Dailyhunt Logo
  • Light mode
    Follow system
    Dark mode
    • Play Story
    • App Story

ਡੇਅਰੀ ਮਾਲਕਾਂ ਨੇ ਹੰਬੜਾ ਰੋਡ 'ਤੇ ਗੋਹਾ ਸੁੱਟ ਕੇ ਆਵਾਜਾਈ ਰੋਕੀ

ਗਗਨਦੀਪ ਅਰੋੜਾ ਇੱਥੇ ਹੰਬੜਾ ਰੋਡ ਸਥਿਤ ਡੇਅਰੀ ਕੰਪਲੈਕਸ ਵਿੱਚ ਲੰਮੇ ਸਮੇਂ ਤੋਂ ਸੀਵਰੇਜ ਜਾਮ ਅਤੇ ਗੋਹੇ ਦੇ ਢੇਰਾਂ ਤੋਂ ਪ੍ਰੇਸ਼ਾਨ ਡੇਅਰੀ ਮਾਲਕਾਂ ਨੇ ਅੱਜ ਗੁੱਸੇ ਵਿੱਚ ਹੰਬੜਾ ਰੋਡ ਜਾਮ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਸੜਕ 'ਤੇ ਗੋਹਾ ਸੁੱਟ ਕੇ ਆਵਾਜਾਈ ਰੋਕ ਦਿੱਤੀ। ਦੂਜੇ ਪਾਸੇ ਜਾਮ ਲੱਗਣ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲੀਸ ਫੋਰਸ ਮੌਕੇ 'ਤੇ ਪਹੁੰਚੀ ਤੇ ਵਾਹਨ ਚਾਲਕਾਂ ਲਈ ਬਦਲਵੇਂ ਰਸਤਿਆਂ ਦਾ ਪ੍ਰਬੰਧ ਕੀਤਾ ਗਿਆ।

ਜਾਣਕਾਰੀ ਅਨੁਸਾਰ ਡੇਅਰੀ ਮਾਲਕਾਂ ਨੇ ਸੜਕ ਦੇ ਇੱਕ ਹਿੱਸੇ 'ਤੇ ਧਰਨਾ ਲਿਆ, ਜਦੋਂ ਕਿ ਦੂਜੇ ਪਾਸੇ ਗੋਹਾ ਸੁੱਟਣ ਮਗਰੋਂ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰ ਕੇ ਆਵਾਜਾਈ ਰੋਕ ਦਿੱਤੀ। ਸਵੇਰੇ ਲਗਪਗ 10 ਵਜੇ ਸ਼ੁਰੂ ਹੋਇਆ ਇਹ ਧਰਨਾ ਦੁਪਹਿਰ 12 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਮੌਕੇ 'ਤੇ ਪਹੁੰਚ ਕੇ ਡੇਅਰੀ ਮਾਲਕਾਂ ਨੂੰ ਜਲਦ ਹੀ ਸਮੱਸਿਆ ਦੇ ਸਥਾਈ ਹੱਲ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਜਾਮ ਖੋਲ੍ਹਿਆ ਗਿਆ। ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਪ੍ਰਸ਼ਾਸਨਿਕ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੂਰਾ ਡੇਅਰੀ ਕੰਪਲੈਕਸ ਨਰਕ ਦੀ ਮਾਰ ਝੱਲ ਰਿਹਾ ਹੈ। ਹਰ ਪਾਸੇ ਗੋਹਾ ਖਿੱਲਰਿਆ ਪਿਆ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਬਿਲਕੁਲ ਬੰਦ ਹੈ।
ਇਸ ਤੋਂ ਪਹਿਲਾਂ ਵੀ ਜਦੋਂ ਡੇਅਰੀ ਵਾਲਿਆਂ ਨੇ ਅੰਦੋਲਨ ਦੀ ਚਿਤਾਵਨੀ ਦਿੱਤੀ ਸੀ ਤਾਂ ਨਿਗਮ ਕਮਿਸ਼ਨਰ ਅਤੇ ਡੀ ਸੀ ਨੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਜੋ ਹੁਣ ਸਿਰਫ਼ ਖ਼ਾਨਾਪੂਰਤੀ ਹੀ ਸਾਬਤ ਹੋਇਆ।

ਗੰਦੇ ਪਾਣੀ ਕਾਰਨ ਪਸ਼ੂਆਂ ਦੀ ਮੌਤ
ਡੇਅਰੀ ਮਾਲਕਾਂ ਨੇ ਦੱਸਿਆ ਕਿ ਨਿਕਾਸੀ ਨਾ ਹੋਣ ਕਾਰਨ ਡੇਅਰੀਆਂ ਦਾ ਗੰਦਾ ਪਾਣੀ ਸੜਕਾਂ 'ਤੇ ਜਮ੍ਹਾਂ ਹੋ ਜਾਂਦਾ ਹੈ। ਹਾਲਾਤ ਇੰਨੇ ਬਦਤਰ ਹਨ ਕਿ ਖ਼ੁਦ ਡੇਅਰੀ ਮਾਲਕਾਂ ਦਾ ਆਪਣੀਆਂ ਡੇਅਰੀਆਂ ਤੱਕ ਪਹੁੰਚਣਾ ਮੁਸ਼ਕਲ ਹੋ ਰੱਖਿਆ ਹੈ। ਪਸ਼ੂ ਕਈ-ਕਈ ਦਿਨਾਂ ਤੱਕ ਗੰਦੇ ਪਾਣੀ ਵਿੱਚ ਖੜ੍ਹੇ ਰਹਿੰਦੇ ਹਨ। ਗੰਦਗੀ ਅਤੇ ਇਨਫੈਕਸ਼ਨ ਕਾਰਨ ਕਈ ਦੁਧਾਰੂ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ, ਜਿਸ ਨਾਲ ਡੇਅਰੀ ਸੰਚਾਲਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune