ?''
''ਦੋ ਹਫ਼ਤੇ ਪਹਿਲਾਂ।''
''ਤਾਂ ਹੀ ਪੁੱਤ ਤੂੰ ਕਈ ਦਿਨਾਂ ਤੋਂ ਦਿਸੀ ਨਹੀਂ। ਤੂੰ ਪਹਿਲਾਂ ਕਿਉਂ ਨਹੀਂ ਦੱਸਿਆ?''
''ਮੈਨੂੰ ਸੰਗ ਲੱਗਦੀ ਸੀ।''
''ਕਮਲੀ ਨਾ ਹੋਵੇ ਤਾਂ।''
''ਮੈਂ ਬਾਹਰ ਆ ਕੇ ਹਰ ਰੋਜ਼ ਦਰੱਖਤ ਵੱਲ ਨਿਗ੍ਹਾ ਮਾਰਦਾ ਰਿਹਾ। ਮੈਨੂੰ ਫਿਕਰ ਹੋ ਗਿਆ ਬਈ ਪਤਾ ਨਹੀਂ। ਤੂੰ ਪੁੱਤ ਮੋਬਾਈਲ ਤੋਂ ਫੋਨ ਕਰ ਦੇਣਾ ਸੀ।'' ਮਾਲਕ ਨੇ ਚਿੜੀ ਨੂੰ ਕਿਹਾ।
''ਇਹ ਮੋਬਾਈਲ ਫੋਨ ਤਾਂ ਸਾਡੀ ਜਾਨ ਦੇ ਦੁਸ਼ਮਣ ਨੇ। ਤੁਹਾਨੂੰ ਸ਼ਾਇਦ ਨਹੀਂ ਪਤਾ ਇਨ੍ਹਾਂ ਨੇ ਸਾਡੀਆਂ ਕਿੰਨੀਆਂ ਭੈਣਾਂ ਤੇ ਭਰਾਵਾਂ ਨੂੰ ਖ਼ਤਮ ਕਰ ਦਿੱਤਾ ਏ।''
''ਮੁਆਫ਼ ਕਰਨਾ ਪੁੱਤ, ਮੈਨੂੰ ਇਸ ਗੱਲ ਦਾ ਗਿਆਨ ਨਹੀਂ ਸੀ।'' ਮਾਲਕ ਨੇ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ।
'ਚਿੜੇ ਕਾਕਾ ਤੇਰਾ ਘਰ ਆਉਣ 'ਤੇ ਬਹੁਤ ਬਹੁਤ ਸਵਾਗਤ ਹੈ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਤੇਰੇ ਆਉਣ 'ਤੇ ਅਸੀਂ ਤੇਲ ਚੋਣਾ ਸੀ।''
ਘਰ ਦਾ ਮਾਲਕ ਅੰਦਰ ਗਿਆ ਤੇ ਮਿੱਠਾ ਮਿੱਠਾ ਚੋਗਾ ਲੈ ਆਇਆ। ਉਸ ਨੇ ਚਿੜੇ ਨੂੰ ਸੰਬੋਧਿਤ ਹੁੰਦੇ ਕਿਹਾ, ''ਪੁੱਤ ਮੈਂ ਤੇਰਾ ਤੇਲ ਚੋਅ ਕੇ ਸਵਾਗਤ ਤਾਂ ਨਹੀਂ ਕਰ ਸਕਿਆ। ਆ ਤੇਰੀ ਚੁੰਝ ਮਿੱਠੀ ਕਰਾਵਾਂ।''
ਪਹਿਲਾਂ ਤਾਂ ਚਿੜਾ ਡਰਿਆ। ਫਿਰ ਚਿੜੀ ਨੇ ਹੌਲੀ ਦੇ ਕੇ ਕਿਹਾ, ''ਆਪਣੇ ਪਾਪਾ ਕੋਲੋਂ ਥੋੜ੍ਹਾ ਡਰੀਦਾ।''
''ਪਾਪਾ।' ਪਾਪਾ ਦੀ ਆਵਾਜ਼ ਸੁਣ ਕੇ ਘਰ ਦਾ ਮਾਲਕ ਆਲੇ-ਦੁਆਲੇ ਦੇਖਦਿਆਂ ਕਹਿਣ ਲੱਗਿਆ, ''ਕਿਸ ਨੇ ਕਿਹਾ ਮੈਨੂੰ ਪਾਪਾ?''
''ਮੈਂ ਕਿਹਾ ਪਾਪਾ।'' ਚਿੜੀ ਨੇ ਖੰਭ ਫੜਕਾਉਂਦੀ ਨੇ ਜਵਾਬ ਦਿੱਤਾ। ਚਿੜਾ-ਚਿੜੀ ਆਏ ਤੇ ਆ ਕੇ ਮਾਲਕ ਦੇ ਹੱਥਾਂ 'ਤੇ ਬਹਿ ਕੇ ਸੁਆਦੀ ਚੋਗਾ ਚੁਗਣ ਲੱਗ ਪਏ। ਮਾਲਕ ਨੇ ਚਿੜੇ ਨੂੰ ਚੋਗਾ ਨਿੱਕੀ ਜਿਹੀ ਪੋਟਲੀ 'ਚ ਪਾ ਕੇ ਵੀ ਦਿੱਤਾ ਤਾਂ ਜੋ ਉਹ ਆਪਣੇ ਮਾਪਿਆਂ ਕੋਲ ਲਿਜਾ ਸਕੇ। ਅੱਜ ਘਰ ਦਾ ਮਾਲਕ ਬਹੁਤ ਖੁਸ਼ ਸੀ।
''ਪਾਪਾ! ਚਿੜਾ ਜੀ ਨੇ ਆਈਲੈਟਸ ਕੀਤੀ ਹੋਈ ਆ।'' ਚਿੜੀ ਨੇ ਬੜੇ ਮਾਣ ਨਾਲ ਕਿਹਾ।
''ਆਈਲੈਟਸ?''
''ਹਾਂ, ਪਾਪਾ।''
'ਕੀ ਪੰਛੀਆਂ ਨੂੰ ਵੀ ਆਈਲੈਟਸ ਕਰਨੀ ਪੈਂਦੀ ਏ?'' ਮਾਲਕ ਨੇ ਸਵਾਲ ਕਰਿਆ।
''ਪਾਪਾ ਜਿਸ ਜਗ੍ਹਾ 'ਤੇ ਜਾਣਾ, ਉੱਥੇ ਦੀ ਭਾਸ਼ਾ ਦਾ ਪਰਪੱਕ ਗਿਆਨ ਹੋਣਾ ਜ਼ਰੂਰੀ ਹੈ ਕਿ ਨਹੀਂ ਪਾਪਾ? ਇਹ ਮੰਨਿਆ ਕਿ ਸਾਨੂੰ ਵੀਜ਼ਿਆਂ ਦੀ ਲੋੜ ਨਹੀਂ ਪੈਂਦੀ।''
''ਹਾਂ ਪੁੱਤ ਇਹ ਤਾਂ ਹੈ।'' ਮਾਲਕ ਨੇ ਹਾਂ ਵਿੱਚ ਹਾਂ ਮਿਲਾਉਂਦੇ ਨੇ ਕਿਹਾ।
''ਬਾਹਰ ਕਿੱਥੇ ਜਾਣਾ ਏ?''
''ਇਸ ਜਗ੍ਹਾ ਨੂੰ ਛੱਡ ਕੇ ਉਸ ਜਗ੍ਹਾ ਜਿਹੜੀ ਹਰੀ ਭਰੀ ਹੈ। ਜਿੱਥੇ ਲੋਕ ਵੀ ਰਹਿੰਦੇ ਨੇ ਦਰੱਖਤ ਵੀ। ਜਿੱਥੇ ਲੋਕ ਦਰੱਖਤਾਂ ਨੂੰ ਆਪਣੇ ਪੁੱਤਾਂ ਵਾਂਗ ਪਾਲਦੇ ਹੀ ਨਹੀਂ ਸਗੋਂ ਰੁੱਖਾਂ ਉੱਪਰ ਪੰਛੀਆਂ ਲਈ ਆਲ੍ਹਣੇ ਬਣਾ ਕੇ ਵੀ ਟੰਗ ਕੇ ਰੱਖਦੇ ਹਨ। ਮੀਂਹ ਕਣੀ ਤੋਂ ਉਨ੍ਹਾਂ ਨੂੰ ਬਚਾਉਂਦੇ ਵੀ ਨੇ।'' ਚਿੜੀ ਨੇ ਸਾਰਾ ਕੁਝ ਇੱਕੋ ਸਾਹ 'ਚ ਹੀ ਕਹਿ ਦਿੱਤਾ।
''ਪਾਪਾ ਇੱਥੇ ਲੋਕਾਂ ਨੇ ਨਵੇਂ ਦਰੱਖਤ ਤਾਂ ਕੀ ਲਾਉਣੇ ਨੇ ਸਗੋਂ ਪੁਰਾਣਿਆਂ ਨੂੰ ਵੀ ਵੱਢੀ ਜਾਂਦੇ ਨੇ। ਸਾਡੀ ਆਉਣ ਵਾਲੀ ਪੀੜ੍ਹੀ ਦਾ ਕੀ ਬਣੇਗਾ?'' ਚਿੜੀ ਨੇ ਹਉਕਾ ਭਰਦੀ ਨੇ ਕਿਹਾ।
ਇਹ ਕਹਿੰਦਿਆਂ ਉਨ੍ਹਾਂ ਦੋਹਾਂ ਨੇ ਘਰ ਦੇ ਮਾਲਕ ਨੂੰ ਫਤਿਹ ਬੁਲਾਈ ਤੇ ਉੱਡ ਗਏ। ਮਾਲਕ ਇਹ ਪੁੱਛਣਾ ਵੀ ਭੁੱਲ ਗਿਆ ਕਿ ਹੁਣ ਉਹ ਕਦੋਂ ਵਾਪਸ ਆਉਣਗੇ?
ਮਾਲਕ ਹਰ ਰੋਜ਼ ਵਿਹੜੇ 'ਚ ਖੜ੍ਹੇ ਦਰੱਖਤਾਂ 'ਤੇ ਨਿਗ੍ਹਾ ਮਾਰਦਾ। 'ਕੱਲੀ 'ਕੱਲੀ ਟਾਹਣੀ ਨੂੰ ਗਹੁ ਨਾਲ ਦੇਖਦਾ, ਪਰ ਉਸ ਨੂੰ ਚਿੜਾ ਤੇ ਚਿੜੀ ਕਿਤੇ ਵੀ ਨਜ਼ਰ ਨਾ ਆਉਂਦੇ।
ਬਹੁਤ ਪਿਆਰਾ ਇਨਸਾਨ ਦੁੱਖ ਸੁੱਖ 'ਚ ਭਾਈਵਾਲ, ਸਾਰਿਆਂ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਲਾ ਮਾਲਕ, ਹੁਣ ਆਪ ਉਦਾਸ ਕਿਉਂ ਰਹਿਣ ਲੱਗ ਪਿਆ? ਇਸ ਦੀ ਚਰਚਾ ਲੋਕਾਂ 'ਚ ਆਏ ਦਿਨ ਹੋਣ ਲੱਗੀ।
ਇੱਕ ਦਿਨ ਪਿੰਡ ਦੇ ਕੁਝ ਬਜ਼ੁਰਗ ਇਕੱਠੇ ਹੋ ਕੇ ਉਸ ਕੋਲ ਆਏ ਤੇ ਉਸ ਨੂੰ ਉਸ ਦੀ ਉਦਾਸੀ ਦਾ ਕਾਰਨ ਪੁੱਛਣ ਲੱਗੇ।
''ਜੀਤ ਸਿਆਂ ਜਿੰਨਾ ਚਿਰ ਤੂੰ ਆਪਣੀ ਉਦਾਸੀ ਦਾ ਕਾਰਨ ਨਹੀਂ ਦੱਸਦਾ, ਅਸੀਂ ਵੀ ਅਰਦਾਸ ਕਰਕੇ ਰੋਟੀ ਪਾਣੀ ਬੰਦ ਕਰ ਦੇਣਾ ਏ, ਦੇਖ ਲੈ ਕਿੰਨੇ ਜਾਣਗੇ?'' ਉਸ ਨੇ ਅੱਖਾਂ ਪੂੰਝਦੇ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਕੱਲ੍ਹ ਨੂੰ ਜ਼ਰੂਰ ਦੱਸੇਗਾ।
ਦੂਸਰੇ ਦਿਨ ਪਿੰਡ ਦੇ ਸਿਆਣੇ ਲੋਕ ਅਤੇ ਨੌਜਵਾਨ ਬੱਚਿਆਂ ਸਮੇਤ ਉਸ ਦੇ ਘਰ ਦੇ ਸਾਹਮਣੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕੁਝ ਦੇਰ ਬਾਅਦ ਉਹ ਦਰਵਾਜ਼ੇ ਤੋਂ ਬਾਹਰ ਆਇਆ ਤੇ ਇਸ ਤਰ੍ਹਾਂ ਬੋਲਣਾ ਸ਼ੁਰੂ ਕੀਤਾ ਜਿਵੇਂ ਅੰਦਰੋਂ ਕੁਝ ਤਰੜ ਤਰੜ ਟੁੱਟ ਰਿਹਾ ਹੋਵੇ।
''ਕੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਚਹਿਚਹਾਉਣ? ਪੰਛੀਆਂ ਨਾਲ ਖੇਡਦੇ ਰਹਿਣ? ਉਨ੍ਹਾਂ ਦਾ ਬਚਪਨ ਬਚਿਆ ਰਹੇ? ਉਹ ਵੀ ਨੱਚ ਸਕਣ, ਕੁੱਦ ਸਕਣ? ਟਹਿਕ ਸਕਣ? ਮਹਿਕ ਸਕਣ? ਜੇ ਚਾਹੁੰਦੇ ਹੋ ਤਾਂ ਵਾਪਸ ਜਾਓ ਸਾਰੇ ਕਹੀਆਂ ਖੁਰਪੇ ਬਾਲਟੀਆਂ ਲੈ ਕੇ ਵਾਪਸ ਆ ਜਾਓ।''
ਲੋਕ ਕਹੀਆਂ ਖੁਰਪੇ ਲੈ ਕੇ ਉਸ ਦੇ ਘਰ ਪਹੁੰਚ ਗਏ। ''ਦੱਸ ਕੀ ਗੱਲ ਏ ਜੀਤ ਸਿਆਂ? ਇਹ ਟਰਾਲੀ ਬੂਟਿਆਂ ਦੀ ਕਾਹਦੇ ਲਈ ਲਿਆਂਦੀ ਆ?''
''ਬਸ ਇਹ ਬੂਟੇ ਚੁੱਕ ਲਵੋ। ਆਪਣੇ ਆਪਣੇ ਵਿਹੜਿਆਂ, ਖੇਤਾਂ 'ਤੇ ਜਿੱਥੇ ਲੱਗ ਸਕਦੇ ਨੇ, ਲਗਾ ਦਿਓ, ਨਹੀਂ ਤਾਂ ਕੱਲ੍ਹ ਬਹੁਤ ਮਾੜਾ ਹੋਵੇਗਾ।''
ਪਿੰਡ ਤੇ ਪਿੰਡ ਦਾ ਚਾਰ ਚੁਫੇਰਾ ਬੂਟਿਆਂ ਨਾਲ ਭਰ ਗਿਆ। ਸ਼ੁਰੂ ਸ਼ੁਰੂ 'ਚ ਲੋਕਾਂ ਨੇ ਪਾਣੀ ਦੀ ਸੇਵਾ ਆਪ ਕੀਤੀ। ਇੰਨੇ ਨੂੰ ਬਰਸਾਤਾਂ ਆ ਗਈਆਂ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਣ ਲੱਗ ਪਈ।
ਮਾਲਕ ਦੀਆਂ ਅੱਖਾਂ ਹਰ ਰੋਜ਼ ਆਲੇ-ਦੁਆਲੇ ਦਰੱਖਤਾਂ ਵੱਲ ਦੇਖਦੀਆਂ ਜਿਵੇਂ ਉਹ ਆਪਣੀ ਹੀ ਚਿੜੀ ਨੂੰ ਲੱਭ ਰਹੀਆਂ ਹੋਣ। ਉਸ ਨੂੰ ਆਸ ਸੀ ਕਿ ਚਿੜਾ-ਚਿੜੀ ਜ਼ਰੂਰ ਪਰਤਣਗੇ।
ਇੱਕ ਦਿਨ ਮਾਲਕ ਖ਼ਿਆਲਾਂ 'ਚ ਗੁਆਚਿਆ ਬੈਠਾ ਸੀ। ਚਹਿਚਹਾਉਣ ਦੀ ਆਵਾਜ਼ ਆਈ। ਮਾਲਕ ਨੇ ਰੁੱਖ ਵੱਲ ਦੇਖਿਆ। ਚਿੜਾ-ਚਿੜੀ ਨੂੰ ਦੇਖ ਕੇ ਮਾਲਕ ਖੁਸ਼ੀ ਨਾਲ ਚੀਕਿਆ।
''ਪੰਮਿਆ ਓਏ ਆਪਣੀ ਧੀ ਆ ਗਈ, 'ਕੱਲੀ ਨਹੀਂ ਨਾਲ ਦੋ ਬੱਚੇ ਵੀ ਨੇ।''
ਉਸ ਦੀ ਘਰਵਾਲੀ ਅੰਦਰੋਂ ਆਈ। ਚਿੜਾ-ਚਿੜੀ ਤੇ ਦੋਵੇਂ ਬੱਚੇ ਉਨ੍ਹਾਂ ਦੇ ਹੱਥਾਂ 'ਤੇ ਆ ਕੇ ਇਸ ਤਰ੍ਹਾਂ ਬਹਿ ਗਏ ਜਿਵੇਂ ਉਨ੍ਹਾਂ ਨੂੰ ਵਰ੍ਹਿਆਂ ਤੋਂ ਜਾਣਦੇ ਹੋਣ।
''ਪੁੱਤ ਤੁਸੀਂ ਤਾਂ ਮੇਰੀ ਜਾਨ ਹੀ ਸੁਕਾ ਦਿੱਤੀ ਸੀ।'' ਮਾਲਕ ਨੇ ਅੱਖਾਂ ਪੂੰਝਦੇ ਨੇ ਹਉਕਾ ਲਿਆ।
''ਰੋਵੋ ਨਾ ਪਾਪਾ ਅਸੀਂ ਘੁੰਮਣ ਫਿਰਨ ਲਈ ਚਲੇ ਗਏ ਸੀ, ਨਾਲੇ ਇਹ ਕਹਿੰਦੇ ਸੀ ਬਈ ਆਈਲੈਟਸ ਦਾ ਸਮਾਂ ਖ਼ਤਮ ਹੋਣ 'ਚ ਅਜੇ ਕਾਫ਼ੀ ਸਮਾਂ ਪਿਆ ਏ, ਇਸ ਲਈ ਕੁਝ ਸਮਾਂ ਆਪਾਂ ਇਕੱਠੇ ਗੁਜ਼ਾਰ ਲੈਂਦੇ ਹਾਂ।''
''ਇਹ ਚੂੰ ਚੂੰ ਬਹੁਤ ਪਿਆਰੇ ਨੇ ਧੀਏ।''
ਪੰਮੀ ਮਾਂ ਨੇ ਉਨ੍ਹਾਂ ਨੂੰ ਪਲੋਸਦਿਆਂ ਛਾਤੀ ਨਾਲ ਲਾਉਂਦਿਆ ਕਿਹਾ।
''ਕਿਉਂ ਚਿੜੇ ਪੁੱਤ ਤੇਰੇ ਬਾਹਰ ਜਾਣ ਦਾ ਕੰਮ ਕਿੱਥੇ ਕੁ ਪਹੁੰਚ ਗਿਆ।'' ਮਾਲਕ ਨੇ ਚਿੜੇ ਨੂੰ ਪੁੱਛਿਆ।
''ਕੰਮ ਤਾਂ ਪੂਰਾ ਹੋ ਗਿਆ, ਪਰ ਜਾਣ ਨੂੰ ਦਿਲ ਨਹੀਂ ਕਰਦਾ ਪਾਪਾ।''
''ਕਿਉਂ ਬਈ ਤੂੰ ਤਾਂ ਜਾਣ ਲਈ ਬਹੁਤ ਕਾਹਲਾ ਸੀ।''
''ਹੁਣ ਤਾਂ ਲੋਕਾਂ ਨੇ ਇੱਥੇ ਦਰੱਖਤ ਲਗਾ ਦਿੱਤੇ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਏ। ਸਾਡੇ ਬੱਚਿਆਂ ਦਾ ਭਵਿੱਖ ਇੱਥੇ ਹੀ ਸੁਨਹਿਰਾ ਹੈ। ਹੁਣ ਮੈਂ ਸਮਝਦਾ ਇੱਥੇ ਹੀ ਕੰਮ ਕਰਾਂ, ਬੱਚਿਆਂ ਦੀ ਦੇਖਭਾਲ ਕਰਾਂ।'' ਚਿੜੇ ਨੇ ਪੂਰੇ ਵਿਸ਼ਵਾਸ ਨਾਲ ਜਵਾਬ ਦਿੱਤਾ।
ਇਹ ਸੁਣਦਿਆਂ ਜੀਤ ਪਾਪਾ ਤੇ ਪੰਮੀ ਮਾਂ ਦਾ ਚਿਹਰਾ ਖਿੜ ਗਿਆ। ਹੁਣ ਉਹ ਚੂੰ ਚੂੰਆਂ ਨੂੰ ਚੁੰਮ ਰਹੇ ਸਨ, ਨਾਲੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਪਰਲ ਪਰਲ ਵਗ ਰਹੇ ਸਨ।
ਸੰਪਰਕ: 94174-68668
