Dailyhunt Logo
  • Light mode
    Follow system
    Dark mode
    • Play Story
    • App Story

CM Native Village ਸਤੌਜ ਵਿੱਚ ਬੇਰੁਜ਼ਗਾਰਾਂ ਦੀ ਸੱਥ ਲਾਉਣ ਦਾ ਐਲਾਨ

ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਪਿਛਲੇ 158 ਦਿਨਾਂ ਤੋਂ ਡੀ ਸੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੰਦਿਆਂ 10 ਜੂਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਚ ਬੇਰੁਜ਼ਗਾਰਾਂ ਦੀ ਸੱਥ ਲਾਉਣ ਦਾ ਐਲਾਨ ਕੀਤਾ ਹੈ। ਪੱਕੇ ਮੋਰਚੇ ਦੌਰਾਨ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਪਿੰਡਾਂ ਵਿਚ ਸਰਕਾਰੀ ਸੱਥ ਲਗਾ ਕੇ ਆਪਣੀ ਕਾਰਗੁਜ਼ਾਰੀ ਦਾ ਪ੍ਰਚਾਰ ਕਰ ਰਹੀ ਹੈ, ਦੂਜੇ ਪਾਸੇ ਬੇਰੁਜ਼ਗਾਰਾਂ ਨੇ ਸੰਗਰੂਰ ਸ਼ਹਿਰ ਵਿਚ ਸੱਥ ਲਗਾ ਕੇ ਮੁੱਖ ਮੰਤਰੀ ਸਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਰੁਜ਼ਗਾਰ ਦੇ ਮੁੱਦੇ ਤੇ ਜਨਤਕ ਬਹਿਸ ਦਾ ਸੱਦਾ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੀ ਪਹਿਲੀ ਸੱਥ ਵਿਚ ਜਨਤਕ ਬਹਿਸ ਲਈ ਕੋਈ ਨਹੀਂ ਪੁੱਜਿਆ ਜਿਸ ਕਾਰਨ ਹੁਣ ਅਗਲੇ ਪੜਾਅ ਵਜੋਂ ਬੇਰੁਜ਼ਗਾਰ ਸਾਂਝੇ ਮੋਰਚੇ ਨੇ 10 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਚ ਸੱਥ ਲਗਾਉਣ ਦਾ ਫੈਸਲਾ ਕੀਤਾ ਹੈ ਜਿਥੇ ਉਹ ਮੁੱਖ ਮੰਤਰੀ ਸਣੇ ਸਮੁੱਚੀ ਕੈਬਨਿਟ ਨੂੰ ਉਨ੍ਹਾਂ ਦੇ ਵਾਅਦਿਆਂ ਸਬੰਧੀ ਜਨਤਕ ਬਹਿਸ ਦਾ ਸੱਦਾ ਦੇਣਗੇ। ਆਗੂਆਂ ਨੇ ਸਮੂਹ ਭਰਾਤਰੀ ਜਥੇਬੰਦੀਆਂ ਨੂੰ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਚ 10 ਜੂਨ ਨੂੰ ਬੇਰੁਜ਼ਗਾਰਾਂ ਦੀ ਸੱਥ ਵਿਚ ਪੁੱਜ ਕੇ ਸਾਥ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਅਮਨਦੀਪ ਕੌਰ ਸੰਗਰੂਰ, ਜਗਮੀਤ ਸਿੰਘ ਜੈਤੋ, ਅਮਰੀਕ ਸਿੰਘ ਸ਼ਹਿਣਾ ਖੇੜਾ, ਸੰਦੀਪ ਸਿੰਘ ਮੋਫਰ ਅਤੇ ਦਰਸ਼ਨ ਸਿੰਘ ਲੱਡਾ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune