ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਅੱਜ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਸੈਕਟਰ 34 ਦੇ ਚੌਂਕ ਵਿਖੇ ਖੜ੍ਹੇ ਹੋ ਕੇ ਮੰਚ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਸ਼ਾ ਦਾ ਪ੍ਰਚਾਰ ਕੀਤਾ। ਇਸ ਦੇ ਨਾਲ ਹੀ ਮੰਚ ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਮੰਗ ਦੁਹਰਾਉਂਦੇ ਪੋਸਟਰ ਵੀ ਦਿਖਾਏ ਗਏ।
ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਹੱਲੋਮਾਜਰਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਸਕੱਤਰ ਗੁਰਪ੍ਰੀਤ ਸਿੰਘ ਸੋਮਲ ਅਤੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਦੀ ਅਗਵਾਈ ਹੇਠ ਇਸ ਪ੍ਰਚਾਰ ਪ੍ਰਦਰਸ਼ਨ ਵਿੱਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ, ਸ਼ਰਨਜੀਤ ਸਿੰਘ ਬੈਦਵਾਨ ਰਾਏਪੁਰ ਕਲਾਂ, ਨੌਜਵਾਨ ਕਿਸਾਨ ਏਕਤਾ ਤੋਂ ਕਿਰਪਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੋਂ ਨਛੱਤਰ ਸਿੰਘ ਬੈਦਵਾਨ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਸਾਰੇ ਪੰਜਾਬੀ ਹਿਤੈਸ਼ੀਆਂ ਨੇ ਪਿਕਾਡਲੀ ਚੌਂਕ ਦੇ ਚਾਰੇ ਪਾਸੇ ਖੜ੍ਹੇ ਹੋ ਕੇ ਹੱਥਾਂ ਵਿੱਚ ਪੰਜਾਬੀ ਭਾਸ਼ਾ ਦਰਸਾਉਂਦੇ ਪੋਸਟਰ ਦਿਖਾ ਕੇ ਰਾਹਗੀਰਾਂ ਨੂੰ ਪੰਜਾਬੀ ਭਾਸ਼ਾ ਬੋਲਣ ਅਤੇ ਸਿੱਖਣ ਲਈ ਪ੍ਰੇਰਿਤ ਕੀਤਾ। ਪਿੰਡ ਖੁੱਡਾ ਅਲੀਸ਼ੇਰ ਤੋਂ ਬਾਬਾ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਆਏ ਛੋਟੇ-ਛੋਟੇ ਬੱਚਿਆਂ ਨੇ “ਮਾਂ ਬੋਲੀ ਜੇ ਭੁੱਲ ਜਾਓਗੇ – ਕੱਖਾਂ ਵਾਂਗੂੰ ਰੁਲ ਜਾਓਗੇ”, “ਪੰਜਾਬੀ ਬੋਲੋ – ਪੰਜਾਬੀ ਪੜ੍ਹੋ” ਵਰਗੇ ਨਾਅਰੇ ਲਗਾ ਕੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਮੰਚ ਦੇ ਅਹੁਦੇਦਾਰਾਂ ਨੇ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਹੋਰਨਾਂ ਭਾਸ਼ਾਵਾਂ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ, ਪਰ ਸਾਡੇ ਪੰਜਾਬੀ ਨੌਜਵਾਨ ਆਪਣੀ ਮਾਂ ਬੋਲੀ ਨੂੰ ਵਿਸਾਰਦੇ ਜਾ ਰਹੇ ਹਨ, ਜੋ ਕਿ ਸਾਡੇ ਲਈ ਬਹੁਤ ਹੀ ਖ਼ਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬੀ ਮਾਂ ਬੋਲੀ ਨੂੰ ਵਿਸਾਰ ਦੇਵਾਂਗੇ ਤਾਂ ਅਗਲੀ ਪੀੜ੍ਹੀ ਲਈ ਗੁਰੂ ਘਰਾਂ ਵਿੱਚ ਗੁਰਬਾਣੀ ਪੜ੍ਹਨੀ ਵੀ ਮੁਸ਼ਕਿਲ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾਵੇ। ਇਸ ਦੇ ਨਾਲ ਹੀ ਯੂ ਟੀ ਚੰਡੀਗੜ੍ਹ ਪ੍ਰਸ਼ਾਸਨ 'ਤੇ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਨਿਕ ਭਾਸ਼ਾ ਦਾ ਦਰਜਾ ਦੇਣ ਲਈ ਦਬਾਅ ਵੀ ਬਣਾਇਆ ਜਾਵੇ।
ਇਸ ਮੌਕੇ ਪੇਂਡੂ ਸੰਘਰਸ਼ ਕਮੇਟੀ ਤੋਂ ਜੋਗਿੰਦਰ ਸਿੰਘ ਬੁੜੈਲ, ਗਿਆਨ ਚੰਦ ਬੁੜੈਲ, ਲੇਖਕ ਸਭਾ ਤੋਂ ਬਲਕਾਰ ਸਿੰਘ ਸਿੱਧੂ, ਨਰਿੰਦਰ ਸਿੰਘ ਦੌੜਾਕ, ਨਰਿੰਦਰ ਕੌਰ ਲੌਂਗੀਆ, ਸਿਮਰਜੀਤ ਕੌਰ ਗਰੇਵਾਲ, ਚਰਨਜੀਤ ਕੌਰ ਬਾਠ, ਰਜਿੰਦਰ ਕੌਰ ਸਰਾਂ, ਮਨਜੀਤ ਕੌਰ ਮੀਤ, ਸਾਰੰਗਪੁਰ ਤੋਂ ਨਛੱਤਰ ਸਿੰਘ ਅਤੇ ਚਰਨ ਸਿੰਘ ਅਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਤੋਂ ਗੁਰਦਰਸ਼ਨ ਸਿੰਘ ਮਾਵੀ ਵੀ ਸ਼ਾਮਲ ਹੋਏ।
