Dailyhunt Logo
  • Light mode
    Follow system
    Dark mode
    • Play Story
    • App Story

Delhi Chowk Renamed 2026: 'ਅਸ਼ਵਨੀ ਚੋਪੜਾ (ਮਿੰਨਾ)' ਚੌਕ ਦੇ ਨਾਂ ਨਾਲ ਜਾਣਿਆ ਜਾਵੇਗਾ ਦਿੱਲੀ ਦਾ ਮਸ਼ਹੂਰ ਬ੍ਰਿਟੇਨੀਆ ਚੌਕ

ਉੱਤਰੀ ਭਾਰਤ ਦੇ ਲੱਖਾਂ ਪਾਠਕਾਂ ਲਈ 'ਪੰਜਾਬ ਕੇਸਰੀ' ਦੀ ਪਛਾਣ ਰਹੇ ਮਰਹੂਮ ਸੀਨੀਅਰ ਪੱਤਰਕਾਰ ਅਤੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਕੁਮਾਰ ਚੋਪੜਾ (ਜਿਨ੍ਹਾਂ ਨੂੰ ਦੇਸ਼ ਭਰ ਵਿੱਚ 'ਅਸ਼ਵਨੀ ਮਿੰਨਾ' ਵਜੋਂ ਜਾਣਿਆ ਜਾਂਦਾ ਸੀ) ਨੂੰ ਸਨਮਾਨ ਦੇਣ ਲਈ ਦਿੱਲੀ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲਿਆ ਹੈ। ਦਿੱਲੀ ਦੇ ਸਭ ਤੋਂ ਮਸ਼ਹੂਰ ਚੌਕਾਂ ਵਿੱਚੋਂ ਇੱਕ, ਉੱਤਰ-ਪੱਛਮੀ ਦਿੱਲੀ ਦੇ ਸ਼ਕੂਰਪੁਰ ਸਥਿਤ 'ਬ੍ਰਿਟੇਨੀਆ ਚੌਕ' ਦਾ ਨਾਂ ਬਦਲ ਕੇ ਹੁਣ 'ਅਸ਼ਵਨੀ ਚੋਪੜਾ (ਮਿੰਨਾ) ਚੌਕ' ਰੱਖ ਦਿੱਤਾ ਗਿਆ ਹੈ।

ਦਿੱਲੀ ਸਰਕਾਰ ਦਾ ਇਹ ਕਦਮ ਇੱਥੋਂ ਦੇ ਵੱਡੇ ਪੰਜਾਬੀ ਭਾਈਚਾਰੇ ਅਤੇ 'ਹਿੰਦ ਸਮਾਚਾਰ ਗਰੁੱਪ' ਦੀ ਵਿਰਾਸਤ ਨਾਲ ਜੁੜੇ ਲੋਕਾਂ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਅਸ਼ਵਨੀ ਮਿੰਨਾ ਉਸ ਦਲੇਰ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਿਸ ਨੇ ਪੰਜਾਬ ਦੇ ਕਾਲੇ ਦੌਰ (ਅਤਿਵਾਦ ਦੇ ਸਮੇਂ) ਦੌਰਾਨ ਕੱਟੜਪੰਥ ਖ਼ਿਲਾਫ਼ ਨਿਡਰਤਾ ਨਾਲ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦੇ ਦਾਦਾ ਲਾਲਾ ਜਗਤ ਨਾਰਾਇਣ ਅਤੇ ਪਿਤਾ ਰਮੇਸ਼ ਚੰਦਰ, ਦੋਵਾਂ ਨੇ ਹੀ ਅਤਿਵਾਦ ਖ਼ਿਲਾਫ਼ ਲਿਖਣ ਕਾਰਨ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ, ਜਿਸ ਕਾਰਨ 'ਪੰਜਾਬ ਕੇਸਰੀ' ਨੂੰ 'ਬਹਾਦਰ ਪੱਤਰਕਾਰਾਂ ਦਾ ਅਖ਼ਬਾਰ' ਕਿਹਾ ਜਾਂਦਾ ਹੈ।

ਕ੍ਰਿਕਟ ਦੇ ਮੈਦਾਨ ਤੋਂ ਸਿਆਸਤ ਦੇ ਗਲਿਆਰਿਆਂ ਤੱਕ

ਪੱਤਰਕਾਰੀ ਵਿੱਚ ਆਉਣ ਤੋਂ ਪਹਿਲਾਂ ਅਸ਼ਵਨੀ ਮਿੰਨਾ ਇੱਕ ਹੋਣਹਾਰ ਕ੍ਰਿਕਟ ਖਿਡਾਰੀ ਸਨ। ਇੱਕ ਮਾਹਰ ਲੈੱਗ-ਸਪਿਨਰ ਵਜੋਂ ਉਨ੍ਹਾਂ ਨੇ 1975 ਤੋਂ 1980 ਦਰਮਿਆਨ ਘਰੇਲੂ ਕ੍ਰਿਕਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਰਣਜੀ ਟਰਾਫੀ ਖੇਡੀ ਅਤੇ 'ਇਰਾਨੀ ਕੱਪ' ਵਿੱਚ 'ਰੈਸਟ ਆਫ਼ ਇੰਡੀਆ' ਟੀਮ ਦਾ ਹਿੱਸਾ ਵੀ ਰਹੇ। ਉਨ੍ਹਾਂ ਦੇ ਕ੍ਰਿਕਟ ਕਰੀਅਰ ਦਾ ਸਭ ਤੋਂ ਯਾਦਗਾਰ ਪਲ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦੀ ਵਿਕਟ ਲੈਣਾ ਸੀ।

