Punjab Congress : ਫਾਜ਼ਿਲਕਾ ਦੇ ਸ਼ਾਹ ਪੈਲੇਸ ਕੀਤੀ ਗਈ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਾਰਟੀ 'ਚ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਤਿਖੇ ਸ਼ਬਦੀ ਹਮਲੇ ਕੀਤੇ। ਕਾਂਗਰਸ ਪਾਰਟੀ ਦੇ ਇਸ ਸਮਾਗਮ ਵਿਚ ਸਾਰੇ ਵੱਖ-ਵੱਖ ਧੜਿਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਰਾਜਾ ਵੜਿੰਗ ਨੇ ਹਮਲਾਵਰ ਰੁੱਖ ਅਪਣਾਉਂਦਿਆਂ ਕਿਹਾ ਕਿ ਜੋ ਵਿਅਕਤੀ ਪਾਰਟੀ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ, ਉਨ੍ਹਾਂ ਬਾਰੇ ਰਾਹੁਲ ਗਾਂਧੀ ਜੀ ਹਰ ਤਰ੍ਹਾਂ ਦੀ ਰਿਪੋਰਟ ਲੈ ਰਹੇ ਹਨ।
ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਜੱਦੀ ਸ਼ਹਿਰ ਗੁਰੂ ਹਰਸਹਾਇ ਵਿਖੇ ਜਾ ਕੇ ਦੋ ਟਿਕਟਾਂ ਸਬੰਧੀ ਕਥਿਤ ਸਹਿਮਤੀ ਜਤਾਉਣ ਵਾਲੇ ਵਾਲੇ ਰਾਜਾ ਵੜਿੰਗ ਨੇ ਅੱਜ ਉਲਟ ਤੇਵਰ ਦਿਖਾਏ ਹਨ, ਕਿਸੇ ਆਗੂ ਦਾ ਨਾਮ ਲਏ ਬਿਨਾਂ ਵੜਿੰਗ ਨੇ ਕਿਹਾ ਕਿ ਇਹ ਪਾਰਟੀ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ ਕਿ ਉਸ ਨੂੰ ਦੋ ਦੋ ਟਿਕਟਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਬੀਜੇਪੀ ਨਾਲ ਸਾਂਝ ਪਾਈ ਹੋਵੇ, ਉਸ ਨੂੰ ਇੱਕ ਵੀ ਟਿਕਟ ਦਿੱਤੇ ਜਾਣ ਦਾ ਸਵਾਲ ਪੈਦਾ ਨਹੀਂ ਹੋ ਸਕਦਾ। ਵੜਿੰਗ ਨੇ ਕਿਹਾ ਕਿ ਜੇ ਮੈਂ ਪ੍ਰਧਾਨ ਰਿਹਾ ਤਾਂ ਮੈਂ ਪਾਰਟੀ ਵਿਰੋਧੀ ਵਿਅਕਤੀ ਨੂੰ ਇੱਕ ਵੀ ਟਿਕਟ ਨਹੀਂ ਦਿਆਂਗਾ।
ਜ਼ਿਕਰਯੋਗ ਹੈ ਕਿ ਕਿ ਕਰੀਬ ਛੇ ਮਹੀਨੇ ਪਹਿਲਾਂ ਗੁਰੂ ਹਰ ਸਹਾਇ ਵਿਖੇ ਰਮਿੰਦਰ ਆਵਲਾ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਸੀ, ਜਿਸ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿੱਚ ਰਾਜਾ ਵੜਿੰਗ ਨੇ ਕਿਹਾ ਸੀ, ''ਰਵਿੰਦਰ ਆਵਲਾ ਪੰਜਾਬ ਦਾ ਉਹ ਲੀਡਰ ਹੈ, ਜਿਸ ਨੂੰ ਮੈਂ ਟਿਕਟ ਦੇਣ ਵਾਲਾ ਕੌਣ ਹੁੰਦਾ.? ਉਹ (ਰਮਿੰਦਰ ਆਵਲਾ) ਖੁਦ ਆਪਣੀਆਂ ਟਿਕਟਾਂ ਜੇਬ ਵਿੱਚ ਰੱਖਦਾ ਹੈ।''
ਪਰ ਹੁਣ ਜਦੋਂ ਰਮਿੰਦਰ ਆਵਲਾ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਖੇਮੇ 'ਚ ਨਜ਼ਰ ਆਉਣ ਤੋਂ ਤੋਂ ਬਾਅਦ ਹੁਣ ਰਾਜਾ ਵੜਿੰਗ ਦੇ ਤੇਵਰ ਬਦਲੇ ਨਜ਼ਰ ਆ ਰਹੇ ਹਨ। ਅੱਜ ਦੀ ਇਸ ਰੈਲੀ ਵਿੱਚ ਜਿੱਥੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਸਮਰਥਕਾਂ ਵੱਲੋਂ ਆਪਣੇ ਦਾਖਲੇ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਅਰੇ ਲਾਏ ਗਏ, ਤਾਂ ਉਨ੍ਹਾਂ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰੋਕਦੇ ਹੋਏ ਨਜ਼ਰ ਆਏ। ਅੱਜ ਦੀ ਇਸ ਰੈਲੀ ਵਿੱਚ ਜਲਾਲਾਬਾਦ ਹਲਕੇ ਤੋਂ ਸੰਭਾਵੀ ਉਮੀਦਵਾਰ ਰਾਜ ਬਖਸ਼ ਕੰਬੋਜ ਦੇ ਸਮਰਥਕਾਂ ਅਤੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਸਮਰਥਕਾਂ ਵਿੱਚ ਬਹਿਸਬਾਜ਼ੀ ਵੀ ਹੋਈ ਅਤੇ ਉਹਨਾਂ ਨੇ ਇੱਕ ਦੂਸਰੇ ਦੇ ਖ਼ਿਲਾਫ਼ ਨਾਰੇਬਾਜ਼ੀ ਕੀਤੀ। ਮੌਕੇ ਤੇ ਮੌਜੂਦ ਪੁਲੀਸ ਅਧਿਕਾਰੀਆਂ ਦੇ ਵਿੱਚ ਪੈ ਕੇ ਇਸ ਮਾਮਲੇ ਨੂੰ ਠੰਡਾ ਕਰਵਾਇਆ।
