ਦਿੱਲੀ ਵਿੱਚ ਲੰਘੀ ਸ਼ਾਮ ਪਏ ਮੀਂਹ ਕਾਰਨ ਲੋਕਾਂ ਨੂੰ ਅੱਜ ਸਵੇਰੇ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਅਤੇ ਘੱਟੋ-ਘੱਟ ਤਾਪਮਾਨ ਇੱਕ ਦਿਨ ਪਹਿਲਾਂ ਦਰਜ ਕੀਤੇ ਗਏ 28.4 ਡਿਗਰੀ ਸੈਲਸੀਅਸ ਤੋਂ ਘੱਟ ਕੇ 25.3 ਡਿਗਰੀ ਸੈਲਸੀਅਸ ਰਹਿ ਗਿਆ ਹੈ। ਮੌਸਮ ਨਾਲ ਸਬੰਧਤ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਅੱਜ ਲਈ 'ਔਰੇਂਜ ਅਲਰਟ' ਜਾਰੀ ਕੀਤਾ ਹੈ।
ਵਿਭਾਗ ਨੇ ਦੁਪਹਿਰ ਅਤੇ ਸ਼ਾਮ ਦੇ ਸਮੇਂ ਮੀਂਹ ਪੈਣ, ਬਿਜਲੀ ਚਮਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਨੇੜੇ ਰਹਿਣ ਦੀ ਉਮੀਦ ਹੈ। ਆਈ ਐੱਮ ਡੀ ਦੇ ਕੇਂਦਰਵਾਰ ਅੰਕੜਿਆਂ ਅਨੁਸਾਰ ਸ਼ਹਿਰ ਦੇ ਮੁੱਖ ਕੇਂਦਰ ਸਫਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 25.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 1.3 ਡਿਗਰੀ ਘੱਟ ਹੈ। ਪਾਲਮ ਵਿੱਚ ਘੱਟੋ-ਘੱਟ ਤਾਪਮਾਨ 24.1 ਡਿਗਰੀ ਸੈਲਸੀਅਸ, ਰਿੱਜ ਵਿੱਚ 24 ਡਿਗਰੀ ਸੈਲਸੀਅਸ ਅਤੇ ਆਯਾਨਗਰ ਵਿੱਚ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਤਾਪਮਾਨ ਆਮ ਨਾਲੋਂ ਲਗਪਗ ਦੋ ਡਿਗਰੀ ਸੈਲਸੀਅਸ ਘੱਟ ਹੈ। ਆਈ ਐੱਮ ਡੀ ਮੁਤਾਬਕ ਲੋਧੀ ਰੋਡ 'ਚ ਘੱਟੋ-ਘੱਟ ਤਾਪਮਾਨ 'ਚ ਕੋਈ ਖਾਸ ਬਦਲਾਅ ਨਹੀਂ ਆਇਆ ਅਤੇ ਇਹ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸ ਦੌਰਾਨ ਸ਼ੁੱਕਰਵਾਰ ਸਵੇਰੇ ਸਾਢੇ ਅੱਠ ਵਜੇ ਤੱਕ ਪਿਛਲੇ 24 ਘੰਟਿਆਂ ਦੌਰਾਨ ਸਫਦਰਜੰਗ ਵਿੱਚ 4 ਮਿਲੀਮੀਟਰ, ਪਾਲਮ ਵਿੱਚ 4.3 ਮਿਲੀਮੀਟਰ ਅਤੇ ਆਯਾਨਗਰ ਵਿੱਚ 3.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਲੋਧੀ ਰੋਡ ਵਿੱਚ ਨਾਮਮਾਤਰ (ਬਹੁਤ ਘੱਟ) ਮੀਂਹ ਪਿਆ ਜਦਕਿ ਰਿੱਜ 'ਚ ਇਸ ਸਮੇਂ ਦੌਰਾਨ ਕੋਈ ਮੀਂਹ ਦਰਜ ਨਹੀਂ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਦਿੱਲੀ ਦਾ ਹਵਾ ਗੁਣਵੱਤਾ ਸੂਚਕਅੰਕ (ਏ ਕਿਊ ਆਈ) 142 ਦਰਜ ਕੀਤਾ ਗਿਆ ਜੋ 'ਦਰਮਿਆਨੀ' ਸ਼੍ਰੇਣੀ ਵਿੱਚ ਆਉਂਦਾ ਹੈ।
