ਸਿੱਖਿਆ ਮਾਹਿਰ ਅਤੇ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਦੀ ਹਾਲਤ ਅੱਜ ਹੋਰ ਵਿਗੜ ਗਈ। ਜੰਤਰ ਮੰਤਰ ਵਿਖੇ ਉਨ੍ਹਾਂ ਦੇ ਅਣਮਿੱਥੇ ਸਮੇਂ ਦੇ ਮਰਨ ਵਰਤ ਦੇ 11ਵੇਂ ਦਿਨ ਮੈਡੀਕਲ ਜਾਂਚ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਾਰ 7 ਕਿਲੋ ਤੋਂ ਵੱਧ ਘਟ ਗਿਆ ਹੈ। ਪ੍ਰੀਖਿਆਵਾਂ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਅਤੇ ਸਰਕਾਰ ਦੀ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਵਾਲੀ ਥਾਂ 'ਤੇ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦਾ ਵਿਰੋਧ ਪ੍ਰਦਰਸ਼ਨ 19ਵੇਂ ਦਿਨ ਵੀ ਜਾਰੀ ਰਿਹਾ।
ਅੱਜ ਸਵੇਰੇ ਜਾਰੀ ਕੀਤੇ ਗਏ ਹੈਲਥ ਬੁਲੇਟਿਨ ਅਨੁਸਾਰ, ਵਾਂਗਚੁਕ ਦਾ ਭਾਰ ਘਟ ਕੇ 59.40 ਕਿਲੋ ਰਹਿ ਗਿਆ ਹੈ, ਜਿਸ ਨਾਲ ਭੁੱਖ ਹੜਤਾਲ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਉਨ੍ਹਾਂ ਦਾ ਭਾਰ 7 ਕਿਲੋ ਤੋਂ ਵੱਧ ਦੀ ਕਮੀ ਆ ਚੁੱਕੀ ਹੈ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਠੀਕ-ਠਾਕ ਸੀ ਅਤੇ ਉਹ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਸੁਚੇਤ ਸਨ।
