ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਛੇਵਾਂ ਦਰਿਆ ਵੀ ਆਖਿਆ ਜਾਂਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਵੀਹਵੀਂ ਸਦੀ ਦੇ ਸਭ ਤੋਂ ਮਹਾਨ ਪੰਜਾਬੀ ਸਨ। ਉਹ ਆਈ ਸੀ ਐੱਸ ਅਫਸਰ ਸਨ, ਜੋ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ। ਅਫਸਰਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਸਥਿਤੀ ਨੂੰ ਕਾਬੂ ਵਿੱਚ ਰੱਖਣਾ ਹੈ, ਪਰ ਡਾ. ਰੰਧਾਵਾ ਨੇ ਇਸ ਤੋਂ ਅੱਗੇ ਜਾ ਕੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ।
ਉਨ੍ਹਾਂ ਨੇ ਪੰਜਾਬ ਦੇ ਵਿਰਸੇ, ਸੱਭਿਆਚਾਰ ਅਤੇ ਕਲਾ ਨੂੰ ਸੰਭਾਲਿਆ ਅਤੇ ਪੰਜਾਬੀ ਬੋਲੀ, ਲੇਖਕਾਂ, ਕਲਾਕਾਰਾਂ ਤੇ ਚਿੱਤਰਕਾਰਾਂ ਨੂੰ ਹੱਲਾਸ਼ੇਰੀ ਦਿੱਤੀ। ਪੰਜਾਬ ਅਤੇ ਦੇਸ਼ ਨਾਲ ਸਬੰਧਿਤ ਪੁਸਤਕਾਂ ਲਿਖੀਆਂ ਅਤੇ ਲਾਇਬ੍ਰੇਰੀਆਂ ਖੋਲ੍ਹੀਆਂ।
ਡਾ. ਮਹਿੰਦਰ ਸਿੰਘ ਰੰਧਾਵਾ ਸ਼ਾਮ ਨੂੰ ਲੰਮੀ ਸੈਰ ਕਰਦੇ ਸਨ। ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੱਠ ਸਾਲ ਮੁਖੀ ਰਹੇ। ਅਸਲ ਵਿੱਚ ਇਹ ਸੰਸਥਾ ਉਨ੍ਹਾਂ ਦੀ ਹੀ ਦੇਣ ਹੈ। ਜਦੋਂ ਉਹ ਲੁਧਿਆਣੇ ਹੁੰਦੇ ਤਾਂ ਕਈ ਵਾਰ ਮੈਨੂੰ ਉਨ੍ਹਾਂ ਨਾਲ ਸੈਰ ਕਰਨ ਦਾ ਮੌਕਾ ਮਿਲਦਾ। ਸੈਰ ਲਈ ਉਹ ਨਹਿਰੋਂ ਪਾਰ ਵਾਲੇ ਫਾਰਮ 'ਤੇ ਜਾਂਦੇ ਸਨ। ਇੱਕ ਵਾਰ ਮੈਂ ਪੁੱਛ ਹੀ ਲਿਆ ਕਿ ਤੁਸੀਂ ਏਡੀ ਦੂਰ ਕਿਉਂ ਆਉਂਦੇ ਹੋ। ਉਹ ਆਖਣ ਲੱਗੇ, ''ਮੈਂ ਜਦੋਂ ਕੈਂਪਸ 'ਚ ਸੈਰ ਕਰਦਾ ਹਾਂ ਤਾਂ ਕਈ ਲੋਕ ਮੈਨੂੰ ਮਿਲਣ ਲਈ ਰਾਹ ਵਿੱਚ ਖੜ੍ਹੇ ਹੁੰਦੇ ਹਨ, ਜਿਸ ਕਾਰਨ ਮੈਨੂੰ ਸੈਰ ਦਾ ਆਨੰਦ ਨਹੀਂ ਆਉਂਦਾ।'' ਜਦੋਂ ਵੀ ਉਨ੍ਹਾਂ ਨਾਲ ਸੈਰ ਕਰਨ ਦਾ ਮੌਕਾ ਮਿਲਦਾ ਤਾਂ ਅਸੀਂ ਪੰਜਾਬ ਦੀ ਕਿਰਸਾਨੀ, ਯੂਨੀਵਰਸਿਟੀ ਅਤੇ ਵਿਦਿਆਰਥੀਆਂ ਬਾਰੇ ਵਿਚਾਰ ਕਰਦੇ। ਇੱਕ ਵਾਰ ਅਸੀਂ ਸੈਰ ਕਰਕੇ ਸਟਨ ਹਾਊਸ ਵਾਪਸ ਆਏ ਤਾਂ ਉਹ ਆਖਣ ਲੱਗੇ, ''ਆ ਜਾ ਚਾਹ ਪੀਂਦੇ ਹਾਂ।'' ਮੇਰੇ ਲਈ ਇਸ ਤੋਂ ਵੱਡਾ ਸੁਭਾਗ ਹੋਰ ਕੀ ਹੋ ਸਕਦਾ ਸੀ। ਉਹ ਚੰਗੇ ਰੌਂਅ ਵਿੱਚ ਸਨ। ਮੈਂ ਪੁੱਛਿਆ, ''ਸਰ, ਤੁਸੀਂ ਇੰਨਾ ਕੁਝ ਕਿਵੇਂ ਕਰ ਸਕੇ?'' ਉਹ ਆਖਣ ਲੱਗੇ, ''ਜੇਕਰ ਇਰਾਦੇ ਨੇਕ ਹੋਣ ਅਤੇ ਲਗਨ ਹੋਵੇ ਤਾਂ ਸਭ ਕੁਝ ਆਪਣੇ ਆਪ ਹੋ ਜਾਂਦਾ ਹੈ।'' ਮੈਂ ਆਖਿਆ, ''ਜੇਕਰ ਤੁਸੀਂ ਨਵੀਂ ਪੀੜ੍ਹੀ ਨੂੰ ਸਲਾਹ ਦੇਣੀ ਹੋਵੇ ਤਾਂ ਕੀ ਆਖੋਗੇ?'' ਡਾ. ਰੰਧਾਵਾ ਦਾ ਪਹਿਲਾ ਮੰਤਰ ਸੀ ਕਿ ਸਾਨੂੰ ਆਪਣਾ ਨਿਸ਼ਾਨਾ ਮਿੱਥਣਾ ਚਾਹੀਦਾ ਹੈ। ਉਨ੍ਹਾਂ ਦੱਸਿਆ, ''ਮੇਰੇ ਪਿਤਾ ਜੀ ਤਹਿਸੀਲਦਾਰ ਸਨ ਅਤੇ ਮੈਂ ਸੋਚਿਆ ਕਿ ਮੈਨੂੰ ਡੀ ਸੀ ਬਣਨਾ ਚਾਹੀਦਾ ਹੈ। ਕਈ ਵਾਰ ਮੈਂ ਆਪਣੇ ਨਾਮ ਨਾਲ ਗਵਰਨਰ ਵੀ ਲਿਖ ਲੈਂਦਾ ਸੀ। ਡੀ ਸੀ ਬਣਨ ਲਈ ਮੁੱਢਲੀ ਲੋੜ ਪੜ੍ਹਾਈ ਹੁੰਦੀ ਹੈ। ਮੈਂ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਪੜ੍ਹਾਈ ਸ਼ੁਰੂ ਕੀਤੀ। ਕਿਤਾਬਾਂ ਤੋਂ ਬਗੈਰ ਮੈਨੂੰ ਹੋਰ ਕੋਈ ਸ਼ੌਕ ਨਹੀਂ ਸੀ। ਸਿਰਫ਼ ਘੋੜਸਵਾਰੀ ਕਰਦਾ ਸਾਂ ਕਿਉਂਕਿ ਉਦੋਂ ਆਵਾਜਾਈ ਦਾ ਸਾਧਨ ਸਿਰਫ਼ ਘੋੜਾ ਹੀ ਸੀ। ਪ੍ਰਾਇਮਰੀ ਪਿੰਡ ਦੇ ਸਕੂਲ ਅਤੇ ਦਸਵੀਂ ਖਾਲਸਾ ਹਾਈ ਸਕੂਲ ਤੋਂ ਕੀਤੀ। ਉਚੇਰੀ ਪੜ੍ਹਾਈ ਲਈ ਮੈਂ ਲਾਹੌਰ ਕਾਲਜ ਵਿੱਚ ਦਾਖ਼ਲਾ ਲੈ ਲਿਆ। ਪੜ੍ਹਾਈ ਸ਼ੁਰੂ ਕੀਤਿਆਂ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਇਹ ਵੱਡਾ ਝਟਕਾ ਸੀ। ਆਮਦਨ ਵੀ ਬੰਦ ਹੋ ਗਈ। ਮੇਰੇ ਪਰਿਵਾਰ ਨੇ ਸਲਾਹ ਕੀਤੀ ਕਿ ਮੈਨੂੰ ਪੜ੍ਹਾਈ ਛੱਡ ਕੇ ਨੌਕਰੀ ਕਰ ਲੈਣੀ ਚਾਹੀਦੀ ਹੈ। ਪਿਤਾ ਜੀ ਦੀ ਥਾਂ ਸਰਕਾਰੀ ਨੌਕਰੀ ਮਿਲ ਜਾਣੀ ਸੀ ਪਰ ਮੈਂ ਤਾਂ ਡੀ ਸੀ ਬਣਨ ਦਾ ਸੁਪਨਾ ਦੇਖਿਆ ਹੋਇਆ ਸੀ। ਮੈਂ ਸਾਰਿਆਂ ਨੂੰ ਨਾਂਹ ਕਰ ਦਿੱਤੀ। ਪਰਿਵਾਰ ਦੀ ਨਾਰਾਜ਼ਗੀ ਵੀ ਝੱਲਣੀ ਪਈ। ਮਾਇਕ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ। ਮੈਂ ਸਾਇੰਸ ਵਿਸ਼ਾ ਚੁਣਿਆ। ਪਿੰਡ ਵਿੱਚ ਰਹਿਣ ਕਰਕੇ ਮੈਨੂੰ ਫੁੱਲਾਂ, ਬੂਟਿਆਂ ਤੇ ਫ਼ਲਾਂ ਦੇ ਰੁੱਖਾਂ ਨਾਲ ਲਗਾਅ ਸੀ। ਮੈਂ ਬੌਟਨੀ ਵਿੱਚ ਐੱਮ ਐੱਸ ਸੀ ਕੀਤੀ। ਮਿਹਨਤ ਨਾਲ ਪੜ੍ਹਾਈ ਕੀਤੀ ਕਿਉਂਕਿ ਮੈਂ ਪਰਿਵਾਰ ਦੇ ਉੁਲਟ ਜਾ ਕੇ ਅਜਿਹਾ ਕੀਤਾ ਸੀ। ਇਮਤਿਹਾਨ ਦੇ ਕੇ ਪਿੰਡ ਆ ਗਿਆ। ਨਤੀਜਾ ਨਿਕਲਿਆ, ਬਹੁਤ ਵਧੀਆ ਪੁਜੀਸ਼ਨ ਆਈ ਸੀ। ਹੁਣ ਪਿੰਡ ਵਾਲਿਆਂ ਨੇ ਪੁੱਛਣਾ ਸ਼ੁਰੂ ਕੀਤਾ, 'ਕਾਕਾ, ਕੋਈ ਨੌਕਰੀ ਮਿਲੀ?' ਕਈ ਅਫ਼ਸੋਸ ਵੀ ਕਰਦੇ ਕਿ ਇੰਨਾ ਪੜ੍ਹ ਕੇ ਵੀ ਵਿਹਲਾ ਹੈ ਤੇ ਕਈ ਆਖਦੇ ਉਦੋਂ ਸਰਕਾਰੀ ਨੌਕਰੀ ਲੈ ਲੈਣੀ ਚਾਹੀਦੀ ਸੀ।''
ਉਨ੍ਹਾਂ ਇਹ ਵੀ ਕਿਹਾ, ''ਪਰ ਮੈਨੂੰ ਆਪਣੇ ਟੀਚੇ ਦਾ ਪਤਾ ਸੀ। ਮੇਰਾ ਇੱਕ ਜਮਾਤੀ ਦਿੱਲੀ ਰਹਿੰਦਾ ਸੀ। ਉਸ ਨੂੰ ਚਿੱਠੀ ਲਿਖੀ ਕਿ ਡੀ ਸੀ ਵਾਲੇ ਇਮਤਿਹਾਨ ਬਾਰੇ ਪਤਾ ਕਰ ਕੇ ਦੱਸਣਾ। ਉਸ ਮੈਨੂੰ ਹੋਰ ਜਾਣਕਾਰੀ ਦੇ ਨਾਲ ਫਾਰਮ ਭੇਜ ਦਿੱਤੇ। ਮੈਂ ਫਾਰਮ ਭਰੇ। ਉਸ ਦੇ ਨਾਲ 50 ਰੁਪਏ ਦਾਖ਼ਲਾ ਫੀਸ ਲੱਗਣੀ ਸੀ। ਘਰੋਂ ਪੈਸੇ ਮੰਗਣ ਦਾ ਮੇਰਾ ਹੌਸਲਾ ਨਾ ਪਿਆ। ਆਪਣੇ ਦੋਸਤ ਨੂੰ ਲਿਖਿਆ ਕਿ ਉਹ ਆਪਣੇ ਕੋਲੋਂ ਫੀਸ ਭਰ ਕੇ ਮੇਰਾ ਫਾਰਮ ਦਾਖ਼ਲ ਕਰਵਾ ਦੇਵੇ। ਹੁਣ ਤਿਆਰੀ ਦੀ ਲੋੜ ਸੀ। ਪਿੰਡ ਵਿੱਚ ਰਹਿ ਕੇ ਤਿਆਰੀ ਨਹੀਂ ਸੀ ਹੋ ਸਕਦੀ ਕਿਉਂਕਿ ਪਿੰਡ ਵਾਲਿਆਂ ਨੇ ਤਾਂ ਮੈਨੂੰ ਵਿਹਲਾ ਫਿਰਦਾ ਦੇਖ ਕੇ ਮੇਰੀ ਜਾਨ ਖਾਈ ਜਾਣੀ ਸੀ। ਸਾਡੀ ਕੁਝ ਜ਼ਮੀਨ ਬੀਕਾਨੇਰ ਸੀ, ਜਿੱਥੇ ਮੇਰਾ ਭਰਾ ਖੇਤੀ ਕਰਦਾ ਸੀ। ਮੈਂ ਉੱਥੇ ਜਾਣ ਦਾ ਫ਼ੈਸਲਾ ਕੀਤਾ। ਖੇਤ ਵਿੱਚ ਕਾਨਿਆਂ ਦੀ ਇੱਕ ਛੱਪਰੀ ਪਾਈ ਅਤੇ ਵਾਣ ਦਾ ਢਿੱਲਾ ਜਿਹਾ ਮੰਜਾ ਰੱਖਿਆ। ਫਿਰ ਮੇਰੀ ਤਪੱਸਿਆ ਸ਼ੁਰੂ ਹੋਈ ਕਿਉਂਕਿ ਟੀਚੇ ਦੀ ਪ੍ਰਾਪਤੀ ਲਈ ਸਾਧਨਾ ਜ਼ਰੂਰੀ ਹੈ। ਮੈਂ ਸਵੇਰੇ ਰੋਟੀ ਖਾ ਕੇ ਆਪਣੀ ਛੱਪਰੀ ਵਿੱਚ ਡੇਰਾ ਲਾ ਲੈਣਾ। ਇੱਕ ਵਜੇ ਤੱਕ ਪੜ੍ਹਾਈ ਕਰਨੀ। ਇੱਕ ਤੋਂ ਦੋ ਵਜੇ ਤੱਕ ਘਰ ਰੋਟੀ ਖਾਣ ਜਾਣਾ ਤੇ ਮੁੜ ਜਦੋਂ ਤੱਕ ਚਾਨਣ ਹੋਣਾ ਮਿਹਨਤ ਕਰਨੀ। ਉਦੋਂ ਬਿਜਲੀ ਤਾਂ ਹੁੰਦੀ ਨਹੀਂ ਸੀ, ਦਿਨ ਵਿੱਚ ਹੀ ਤਿਆਰੀ ਕਰਨੀ ਪੈਂਦੀ ਸੀ। ਦਿੱਲੀ ਜਾ ਕੇ ਇਮਤਿਹਾਨ ਦਿੱਤਾ, ਮੇਰਾ 19ਵਾਂ ਨੰਬਰ ਸੀ। ਸਿਰਫ਼ ਪਹਿਲੇ ਦਸ ਉਮੀਦਵਾਰਾਂ ਦੀ ਹੀ ਚੋਣ ਹੁੰਦੀ ਸੀ। ਇਹ ਮੇਰੇ ਲਈ ਚੁਣੌਤੀ ਸੀ। ਦਿਲ ਛੱਡਣ ਦੀ ਥਾਂ ਮੈਂ ਮੁੜ ਪੂਰੀ ਇਮਾਨਦਾਰੀ ਨਾਲ ਸਾਧਨਾ ਸ਼ੁਰੂ ਕੀਤੀ। ਇਸ ਵਾਰ ਨੌਵਾਂ ਨੰਬਰ ਸੀ ਤੇ ਮੇਰੀ ਚੋਣ ਹੋ ਗਈ। ਜਦੋਂ ਪਿੰਡ ਪਹੁੰਚਿਆ ਤਾਂ ਉਹ ਪਿੰਡ ਵਾਸੀ ਜਿਹੜੇ ਮੇਰੇ ਨਾਲ ਹਮਦਰਦੀ ਕਰਦੇ ਸਨ, ਸਾਰੇ ਹੀ ਫੁੱਲਾਂ ਦੇ ਹਾਰ ਲੈ ਕੇ ਬੈਂਡ ਵਾਜੇ ਨਾਲ ਪਿੰਡ ਦੇ ਵਸੀਮੇ ਉੱਤੇ ਮੇਰੇ ਸਵਾਗਤ ਲਈ ਖੜ੍ਹੇ ਸਨ। ਆਪਣੇ ਦ੍ਰਿੜ੍ਹ ਇਰਾਦੇ ਅਤੇ ਸਾਧਨਾ ਨਾਲ ਡੀ ਸੀ ਬਣਨ ਦਾ ਮੇਰਾ ਸੁਪਨਾ ਪੂਰਾ ਹੋ ਗਿਆ। ਹੁਣ ਸਾਡੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਦਾ ਨਿਸ਼ਾਨਾ ਮਿੱਥਣ, ਭਾਵ ਉਹ ਕੀ ਕਰਨਾ ਜਾਂ ਬਣਨਾ ਚਾਹੁੰਦੇ ਹਨ। ਉਹ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਕਿ ਆਪਣੇ ਨਿਸ਼ਾਨੇ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ। ਫਿਰ ਪੂਰੀ ਇਮਾਨਦਾਰੀ ਨਾਲ ਇਸ ਪ੍ਰਾਪਤੀ ਲਈ ਸਾਧਨਾ ਕਰਨ। ਮੈਂ ਮਿਹਨਤ ਨਹੀਂ, ਸਾਧਨਾ ਆਖਿਆ ਕਿਉਂਕਿ ਪੂਰੀ ਇਕਾਗਰਤਾ ਨਾਲ ਕੀਤੀ ਮਿਹਨਤ ਹੀ ਮੰਜ਼ਿਲ ਉੱਤੇ ਪਹੁੰਚਾਉਂਦੀ ਹੈ। ਪ੍ਰਾਪਤੀ ਦੀ ਵਰਤੋਂ ਆਪਣੀ ਭਲਾਈ ਲਈ ਨਹੀਂ ਸਗੋਂ ਇਮਾਨਦਾਰੀ ਨਾਲ ਲੋਕ ਭਲਾਈ ਲਈ ਕਰਨੀ ਚਾਹੀਦੀ ਹੈ। ਪੈਸੇ ਨਾਲ ਸੁਖ ਦੇ ਸਾਧਨ ਤਾਂ ਮਿਲ ਸਕਦੇ ਹਨ ਪਰ ਆਨੰਦ ਦੀ ਪ੍ਰਾਪਤੀ ਤਾਂ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਨਾਲ ਹੀ ਹੁੰਦੀ ਹੈ।''
ਅਜਿਹੇ ਸਨ ਡਾਕਟਰ ਮਹਿੰਦਰ ਸਿੰਘ ਰੰਧਾਵਾ। ਉਨ੍ਹਾਂ ਦੇ ਆਖੇ ਇਹ ਸ਼ਬਦ ਉਨ੍ਹਾਂ ਦੀ ਸ਼ਖ਼ਸੀਅਤ ਦੀ ਮੂੰਹ ਬੋਲਦੀ ਤਸਵੀਰ ਹਨ।
