ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਸੌਰਭ ਜੋਸ਼ੀ ਨੇ ਸ਼ਹਿਰ ਦੇ ਵਿਕਾਸ ਅਤੇ ਭਖਦੇ ਨਾਗਰਿਕ ਮੁੱਦਿਆਂ ਦੀ ਸਮੀਖਿਆ ਲਈ ਕਮਿਸ਼ਨਰ ਅਮਿਤ ਕੁਮਾਰ, ਸੰਯੁਕਤ ਕਮਿਸ਼ਨਰਾਂ, ਮੁੱਖ ਇੰਜਨੀਅਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਲਿਆਉਣ ਲਈ ਕਈ ਅਹਿਮ ਫੈਸਲੇ ਲਏ ਗਏ।
ਮੀਟਿੰਗ ਦੌਰਾਨ ਚੰਡੀਗੜ੍ਹ ਦੇ ਸਾਰੇ ਸੈਕਟਰਾਂ, ਪਿੰਡਾਂ ਅਤੇ ਕਲੋਨੀਆਂ ਵਿੱਚ ਸਫ਼ਾਈ ਦੇ ਮਿਆਰਾਂ ਨੂੰ ਬਿਹਤਰ ਬਣਾਉਣ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ। ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਐੱਮ ਐੱਸ ਡਬਲਿਊ ਨੇਮ-2026 ਸਖ਼ਤੀ ਨਾਲ ਲਾਗੂ ਕਰਨ ਬਾਰੇ ਚਰਚਾ ਹੋਈ। ਮੇਅਰ ਨੇ ਜਨਤਕ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਦੀ ਨੌਕਰੀ ਸੁਰੱਖਿਆ, ਸੁਰੱਖਿਆ ਉਪਕਰਨਾਂ ਦੀ ਉਪਲਬਧਤਾ ਅਤੇ ਉਨ੍ਹਾਂ ਦੀਆਂ ਭਲਾਈ ਸਹੂਲਤਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਮੀਟਿੰਗ ਦੌਰਾਨ ਸ਼ਹਿਰ ਭਰ ਵਿੱਚ ਪ੍ਰਸਤਾਵਿਤ ਪੇਡ ਪਾਰਕਿੰਗ ਸਿਸਟਮ ਦੇ ਸੁਧਾਰਾਂ ਦੀ ਸਮੀਖਿਆ ਕੀਤੀ ਗਈ, ਜਿਸ ਤਹਿਤ ਇਲੈਕਟ੍ਰੋਨਿਕ ਟਿਕਟਿੰਗ, ਸੀ ਸੀ ਟੀ ਵੀ ਨਿਗਰਾਨੀ, ਬੂਮ ਬੈਰੀਅਰ ਅਤੇ ਰੀਅਲ-ਟਾਈਮ ਪਾਰਕਿੰਗ ਪ੍ਰਬੰਧਨ ਵਰਗੇ ਸਮਾਰਟ ਸਮਾਧਾਨ ਲਾਗੂ ਕੀਤੇ ਜਾਣਗੇ। ਸੈਕਟਰ-17, 35-ਸੀ ਅਤੇ 22-ਬੀ ਵਰਗੇ ਪ੍ਰਮੁੱਖ ਵਪਾਰਕ ਖੇਤਰਾਂ ਵਿੱਚ ਸੋਧੀਆਂ ਪਾਰਕਿੰਗ ਦਰਾਂ ਦਾ ਉਦੇਸ਼ ਸੈਕਟਰ-17 ਦੀ ਬਹੁ-ਪੱਧਰੀ (ਮਲਟੀ-ਲੈਵਲ) ਪਾਰਕਿੰਗ ਦੀ ਵੱਧ ਤੋਂ ਵੱਧ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਸਟਰੀਟ ਵੈਂਡਰਾਂ ਦੇ ਮੁੱਦੇ 'ਤੇ ਮੇਅਰ ਨੇ ਯੋਜਨਾਬੱਧ ਵੈਂਡਿੰਗ ਜ਼ੋਨ ਬਣਾ ਕੇ ਸਹੀ ਵੈਂਡਰਾਂ ਦੀ ਰੋਜ਼ੀ-ਰੋਟੀ ਸੁਰੱਖਿਅਤ ਕਰਨ ਦੇ ਨਿਰਦੇਸ਼ ਦਿੱਤੇ।
ਇੰਜਨੀਅਰਿੰਗ ਵਿੰਗ ਦੇ ਚੱਲ ਰਹੇ ਵਿਕਾਸ ਕਾਰਜਾਂ (ਜਨ ਸਿਹਤ, ਬਾਗਬਾਨੀ ਅਤੇ ਬਿਜਲੀ ਵਿਭਾਗ) ਦੀ ਸਮੀਖਿਆ ਕਰਦਿਆਂ ਮੇਅਰ ਨੇ ਲੰਬਿਤ ਪ੍ਰਾਜੈਕਟਾਂ ਨੂੰ ਤੇਜ਼ ਕਰਨ ਅਤੇ ਕੰਮ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਕਿਹਾ, ਤਾਂ ਜੋ ਜਨਤਾ ਨੂੰ ਪਾਰਦਰਸ਼ੀ ਅਤੇ ਕੁਸ਼ਲ ਪ੍ਰਸ਼ਾਸਨ ਮਿਲ ਸਕੇ।