ਬਾਅਦ ਵਿੱਚ, ਉਨ੍ਹਾਂ ਨੇ ਖੇਡ ਮੈਦਾਨ ਛੱਡ ਕੇ ਆਪਣੇ ਪਰਿਵਾਰਕ ਅਖ਼ਬਾਰ ਦੀ ਕਮਾਨ ਸੰਭਾਲੀ। 'ਪੰਜਾਬ ਕੇਸਰੀ' ਦੇ ਮੁੱਖ ਸੰਪਾਦਕ ਵਜੋਂ ਉਨ੍ਹਾਂ ਦੇ ਪਹਿਲੇ ਪੰਨੇ 'ਤੇ ਛਪਣ ਵਾਲੇ ਸੰਪਾਦਕੀ ਲੇਖ ਪੂਰੇ ਉੱਤਰੀ ਭਾਰਤ ਵਿੱਚ ਬੇਹੱਦ ਪ੍ਰਭਾਵਸ਼ਾਲੀ ਮੰਨੇ ਜਾਂਦੇ ਸਨ। ਸਾਲ 2014 ਵਿੱਚ ਉਨ੍ਹਾਂ ਨੇ ਸਿਆਸਤ ਵਿੱਚ ਕਦਮ ਰੱਖਿਆ ਅਤੇ ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਸੰਸਦ ਮੈਂਬਰ ਚੁਣੇ ਗਏ। ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਲੜਦਿਆਂ 18 ਜਨਵਰੀ 2020 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਦਿੱਲੀ ਦੀਆਂ ਕਈ ਹੋਰ ਥਾਵਾਂ ਦੇ ਨਾਂ ਵੀ ਬਦਲੇ

ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ 'ਸਟੇਟ ਨੇਮਜ਼ ਅਥਾਰਟੀ' (State Names Authority) ਦੀ ਬੈਠਕ ਵਿੱਚ ਇਸ ਨਾਮਕਰਨ ਨੂੰ ਮਨਜ਼ੂਰੀ ਦਿੱਤੀ ਗਈ। ਇਸ ਦੇ ਨਾਲ ਹੀ ਦਿੱਲੀ ਦੇ ਕਈ ਹੋਰ ਜਨਤਕ ਅਦਾਰਿਆਂ ਅਤੇ ਮੈਟਰੋ ਸਟੇਸ਼ਨਾਂ ਦੇ ਨਾਂ ਬਦਲਣ ਦਾ ਫ਼ੈਸਲਾ ਵੀ ਲਿਆ ਗਿਆ ਹੈ:

  • ਰੋਹਿਣੀ ਵੈਸਟ ਮੈਟਰੋ ਸਟੇਸ਼ਨ ਦਾ ਨਾਂ ਹੁਣ 'ਡਾ. ਬਾਬਾ ਸਾਹਿਬ ਅੰਬੇਡਕਰ ਹਸਪਤਾਲ ਮੈਟਰੋ ਸਟੇਸ਼ਨ' ਹੋਵੇਗਾ।
  • ਰੋਹਿਣੀ ਈਸਟ ਮੈਟਰੋ ਸਟੇਸ਼ਨ ਦਾ ਨਾਂ ਬਦਲ ਕੇ 'ਰੋਹਿਣੀ ਮੈਟਰੋ ਸਟੇਸ਼ਨ' ਕੀਤਾ ਗਿਆ ਹੈ।
  • ਬੇਗਮਪੁਰ (ਰੋਹਿਣੀ) ਵਿੱਚ ਬਣ ਰਹੇ ਨਵੇਂ ਸਪੋਰਟਸ ਕੰਪਲੈਕਸ ਦਾ ਨਾਂ 'ਅਟਲ ਖੇਡ ਪਰਿਸਰ' ਰੱਖਿਆ ਗਿਆ ਹੈ।
  • ਦਵਾਰਕਾ ਮੈਟਰੋ ਸਟੇਸ਼ਨ ਦਾ ਨਾਂ ਹੁਣ 'ਦਵਾਰਕਾ-ਕਾਕਰੋਲਾ ਮੈਟਰੋ ਸਟੇਸ਼ਨ' ਹੋਵੇਗਾ।

ਜਵਾਲਾਪੁਰੀ ਵਿਖੇ ਨਿਰਮਾਣ ਅਧੀਨ ਹਸਪਤਾਲ ਦਾ ਨਾਂ 'ਬਾਬਾ ਰਾਮਦੇਵ ਜੀ ਮਹਾਰਾਜ ਹਸਪਤਾਲ' ਰੱਖਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਸਰਕਾਰੀ ਅਧਿਕਾਰੀਆਂ ਅਨੁਸਾਰ, ਇਨ੍ਹਾਂ ਤਬਦੀਲੀਆਂ ਦਾ ਮੁੱਖ ਮਕਸਦ ਦਿੱਲੀ ਦੀ ਇਤਿਹਾਸਕ ਤੇ ਸੱਭਿਆਚਾਰਕ ਪਛਾਣ ਨੂੰ ਬਰਕਰਾਰ ਰੱਖਦਿਆਂ, ਦੇਸ਼ ਅਤੇ ਸਮਾਜ ਲਈ ਵੱਡਾ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਤਿਕਾਰ ਦੇਣਾ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune