ਐੱਸ ਡੀ ਐੱਮ-ਕਮ-ਕਨਵੀਨਰ ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਹੋਈ ਨਗਰ ਕੌਂਸਲ ਚਮਕੌਰ ਸਾਹਿਬ ਦੀ ਚੋਣ ਮੀਟਿੰਗ ਦੌਰਾਨ 'ਆਪ' ਨੇ ਸਫਲਤਾ ਹਾਸਲ ਕੀਤੀ ਹੈ। ਚੋਣ ਮੀਟਿੰਗ ਵਿੱਚ ਵਿਧਾਇਕ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਬਹੁ-ਸੰਮਤੀ ਨਾਲ ਕੌਂਸਲਰ ਵਿਸ਼ਾਲ ਕਸ਼ਿਅਪ ਨੂੰ ਕੌਂਸਲ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਚਹਿਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪਰਮਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਦੱਸਣਯੋਗ ਹੈ ਕਿ ਚੋਣਾਂ 'ਚ ਕਾਂਗਰਸ ਦੇ 7, 'ਆਪ' ਦੇ 3 ਅਤੇ 3 ਕੌਂਸਲਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ। ਸੱਤਾਧਾਰੀ ਧਿਰ ਕੋਲ ਵਿਧਾਇਕ ਸਣੇ 4 ਅਤੇ 3 ਆਜ਼ਾਦ ਕੌਂਸਲਰ ਸਨ ਪਰ ਉਹ ਇੱਕ ਕਾਂਗਰਸੀ ਕੌਂਸਲਰ ਨੂੰ ਆਪਣੇ ਖੇਮੇ ਵਿੱਚ ਸ਼ਾਮਲ ਕਰਨ ਵਿੱਚ ਸਫ਼ਲ ਰਹੇ। ਇਸੇ ਕਰ ਕੇ ਸ੍ਰੀ ਕਸ਼ਿਅਪ 14 ਵਿੱਚੋਂ 8 ਵੋਟਾਂ ਹਾਸਲ ਕਰ ਕੇ ਪ੍ਰਧਾਨ ਚੁਣੇ ਗਏ। ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ, ਪੀ ਏ ਸੀ ਦੀ ਐਪੈਕਸ ਕੌਂਸਲ ਦੇ ਮੈਂਬਰ ਤੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਵੀਰਦਵਿੰਦਰ ਸਿੰਘ ਬੱਲਾਂ, ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਨਵੀਂ ਚੁਣੀ ਟੀਮ ਦਾ ਸਨਮਾਨ ਕੀਤਾ। ਇਸ ਉਪਰੰਤ ਟੀਮ ਨੇ ਸ਼ਹਿਰ ਵਿੱਚ ਜੇਤੂ ਜਲੂਸ ਕੱਢਿਆ ਗਿਆ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿੱਚ ਮੱਥਾ ਟੇਕਿਆ।
ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਕੌਂਸਲ ਦੀ ਇਸ ਵੱਡੀ ਜਿੱਤ ਨੇ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹ ਦਿੱਤਾ ਹੈ। ਇਸ ਮੌਕੇ ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ, ਮਾਰਕੀਟ ਕਮੇਟੀ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ, ਪਰਮਿੰਦਰ ਸਿੰਘ ਸੇਖੋਂ, ਲੱਖਾ ਪਟਵਾਰੀ, ਸਰਪੰਚ ਹਰਿੰਦਰ ਸਿੰਘ ਕਾਕਾ, ਭੁਪਿੰਦਰ ਸਿੰਘ ਭੂਰਾ, ਰਿਸ਼ੂ ਗਰਗ, ਜੱਸਾ ਸਿੰਘ, ਗੁਰਵਿੰਦਰ ਸਿੰਘ ਅਤੇ ਸਿਕੰਦਰ ਸਿੰਘ ਆਦਿ ਹਾਜ਼ਰ ਸਨ।
